ਖਟਕੜ ਕਲਾਂ ਪੁੱਜੇ CM ਮਾਨ ਨੇੇ ਸ਼ਹੀਦ ਭਗਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ, ਕੀਤਾ ਵੱਡਾ ਐਲਾਨ

ਨਵਾਂਸ਼ਹਿਰ/ਖਟਕੜ ਕਲਾਂ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸ਼ਹੀਦ ਭਗਤ ਸਿੰਘ ਜੀ ਦੀ ਜੈਯੰਤੀ ਮੌਕੇ ਖਟਕੜ ਕਲਾਂ ਪੁੱਜੇ। ਇਥੇ ਰੱਖੇ ਗਏ ਸੂਬਾ ਪੱਧਰੀ ਸਮਾਗਮ ਦੌਰਾਨ ਉਨ੍ਹਾਂ ਸ਼ਹੀਦ ਭਗਤ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਭਗਵੰਤ ਮਾਨ ਨੇ ਅੰਗਰੇਜ਼ ਹਕੂਮਤ ਦੀਆਂ ਜੜ੍ਹਾਂ ਹਿਲਾ ਦੇਣ ਵਾਲੇ ਇਨਕਲਾਬੀ ਯੋਧੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੂੰ ਦਿਲੋਂ ਸਲਾਮ ਕੀਤਾ ਅਤੇ ਕਿਹਾ ਕਿ 23 ਸਾਲ ਦੀ ਉਮਰ ਵਿਚ ਸ਼ਹੀਦੀ ਪ੍ਰਾਪਤ ਕਰਨ ਵਾਲੇ ਭਗਤ ਸਿੰਘ ਜੀ ਦੇ ਖਿਆਲ ਵੱਡੇ ਸਨ, ਉਹ ਉਮਰਾਂ ਦੇ ਮੁਥਾਜ ਨਹੀਂ ਸਨ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਦੇ ਨਾਨਕਾ ਪਿੰਡ ਮੋਰਾਂਵਾਲੀ ਵਿਚ ਭਗਤ ਸਿੰਘ ਜੀ ਦੀ ਯਾਦਗਾਰ ਅਤੇ ਮਿਊਜ਼ੀਅਮ ਤੇ ਲਾਇਬ੍ਰੇਰੀ ਬਣਾਉਣ ਦਾ ਵੀ ਐਲਾਨ ਕੀਤਾ। ਆਉਣ ਵਾਲੇ ਦਿਨਾਂ ਵਿਚ ਭਗਤ ਸਿੰਘ ਦੇ ਨਾਨਕਾ ਪਿੰਡ ਨੂੰ ਵੀ ਲੋਕ ਵੇਖਣ ਜਾਇਆ ਕਰਨਗੇ।
ਉਨ੍ਹਾਂ ਕਿਹਾ ਕਿ ਮੈਂ ਜਿੰਨੀਆਂ ਵੀ ਭਗਤ ਸਿੰਘ ਦੀਆਂ ਦਿੱਤੀਆਂ ਕੁਰਬਾਨੀਆਂ ਦੀਆਂ ਕਿਤਾਬਾਂ ਪੜ੍ਹਦਾ ਹਾਂ ਹਮੇਸ਼ਾ ਨਾਲ ਇਕ ਰੁਮਾਲ ਰੱਖਦਾ ਹਾਂ ਕਿਉਂਕਿ ਉਨ੍ਹਾਂ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਦੀਆਂ ਕਿਤਾਬਾਂ ਪੜ੍ਹ ਅੱਖਾਂ ਵਿਚੋਂ ਹੰਝੂ ਆ ਜਾਂਦੇ ਹਨ। ਇਸ ਦੌਰਾਨ ਭਗਵੰਤ ਮਾਨ ਨੇ ਭਗਤ ਸਿੰਘ ਜੀ ਦੇ ਦਿੱਤੇ ਪੂਰਨਿਆਂ ‘ਤੇ ਚੱਲਣ ਦੀ ਅਪੀਲ ਵੀ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਅੱਜ ਮੈਂ ਕਿਸੇ ਦੀ ਨਿੰਦਿਆ ਨਹੀਂ ਕਰਨੀ ਸਗੋਂ ਆਉਣ ਵਾਲੇ ਸਮੇਂ ਦੀ ਗੱਲ ਕਰਨੀ ਹੈ। ਉਨ੍ਹਾਂ ਕਿਹਾ ਕਿ ਅਸੀਂ ਨੀਅਤ ਦੇ ਖੋਟੇ ਨਹੀਂ ਹਾਂ, ਅਸੀਂ ਕੋਈ ਪੈਸੇ ਕਮਾਉਣ ਲਈ ਨਹੀਂ ਆਏ।
ਮੈਂ ਇਸੇ ਧਰਤੀ ਤੋਂ ਹੀ 26 ਮਾਰਚ 2022 ਨੂੰ ਮੁੱਖ ਮੰਤਰੀ ਦੀ ਸਹੁੰ ਚੁੱਕਣ ਮੌਕੇ ਕਹਿ ਕੇ ਗਿਆ ਸੀ ਕਿ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਡੇ ਕਦਮਾਂ ‘ਤੇ ਚੱਲ ਸਕੀਏ। ਸਾਡੇ ਕੋਲ ਸਾਡੇ ਗੁਰੂਆਂ, ਪੀਰਾਂ-ਫਕੀਰਾਂ ਦਾ ਖ਼ਜ਼ਾਨਾ ਪਿਆ ਹੈ। ਪੰਜਾਬ ਦੀ ਧਰਤੀ ਬੇਹੱਦ ਬਰਕਤ ਵਾਲੀ ਹੈ। ਉਨ੍ਹਾਂ ਕਿਹਾ ਕਿ ਉਹ ਤਾਂ ਉਦਯੋਗਪਤੀਆਂ ਨੂੰ ਵੀ ਕਹਿੰਦੇ ਹਨ ਕਿ ਜਿਹੜਾ ਵੀ ਪੰਜਾਬ ਦੀ ਧਰਤੀ ‘ਤੇ ਫੈਕਟਰੀ ਲਾਉਂਦਾ ਹੈ, ਉਥੇ ਬਰਕਤ ਹੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਆਪਣਾ ਪਰਿਵਾਰ ਹੈ ਅਤੇ ਇਸ ਨੂੰ ਹੀ ਹੱਸਦਾ-ਖੇਡਦਾ ਹੋਇਆ ਅਸੀਂ ਪਰਿਵਾਰ ਬਣਾਉਣਾ ਹੈ। ਇਸੇ ਧਰਤੀ ਨੂੰ ਅਸੀਂ ਖੇਤੀ, ਵਪਾਰ, ਨੌਕਰੀ, ਇਮਾਨਦਾਰੀ ਵਿਚ ਨੰਬਰ-1 ਬਣਾਉਣਾ ਹੈ।