ਨਵੀਂ ਦਿੱਲੀ – ਰਵੀਚੰਦਰਨ ਅਸ਼ਵਿਨ ਦੀ ਸੱਟ ਨੇ ਪਰਥ ਟੈੱਸਟ ਲਈ ਭਾਰਤੀ ਟੀਮ ਦੇ ਗੇਂਦਬਾਜ਼ੀ ਵਿਭਾਗ ਦੀ ਕਮਜ਼ੋਰੀ ਉਘਾੜ ਦਿੱਤੀ ਹੈ। ਕਪਤਾਨ ਵਿਰਾਟ ਕੋਹਲੀ ਅਤੇ ਟੀਮ ਮੈਨੇਜਮੈਂਟ ਉਲਝਣ ਵਿੱਚ ਸੀ ਕਿ ਦੂਜੇ ਟੈੱਸਟ ਵਿੱਚ ਅਸ਼ਵਿਨ ਦੀ ਜਗ੍ਹਾ ਸਪਿਨਰ ਨੂੰ ਸ਼ਾਮਲ ਕੀਤਾ ਜਾਵੇ ਜਾਂ ਫ਼ਿਰ ਤੇਜ਼ ਗੇਂਦਬਾਜ਼ੀ ਹਮਲੇ ਦੀ ਧਾਰ ਨੂੰ ਹੀ ਵਧਾਇਆ ਜਾਵੇ। ਫ਼ਿਰ ਪਿਚ ਨੂੰ ਦੇਖਦਿਆਂ ਉਮੇਸ਼ ਯਾਦਵ ਨੂੰ ਆਖ਼ਰੀ ਮੌਕੇ ‘ਤੇ ਮੈਚ ਵਿੱਚ ਸ਼ਾਮਲ ਕਰਨ ਦਾ ਫ਼ੈਸਲਾ ਲਿਆ ਗਿਆ। ਆਸਟਰੇਲੀਆ ਦੇ ਹੱਥੋਂ ਪਰਥ ਟੈੱਸਟ ਵਿੱਚ 146 ਦੌੜਾਂ ਦੀ ਕਰਾਰੀ ਹਾਰ ਝੱਲਣ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਦੱਸਿਆ ਕਿ ਆਖਰ ਕਿਉਂ ਅਸ਼ਵਿਨ ਦੇ ਜ਼ਖ਼ਮੀ ਹੋਣ ਮਗਰੋਂ ਉਸ ਨੇ ਸਪਿਨਰ ਦੀ ਜਗ੍ਹਾ ਤੇਜ਼ ਗੇਂਦਬਾਜ਼ ਨੂੰ ਸ਼ਾਮਿਲ ਕਰਨਾ ਠੀਕ ਸਮਝਿਆ।
ਐਡੀਲੇਡ ਵਿੱਚ ਪਹਿਲਾ ਟੈੱਸਟ ਜਿੱਤਣ ਤੋਂ ਬਾਅਦ ਭਾਰਤੀ ਟੀਮ ਨੂੰ ਲਗਾਤਾਰ ਦੂਜੀ ਜਿੱਤ ਦੀ ਭਾਲ ਸੀ, ਪਰ ਆਸਟਰੇਲੀਆ ਨੇ ਜੋਰਦਾਰ ਵਾਪਸੀ ਕਰਦਿਆਂ ਸੀਰੀਜ਼ 1-1 ਨਾਲ ਬਰਾਬਰ ਕਰ ਦਿੱਤੀ। ਇਹ ਪੁੱਛਣ ‘ਤੇ ਕਿ ਦੂਜੇ ਟੈੱਸਟ ਵਿੱਚ ਸਪਿਨਰ ਨੂੰ ਕਿਉਂ ਸ਼ਾਮਿਲ ਨਹੀਂ ਕੀਤਾ ਗਿਆ, ਕਪਤਾਨ ਕੋਹਲੀ ਨੇ ਕਿਹਾ ਕਿ ਜਦੋਂ ਅਸੀਂ ਪਿਚ ਦੇਖੀ ਤਾਂ ਜਡੇਜਾ ਦਾ ਖ਼ਿਆਲ ਮਨ ਵਿੱਚ ਹੀ ਨਹੀਂ ਆਇਆ। ਸਾਨੂੰ ਲੱਗਾ ਕਿ ਚਾਰ ਤੇਜ਼ ਗੇਂਦਬਾਜ਼ ਕਾਫ਼ੀ ਹੋਣਗੇ। ਨੇਥਨ ਲਿਓਨ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਅਸੀਂ ਕਦੇ ਸਪਿਨ ਬਦਲ ਬਾਰੇ ਸੋਚਿਆ ਹੀ ਨਹੀਂ। ਸਾਡਾ ਪੂਰਾ ਧਿਆਨ ਅਗਲੇ ਟੈੱਸਟ ‘ਤੇ ਹੈ ਅਤੇ ਉਮੀਦ ਕਰਦੇ ਹਾਂ ਕਿ ਜਿੱਤ ਦੀ ਪਟਰੀ ‘ਤੇ ਪਰਤਾਂਗੇ।
ਭਾਰਤੀ ਟੀਮ ਦੇ ਕਪਤਾਨ ਨੇ ਕਿਹਾ, ”ਇੱਕ ਟੀਮ ਦੇ ਰੂਪ ਵਿੱਚ ਅਸੀਂ ਕਈ ਮੌਕਿਆਂ ‘ਤੇ ਚੰਗਾ ਖੇਡੇ, ਪਰ ਆਸਟਰੇਲੀਆ ਨੇ ਸਾਡੇ ਤੋਂ ਬਿਹਤਰ ਖੇਡ ਦਿਖਾਈ। ਖ਼ਾਸ ਕਰ ਕੇ, ਬੱਲੇਬਾਜ਼ੀ ਵਿੱਚ ਉਹ ਸ਼ਾਨਦਾਰ ਰਹੇ। ਉਨ੍ਹਾਂ ਦੇ ਸਲਾਮੀ ਬੱਲੇਬਾਜ਼ਾਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ। ਸਾਨੂੰ ਲਗਦਾ ਹੈ ਕਿ ਜੇਕਰ 30-40 ਦੌੜਾਂ ਘੱਟ ਹੁੰਦੀਆਂ ਤਾਂ ਮੈਚ ਵਿੱਚ ਅਸੀਂ ਚੰਗੀ ਪਕੜ ਬਣਾ ਸਕਦੇ ਸਾਂ। ਸਾਡੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਉਮੀਦ ਹੈ ਕਿ ਉਹ ਪੂਰੇ ਦੌਰੇ ‘ਤੇ ਅਜਿਹਾ ਹੀ ਪ੍ਰਦਰਸ਼ਨ ਜਾਰੀ ਰੱਖਣਗੇ।












