ਨਵੀਂ ਦਿੱਲੀ – ਹਾਰਦਿਕ ਪੰਡਯਾ ਇੱਕ ਬਹੁਤ ਸਾਦੇ ਪਰਿਵਾਰ ਤੋਂ ਸੀ, ਅਤੇ ਅੱਜ ਉਹ ਕਰੋੜਪਤੀ ਹੈ। ਜਦੋਂ ਪੰਡਯਾ ਦੇ ਘਰ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ ਤਾਂ ਅਜਿਹੇ ਵਿੱਚ ਉਹ 300 ਰੁਪਏ ਲਈ ਗੁਜਰਾਤ ‘ਚ ਪਿੰਡ-ਪਿੰਡ ਜਾ ਕੇ ਕ੍ਰਿਕਟ ਖੇਡਿਆ ਕਰਦਾ ਸੀ। ਹਾਰਦਿਕ ਪੰਡਯਾ ਦਾ ਜਨਮ 11 ਅਕਤੂਬਰ 1993 ‘ਚ ਹੋਇਆ ਸੀ। ਟੀਮ ਇੰਡੀਆ ਦਾ ਆਲਰਾਊਂਡਰ ਹਾਰਦਿਕ ਮੁੰਬਈ ਇੰਡੀਅਨਜ਼ ਲਈ ਖੇਡਦਾ ਹੈ।
ਕਰੁਨਾਲ ਪੰਡਯਾ
ਕਰੁਨਾਲ ਪੰਡਯਾ ਇੰਟਰਨੈਸ਼ਨਲ ਕ੍ਰਿਕਟਰ ਹਾਰਦਿਕ ਪੰਡਯਾ ਦਾ ਭਰਾ ਹੈ। IPL ‘ਚ ਆਉਣ ਤੋਂ ਪਹਿਲਾਂ ਉਹ ਦੋਹੇਂ ਭਰਾ ਇੱਕ ਬਹੁਤ ਹੀ ਗ਼ਰੀਬ ਪਰਿਵਾਰ ਦਾ ਹਿੱਸਾ ਸਨ। ਕਰੁਨਾਲ ਵੀ ਆਪਣੇ ਭਰਾ ਵਾਂਗ ਇੱਕ ਆਲਰਾਊਂਡਰ ਹੈ ਅਤੇ ਮੁੰਬਈ ਇੰਡੀਅਨਜ਼ ਲਈ ਖੇਡਦਾ ਹੈ। ਕਰੁਨਾਲ ਪੰਡਯਾ ਖੱਬੇ ਹੱਥ ਨਾਲ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਕਰਦਾ ਹੈ। ਦੋਹੇਂ ਪੰਡਯਾ ਭਰਾ IPL ‘ਚ ਧਮਾਕੇਦਾਰ ਪਾਰੀ ਖੇਡਦੇ ਹਨ। ਆਪਣੇ ਟੈਲੈਂਟ ਦੇ ਚੱਲਦੇ ਅੱਜ ਇਹ ਕ੍ਰਿਕਟਰ ਕਰੋੜਾਂ ‘ਚ ਖੇਡੇਦੇ ਹਨ।
ਧੰਗਰਾਸੂ ਨਟਰਾਜ
ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਧੰਗਰਾਸੂ ਨਟਰਾਜਨ ਕਿੰਗਜ਼ ਇਲੈਵਨ ਪੰਜਾਬ ਵਲੋਂ ਪਹਿਲੀ ਵਾਰ IPL ‘ਚ ਸ਼ਾਮਿਲ ਹੋਇਆ ਸੀ। ਉਦੋਂ ਉਸ ਦੀ ਬੋਲੀ ਤਿੰਨ ਕਰੋੜ ‘ਚ ਲੱਗੀ ਸੀ। ਨਟਰਾਜਨ ਦੇ ਪਿਤਾ ਇੱਕ ਸਾੜੀ ਦੀ ਫ਼ੈਕਟਰੀ ‘ਚ ਕੰਮ ਕਰਨ ਵਾਲੇ ਛੋਟੇ ਜਿਹੇ ਕਰਮਚਾਰੀ ਹਨ ਅਤੇ ਮਾਂ ਸੜਕ ਕਿਨਾਰੇ ਛੋਟੀ ਜਹੀ ਦੁਕਾਨ ਲਗਾਉਂਦੀ ਸੀ। 20 ਸਾਲ ਦੀ ਉਮਰ ਤਕ ਨਟਰਾਜਨ ਨੇ ਸਿਰਫ਼ ਟੈਨਿਸ ਬਾਲ ਨਾਲ ਹੀ ਕ੍ਰਿਕਟ ਖੇਡਿਆ, ਅਤੇ ਉਸ ਨੇ ਕਦੀ ਕ੍ਰਿਕਟ ਗਰਾਊਂਡ ਵੀ ਨਹੀਂ ਸੀ ਦੇਖੀ।
ਚੇਨਈ ਆ ਕੇ 2010-11 ‘ਚ ਨਟਰਾਜਨ ਨੇ ਪਹਿਲੀ ਵਾਰ TNCA ਲੀਗ ਲਈ ਖੇਡਿਆ। ਫ਼ਿਰ ਸਾਲ 2012-13 ‘ਚ ਨਟਰਾਜਨ ਨੇ ਲੋਕਪ੍ਰਿਯ ਕਲੱਬ ਜੋਲੀ ਰੋਵਰਜ਼ ਲਈ ਖੇਡਿਆ ਜਿੱਥੋਂ ਆਰ. ਅਸ਼ਵਿਨ ਅਤੇ ਮੁਰਲੀ ਵਿਜੇ ਵਰਗੇ ਦਿੱਗਜ ਕ੍ਰਿਕਟਰ ਨਿਕਲੇ ਹਨ, ਪਰ ਉਸ ਲਈ ਸਭ ਤੋਂ ਵੱਡਾ ਬਦਲਾਅ ਪਿਛਲੇ ਸਾਲ ਆਇਆ ਜਦੋਂ ਸ਼ੁਰੂਆਤੀ ਤਾਮਿਲਨਾਡੂ ਪ੍ਰੀਮੀਅਰ ਲੀਗ ‘ਚ ਡਿੰਡੀਗਲ ਡੈਗਨਜ਼ ਲਈ ਉਸ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਜਿਸ ਨਾਲ ਉਹ IPL ਅਧਿਕਾਰੀਆਂ ਦੀਆਂ ਨਜ਼ਰਾਂ ‘ਚ ਆਇਆ।
ਮੁਹੰਮਦ ਸਿਰਾਜ
ਮੁਹੰਮਦ ਸਿਰਾਜ ਦੇ ਪਿਤਾ ਇੱਕ ਆਟੋ ਡ੍ਰਾਈਵਰ ਹਨ, ਪਰ ਉਸ ਦੇ IPL ‘ਚ ਸਿਲੈਕਸ਼ਨ ਤੋਂ ਬਾਅਦ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ। ਸਿਰਾਜ IPL ‘ਚ ਰੌਇਲ ਚੈਲੇਜ਼ਰਸ ਵਲੋਂ ਖੇਡਦਾ ਹੈ। ਖੱਬੇ ਹੱਥ ਨਾਲ ਗੇਂਦਬਾਜ਼ੀ ਕਰਨ ਵਾਲਾ ਸਿਰਾਜ ਬਿਹਤਰੀਨ ਬਾਲਰ ਹੈ। 4 ਨਵੰਬਰ 2017 ਨੂੰ ਪਹਿਲੀ ਵਾਰ ਉਸ ਨੇ ਟੀ-20 ‘ਚ ਡੈਬਿਊ ਕੀਤਾ ਸੀ। ਆਪਣੇ ਪਹਿਲੇ ਸੀਜ਼ਨ ‘ਚ ਛੇ ਮੈਚਾਂ ‘ਚ 10 ਵਿਕਟਾਂ ਝਟਕਾ ਕੇ ਉਹ ਚਰਚਾ ‘ਚ ਆ ਗਿਆ ਸੀ।
ਸਿਰਾਜ ਇੱਕ ਫ਼ਾਸਟ ਬਾਲਰ ਹੈ। ਸਿਰਾਜ ਦੀ ਆਰਥਿਕ ਸਥਿਤੀ ਕਾਫ਼ੀ ਕਮਜ਼ੋਰ ਸੀ ਜਿਸ ਦੀ ਵਜ੍ਹਾ ਨਾਲ ਉਹ ਹੋਰ ਬਿਹਤਰ ਬਣਨ ਲਈ ਕਦੀ ਵੀ ਕ੍ਰਿਕਟ ਕੋਚਿੰਗ ਅਕੈਡਮੀ ਨਹੀਂ ਗਿਆ। ਸਿਰਾਜ ਦੇ ਕਰੀਅਰ ਦੀ ਜੇਕਰ ਗੱਲ ਕਰੀਏ ਤਾਂ ਸਾਲ 2015 ‘ਚ ਉਸ ਨੇ ਰਣਜੀ ਟ੍ਰੌਫ਼ੀ ‘ਚ ਸ਼ਾਨਦਾਰ ਡੈਬਿਊ ਕੀਤਾ ਜਿਸ ‘ਚ ਉਨ੍ਹਾਂ ਨੇ ਨੌਂ ਮੈਚਾਂ ‘ਚ ਬਿਹਤਰੀਨ 41 ਵਿਕਟਾਂ ਲੈ ਕੇ ਸੁਰਖ਼ੀਆਂ ਨੂੰ ਆਪਣੇ ਵੱਲ ਮੋੜ ਲਿਆ। ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਵਜ੍ਹਾ ਨਾਲ ਮੁਹੰਮਦ ਸਿਰਾਜ ਜਲਦ ਹੀ ਲੋਕਾਂ ਦੀਆਂ ਨਜ਼ਰਾਂ ‘ਚ ਆ ਗਿਆ, ਅਤੇ ਫ਼ਿਰ ਚੋਣਕਰਤਾਵਾਂ ਨੇ ਵੀ ਉਸ ਨੂੰ ਇਰਾਨੀ ਕੱਪ ‘ਚ ਸ਼ਾਮਿਲ ਕੀਤਾ।
ਨਾਥੂ ਭਾਰਤ ਸਿੰਘ
ਨਾਥੂ ਸਿੰਘ ਦਾ ਪੂਰਾ ਨਾਂ ਨਾਥੂ ਭਾਰਤ ਸਿੰਘ ਹੈ। 8 ਦਸੰਬਰ 1995 ਨੂੰ ਜਨਮਿਆ ਨਾਥੂ ਗੁਜਰਾਤ ਲੌਇਨਜ਼ ਵਲੋਂ ਖੇਡਦਾ ਹੈ ਅਤੇ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਹੈ। ਤੁਹਾਨੂੰ ਦੱਸ ਦਈਏ ਕਿ ਨਾਥੂ ਦੇ ਪਿਤਾ ਭਰਤ ਸਿੰਘ ਵਾਇਰ ਫ਼ੈਕਟਰੀ ‘ਚ ਮਜ਼ਦੂਰੀ ਕਰਦੇ ਸਨ ਅਤੇ ਸੱਤ ਹਜ਼ਾਰ ਰੁਪਏ ਮਹੀਨਾ ਦੀ ਤਨਖ਼ਾਹ ਲੈਂਦੇ ਸਨ। ਭਰਤ ਪਹਿਲਾਂ ਖੇਤੀ ਕਰਦਾ ਸੀ, ਪਰ ਜਦੋਂ ਖ਼ਰਚ ਵਧਿਆ ਤਾਂ ਫ਼੍ਰੈਕਟਰੀ ‘ਚ ਨੌਕਰੀ ਕਰਨ ਲੱਗਾ। ਉਹ ਟਿਨ ਸ਼ੈੱਡ ਨਾਲ ਬਣੇ ਦੋ ਕਮਰਿਆਂ ਦੇ ਘਰ ‘ਚ ਆਪਣੀ ਜ਼ਿੰਦਗੀ ਜੀਅ ਰਿਹਾ ਸੀ।
ਗਲੀ ਕ੍ਰਿਕਟ ਖੇਡਦੇ ਹੋਏ ਕਿਸੇ ਨੇ ਕਿਹਾ ਕਿ ਨਾਥੂ ਬਹੁਤ ਤੇਜ਼ ਗੇਂਦ ਸੁੱਟਦਾ ਹੈ, ਉਸ ਨੂੰ ਕ੍ਰਿਕਟ ਸਿੱਖਣਾ ਚਾਹੀਦਾ ਹੈ। ਬੱਸ ਇਸ ਤੋਂ ਬਾਅਦ ਖ਼ੁਦ ਜ਼ਿਆਦਾ ਕ੍ਰਿਕਟ ਨਾ ਸਮਝਣ ਵਾਲੇ ਭਰਤ ਸਿੰਘ ਨੇ ਬੇਟੇ ਦੇ ਟੈਲੈਂਟ ਨੂੰ ਸਮਝਦੇ ਹੋਏ ਉਸ ਨੂੰ ਅੱਗੇ ਵਧਾਇਆ। ਇਹ ਤੇਜ਼ ਗੇਂਦਬਾਜ਼ 140 ਤੋਂ 145 ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰਦਾ ਹੈ। ਨਾਥੂ ਦੀ ਗੇਂਦਬਾਜ਼ੀ ਦੀ ਖ਼ਾਸੀਅਤ ਇਹ ਹੈ ਕਿ ਉਹ ਆਰਮ ਰੋਟੇਸ਼ਨ ਅਤੇ ਸਪੀਡ ਨਾਲ ਮੋਢੇ ਨੂੰ ਘੁਮਾ ਕੇ ਤੇਜ਼ੀ ਨਾਲ ਗੇਂਦ ਸੁੱਟਦਾ ਹੈ।












