ਕੌਮੀ ਤਰਾਨਾ ਬਨਾਮ ਦੇਹ ਸ਼ਿਵਾ ਬਰ ਮੋਹਿ ਇਹੈ

main-news-300x150ਅੱਜ ਤੋਂ ਠੀਕ 10 ਸਾਲ ਪਹਿਲਾਂ, ਕੇਂਦਰੀ ਮੰਤਰੀ ਅਰਜਨ ਸਿੰਘ ਨੇ ਐਲਾਨ ਕੀਤਾ ਸੀ ਕਿ ਸਾਰੇ ਸਕੂਲਾਂ ਵਿੱਚ 7 ਸਤੰਬਰ ਨੂੰ  ‘ਬੰਦੇ ਮਾਤਰਮ’ ਗਾਇਆ ਜਾਵੇ। ਇਸ ਦਾ ਕਾਰਨ ਇਹ ਸੀ ਕਿ 7 ਸਤੰਬਰ 1906 ਨੂੰ ਕੋਲਕਾਤਾ ਵਿੱਚ ਹੋਈ ਬੰਗਾਲ ਦੀ ਵੰਡ ਵਿਰੋਧੀ ਇਤਿਹਾਸਕ ਰੈਲੀ (ਬੰਗ-ਭੰਗ ਅੰਦੋਲਨ) ਵਿੱਚ ਇਹ ਗੀਤ ਇੱਕ ਰਾਸ਼ਟਰੀ ਗੀਤ ਵਜੋਂ ਗਾਇਆ ਗਿਆ ਸੀ। ਕੇਂਦਰੀ ਮੰਤਰੀ ਦੇ ਇਸ ਬਿਆਨ ਦੇ ਵਿਰੋਧ ਵਿੱਚ, ਉਸ ਵੇਲੇ ਦੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਅਵਤਾਰ ਸਿੰਘ ਮੱਕੜ ਦਾ ਬਿਆਨ ਆਇਆ ਸੀ ਕਿ ਸਿੱਖ ਬੱਚੇ ‘ਬੰਦੇ ਮਾਤਰਮ’ ਨਹੀਂ ਗਾਉਣਗੇ ਸਗੋਂ ‘ਦੇਹੁ ਸ਼ਿਵਾ ਬਰ ਮੋਹਿ ਇਹੈ’ ਸ਼ਬਦ ਦਾ ਉਚਾਰਨ ਕਰਨਗੇ। ਇਹ ਵੱਖਰੀ ਗੱਲ ਹੈ ਕਿ ਮੱਕੜ ਆਪਣੇ ਇਸ ਬਿਆਨ ‘ਤੇ ਕਾਇਮ ਨਹੀਂ ਸੀ ਰਹਿ ਸਕਿਆ। ਬੁਨਿਆਦੀ ਤੌਰ ‘ਤੇ ਇਨ੍ਹਾਂ ਦੋਵਾਂ ਵਿੱਚ ਕੋਈ ਫ਼ਰਕ ਨਹੀਂ। ‘ਬੰਦੇ ਮਾਤਰਮ’ ਵਿੱਚ ਦੁਰਗਾ ਦੀ ਸਿਫ਼ਤ ਸਲਾਹ ਕਰ ਕੇ ਉਸ ਤੋਂ ਵਰ ਮੰਗੇ ਜਾਂ ਰਹੇ ਹਨ ਅਤੇ ‘ਦੇਹੁ ਸ਼ਿਵਾ ਬਰ ਮੋਹਿ ਇਹੈ’ ਵਿੱਚ ਸ਼ਿਵਾ ਤੋਂ ਵਰ ਮੰਗਿਆ ਗਿਆ ਹੈ। ਉਂਝ ਇਹ ਦੋਵੇਂ ਨਾਮ ਇੱਕੋ ਦੇਵੀ ਦੇ ਹੀ ਹਨ।
ਸ਼ਿਵਾ – ਸ਼ਿਵ ਦੀ ਇਸਤ੍ਰੀ ਦੁਰਗਾ (ਪਾਰਵਤੀ)। (ਮਹਾਨ ਕੋਸ਼)
ਦੁਰਗਾ – ‘ਅਪਹੁੰਚ’ ਸ਼ਿਵ ਦੀ ਪਤਨੀ। (ਹਿੰਦੂ ਮਿਥਿਹਾਸ ਕੋਸ਼)
”ਜਿਵੇਂ ਰਾਮ, ਕ੍ਰਿਸ਼ਨ, ਪਰਸ ਰਾਮ ਆਦਿਕ 24 ਅਵਤਾਰਾਂ ਦਾ ਹੇਤੂ ਵਿਸ਼ਨੂੰ ਭਗਵਾਨ ਹੈ, ਭਾਵ 24 ਅਵਤਾਰ ਕਲਾ (ਅੰਸੂ) ਸੰਜੁਗਤ ਵਿਸ਼ਨੂੰ ਹੀ ਧਾਰਦਾ ਹੈ, ਤਿਵੇਂ ਖੋੜਸਾ ਮਾਤ੍ਰੀ (16 ਦੇਵੀਆਂ) ਦੀ ਹੇਤੂ ਸ਼ਿਵ ਪਤਨੀ ਪਾਰਵਤੀ ਹੈ। ਅਰਥਾਤ ਅਡੋ-ਅੱਡ 16 ਦੇਵੀਆਂ ਦਾ ਰੂਪ ਇਹ ਮਹਾਂ ਮਾਈ ਪਾਰਵਤੀ ਹੀ ਹੈ ਅਤੇ ਪਾਰਵਤੀ ਦੇ ਹਿੰਗੁਲਾ, ਪਿੰਗਲਾ, ਚੰਡਕਾ, ਦੁਰਗਾ, ਸੀਤਲਾ ਆਦਿਕ ਅਨੇਕਾਂ ਨਾਮਾਂ ਵਿੱਚੋਂ ਸ਼ਿਵਾ ਵੀ ਇੱਕ ਨਾਮ ਹੈ।” (ਦਸਮ ਗ੍ਰੰਥ ਦਰਪਣ ਪੰਨਾ 37)
30 ਨਵੰਬਰ, 2016 ਨੂੰ ਭਾਰਤ ਦੀ ਸਰਬ ਉੱਚ ਅਦਾਲਤ ਨੇ ਹੁਕਮ ਕੀਤਾ ਹੈ ਕਿ ਦੇਸ਼ ਦੇ ਸਾਰੇ ਸਿਨਮਿਆਂ ਵਿੱਚ ਫ਼ਿਲਮ ਅਰੰਭ ਕਰਨ ਤੋਂ ਪਹਿਲਾ ਰਾਸ਼ਟਰੀ ਗੀਤ ‘ਜਨ ਗਣ ਮਨ’ ਚਲਾਇਆ ਜਾਵੇ ਅਤੇ ਸਾਰੇ ਦਰਸ਼ਕ ਸਾਵਧਾਨ ਹੋ ਕੇ ਸ਼ਮੂਲੀਅਤ ਅਤੇ ਸਤਿਕਾਰ ਕਰਨ। ਅਪਾਹਜਾਂ ਨੂੰ ਕੌਮੀ ਤਰਾਨਾ ਵਜਣ ਵੇਲੇ ਖੜ੍ਹੇ ਹੋਣ ਤੋਂ ਛੋਟ ਹੈ, ਅਤੇ ਜਿਵੇਂ ਕਿ ਆਸ ਹੀ ਸੀ, ਸੁਪਰੀਮ ਕੋਰਟ ਦੇ ਹੁਕਮ ਖਿਲਾਫ਼ ਕਈ ਪਾਸਿਆਂ ਤੋਂ ਵਿਰੋਧੀ ਸੁਰਾਂ ਉਠੀਆਂ ਹਨ। ਸਿਨਮਾ ਦੇਖਣ ਵਿਅਕਤੀ ਆਪਣੇ ਮਨੋਰੰਜਨ ਲਈ ਜਾਂਦਾ ਹੈ ਜੋ ਉਸ ਦਾ ਬੁਨਿਆਦੀ ਅਧਿਕਾਰ ਹੈ। ਸਰਵ ਉੱਚ ਅਦਾਲਤ ਦਾ ਇਹ ਫ਼ੈਸਲਾ ਰਾਸ਼ਟਰਵਾਦ ਦੇ ਨਾਂ ‘ਤੇ ਵਿਅਕਤੀਗਤ ਆਜ਼ਾਦੀ ਉੱਤੇ ਬੰਦਸ਼ਾਂ ਲਾਉਣ ਦੇ ਤੁਲ ਹੈ ਜਦੋਂ ਕਿ ਭਾਰਤੀ ਸੰਵਿਧਾਨ ਵਿਅਕਤੀਗਤ ਆਜ਼ਾਦੀ ਦਾ ਪਹਿਰੇਦਾਰ ਹੈ। ਅੱਜ-ਕੱਲ੍ਹ ਫ਼ਿਲਮਾਂ ਰਾਹੀਂ ਜੋ ਦਿਖਾਇਆ ਜਾ ਰਿਹਾ ਹੈ, ਉਹ ਕੁਝ ਦੇਖਣ ਗਿਆ ਵਿਅਕਤੀ ਕੀ ਰਾਸ਼ਟਰੀ ਗੀਤ ਦਾ ਸਨਮਾਨ ਉਸੇ ਭਾਵਨਾ ਨਾਲ ਕਰ ਸਕੇਗਾ ਜਿਸ ਨਾਲ ਇਹ ਹੋਣਾ ਚਾਹੀਦਾ ਹੈ? ਇਸੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ. ਸਿਮਰਨਜੀਤ ਸਿੰਘ ਦਾ ਬਿਆਨ ਅਖ਼ਬਾਰਾਂ ਨੇ ਪਹਿਲ ਦੇ ਅਧਾਰ ‘ਤੇ ਛਾਪਿਆ ਹੈ। ”ਸੁਪਰੀਮ ਕੋਰਟ ਦਾ ਹੁਕਮ ਕਿ ਸਿਨਮਿਆਂ ਵਿੱਚ ਕੌਮੀ ਤਰਾਨੇ  ‘ਜਨ ਗਨ ਮਨ’ ਨਾਲ ਸ਼ੁਰੂਆਤ ਹੋਵੇਗੀ, ਗ਼ਲਤ! ਸਿੱਖ ਕੌਮ ਦਾ ਕੌਮੀ ਤਰਾਨਾ ਤਾਂ ‘ਦੇਹ ਸ਼ਿਵਾ ਬਰ ਮੋਹਿ ਇਹੈ’ ਹੈ: ਮਾਨ।” ਆਪਣੇ ਬਿਆਨ ਵਿੱਚ ਉਨ੍ਹਾਂ ਨੇ ਭਾਰਤ ਵਰਗੇ ਜਮਹੂਰੀ ਮੁਲਕ ਵਿੱਚ ਰਹਿ ਰਹੇ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲਿਆਂ ਦੀ ਧਾਰਮਿਕ ਆਜ਼ਾਦੀ ਦਾ ਹਵਾਲਾ ਦੇ ਕੇ ਸਰਬ ਉੱਚ ਅਦਾਲਤ ਨੂੰ ਆਪਣੇ ਫ਼ੈਸਲੇ ‘ਤੇ ਮੁੜ ਵਿੱਚਾਰ ਕਰਨ ਦੀ ਬੇਨਤੀ ਕਰਨ ਦੇ ਨਾਲ ਹੀ ਸ੍ਰ. ਮਾਨ ਨੇ ਇਹ ਵੀ ਕਿਹਾ ਹੈ ਕਿ ਸਿੱਖ ਕੌਮ ਦਾ ਕੌਮੀ ਤਰਾਨਾ ‘ਦੇਹ ਸ਼ਿਵਾ ਬਰ ਮੋਹਿ ਇਹੈ’ ਹੈ।
ਅੰਗਰੇਜ਼ ਹਕੂਮਤ ਨੇ 1870 ਵਿੱਚ ਇੱਕ ਐਲਾਨ ਰਾਹੀਂ ਉਹ ਗੀਤ ਗਾਉਣਾ ਜ਼ਰੂਰੀ ਕਰ ਦਿੱਤਾ ਸੀ ਜਿਸ ਗੀਤ ਵਿੱਚ ਇੰਗਲੈਂਡ ਦੀ ਰਾਣੀ ਦੀ ਰੱਖਿਆ ਲਈ ਰੱਬ ਤੋਂ ਵਰ ਮੰਗਦੇ ਹਨ। ਇਸ ਦੇ ਵਿਰੋਧ ਵਿੱਚ, ਬੰਗਾਲੀ ਭਾਸ਼ਾ ਦੇ ਉੱਘੇ ਨਾਵਲਕਾਰ ਬੰਕਿਮ ਚੰਦਰ ਚੈਟਰਜੀ ਨੇ 1876 ਵਿੱਚ ਲਿਖੇ ਆਪਣੇ ਨਾਵਲ ‘ਅਨੰਦਮਠ’ ਵਿੱਚ ‘ਬੰਦੇ ਮਾਤਰਮ’ ਗੀਤ ਲਿਖਿਆ ਸੀ ਜਿਸ ਵਿੱਚ ਉਹ ਦੁਰਗਾ ਤੋਂ ਵਰ ਮੰਗਦਾ ਹੈ। ਇਹ ਗੀਤ 1896 ਵਿੱਚ ਕਾਂਗਰਸ ਦੇ ਸਮਾਗਮ ਵਿੱਚ ਪਹਿਲੀ ਵਾਰ ਰਵਿੰਦਰ ਨਾਥ ਟੈਗੋਰ ਵਲੋਂ ਗਾਇਆ ਗਿਆ ਸੀ। ਇਹ ਗੀਤ ਬੰਗਾਲ ਦੇ ਅੰਦੋਲਨ ਦੌਰਾਨ ਬਹੁਤ ਜੋਸ਼ ਨਾਲ ਗਾਇਆ ਜਾਂਦਾ ਸੀ। 7 ਦਸੰਬਰ 1906 ਨੂੰ ਕੋਲਕਾਤਾ ਵਿੱਚ ਹੋਈ ਬੰਗਾਲ ਦੀ ਵੰਡ ਵਿਰੋਧੀ ਇਤਿਹਾਸਕ ਰੈਲੀ (ਬੰਗ-ਭੰਗ ਅੰਦੋਲਨ) ਵਿੱਚ ਇਹ ਗੀਤ ‘ਰਾਸ਼ਟਰੀ ਗੀਤ’ ਵਜੋਂ ਗਾਇਆ ਗਿਆ ਸੀ। ਦੂਜੇ ਪਾਸੇ ਇਸ ਗੀਤ ਦੇ ਬੋਲ ਇਸਲਾਮ ਧਰਮ ਦੀ ਮੂਲ ਭਾਵਨਾ ਦਾ ਵਿਰੋਧੀ ਹੋਣ ਕਾਰਨ, ਮੁਸਲਿਮ ਲੀਗ ਵਲੋਂ ਇਸ ਗੀਤ ਦੀ ਵਿਰੋਧਤਾ ਵੀ ਅਰੰਭ ਹੋ ਗਈ ਸੀ। 1923 ਵਿੱਚ ਮੌਲਾਨਾ ਮੁਹੰਮਦ ਅਲੀ ਦੀ ਪ੍ਰਧਾਨਗੀ ਹੇਠ ਹੋਏ ਕਾਂਗਰਸ ਦੇ ਸਮਾਗਮ ਵਿੱਚ ਇਹ ਗੀਤ ਨਹੀਂ ਗਾਇਆ ਗਿਆ ਸੀ। ਇਸ ਪਿਛੋਂ ਇਸ ਗੀਤ ਵਿੱਚ ਰਬਿੰਦਰ ਨਾਥ ਟੈਗੋਰ ਦੀ ਸਲਾਹ ਨਾਲ ਇਸ ਦੀ ਕਾਂਟ-ਛਾਂਟ ਕੀਤੀ ਗਈ ਜਿਸ ਕਾਰਨ ਟੈਗੋਰ ਦੀ ਅਲੋਚਨਾ ਵੀ ਹੋਈ ਸੀ। ਕੁਝ ਵਿਦਵਾਨਾਂ ਦਾ ਇਹ ਖ਼ਿਆਲ ਸੀ ਕਿ ਉਹ ਆਪਣੇ ਲਿਖੇ ਗੀਤ ‘ਜਨ ਗਣ ਮਨ’ ਨੂੰ ਰਾਸ਼ਟਰੀ ਗੀਤ ਬਣਾਉਣਾ ਚਾਹੁੰਦਾ ਸੀ ਜਿਸ ਵਿੱਚ ਉਸ ਨੂੰ ਸਫ਼ਲਤਾ ਵੀ ਮਿਲੀ।
‘ਜਨ ਗਨ ਮਨ’ ਦਾ ਲੇਖਕ ਰਵਿੰਦਰ ਨਾਥ ਟੈਗੋਰ ਹੈ ਜਿਸ ਨੇ ਇਹ ਗੀਤ ਜੌਰਜ ਪੰਚਮ ਦੀ ਖ਼ੁਸ਼ਾਮਦ ਲਈ 1911 ਵਿੱਚ ਲਿਖਿਆ ਅਤੇ ਗਾਇਆ ਸੀ। ਭਾਸ਼ਾ ਦੀ ਸਮੱਸਿਆ ਕਾਰਨ ਜੌਰਜ ਪੰਚਮ ਨੂੰ ਇਹ ਗੀਤ ਸਮਝ ਨਾ ਆਇਆ ਤਾਂ ਉਸ ਨੇ ਰਵਿੰਦਰ ਨਾਥ ਤੋਂ ਹੀ ਇਸ ਦਾ ਅਨੁਵਾਦ ਅੰਗਰੇਜ਼ੀ ਵਿੱਚ ਕਰਵਾ ਲਿਆ। ਜਦੋਂ ਰਾਜੇ ਨੂੰ ਇਸ ਗੀਤ ਦੀ ਸਮਝ ਆਈ ਤਾਂ ਉਹ ਬੜਾ ਖ਼ੁਸ਼ ਹੋਇਆ ਅਤੇ ਟੈਗੋਰ ਨੂੰ ਵੱਡੇ-ਵੱਡੇ ਮਾਨ-ਸਨਮਾਨ ਦੇਣ ਦੀ ਸਿਫ਼ਾਰਸ਼ ਕੀਤੀ। ਟੈਗੋਰ ਦੀ ਇਸੇ ਪ੍ਰਸਿਧੀ ਕਾਰਨ ਹੀ 1950 ਵਿੱਚ ਸੰਵਿਧਾਨ ਸਭਾ ਵਲੋਂ ਇਸ ਦੇ ਗੀਤ ‘ਜਨ ਗਨ ਮਨ’ ਨੂੰ ਰਾਸ਼ਟਰੀ ਗੀਤ ਵਜੋਂ ਪ੍ਰਵਾਨ ਕਰ ਲਿਆ ਗਿਆ। ਇਸ ਗੀਤ ਦੀ ਅਸਲੀਅਤ, ਯੂ ਟਿਊਬ ‘ਤੇ (Reality of Jan Gan Man) ਸੁਣੀ ਜਾ ਸਕਦੀ ਹੈ। ਕਿਸੇ ਵੀ ਦੇਸ਼ ਦੇ ਰਾਸ਼ਟਰੀ ਗੀਤ ਵਿੱਚ ਉਥੇ ਦੇ ਸਭਿਆਚਾਰ, ਦੇਸ਼ ਭਗਤੀ ਅਤੇ ਰਾਸ਼ਟਰੀ ਏਕਤਾ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਹੋਣਾ ਚਾਹੀਦਾ ਹੈ ਤਾਂ ਜੋ ਉਸ ਦੇਸ਼ ਦੇ ਸਾਰੇ ਵਾਸੀ, ਉਸ ਗੀਤ ਨੂੰ ਗਾਉਣ ਵਿੱਚ ਫ਼ਖ਼ਰ ਮਹਿਸੂਸ ਕਰਨ, ਪਰ ਸਾਡੇ ਕੌਮੀ ਤਰਾਨੇ ਵਿੱਚ ਤਾਂ ਵਿਦੇਸ਼ੀ ਹਾਕਮਾਂ ਦੀ ਖ਼ੁਸ਼ਾਮਦ ਭਾਰੂ ਹੈ।
‘ਜਨ ਗਨ ਮਨ’ ਨੂੰ ਗਾਉਣ ਦੇ ਜਬਰੀ ਹੁਕਮ ਦਾ ਵਿਰੋਧ ਤਾਂ ਕਿਸੇ ਹੱਦ ਤਕ ਸਹੀ ਮੰਨਿਆ ਜਾ ਸਕਦਾ ਹੈ, ਪਰ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਸਿਮਰਨਜੀਤ ਸਿੰਘ ਮਾਨ ਵਲੋਂ ਇਸ ਦੇ ਬਦਲ ਵਿੱਚ ਕੀ ਦਿੱਤਾ ਜਾ ਰਿਹਾ ਹੈ? ਉਹ ਹੈ ‘ਦੇਹ ਸ਼ਿਵਾ ਬਰ ਮੋਹਿ ਇਹੈ।’ ‘ਸ਼ਿਵਾ’ ਨਾਲ ਸਿੱਖਾਂ ਕੀ ਸਬੰਧ ਹੈ? ਇੱਕ ਅਕਾਲ ਪੁਰਖ ਨੂੰ ਮੰਨਣ ਵਾਲੀ ਸਿੱਖ ਕੌਮ, ਹਿੰਦੂ ਮਿਥਿਹਾਸ ਦੇ ਪਾਤਰ ਸ਼ਿਵਜੀ ਦੀ ਪਤਨੀ ਭਾਵ ਦੁਰਗਾ-ਪਾਰਵਤੀ ਅੱਗੇ ਅਰਦਾਸ ਬੇਨਤੀ ਕਿਉਂ ਕਰੇ? ਅਖੌਤੀ ਦਸਮ ਗ੍ਰੰਥ ਵਿੱਚ ਦਰਜ ‘ਚੰਡੀ ਚਰਿਤ੍ਰ ਉਕਿਤ ਬਿਲਾਸ’ ਸਾਕਤ ਮੱਤ ਦੇ ਕਿਸੇ ਕਵੀ ਦੀ ਰਚਨਾ ਹੈ ਜਿਸ ਦੇ 233 ਛੰਦ ਹਨ। ‘ਦੇਹੁ ਸ਼ਿਵਾ ਬਰ ਮੋਹਿ ਇਹੈ’ ਪੰਗਤੀ 231 ਨੰ: ਛੰਦ ਵਿੱਚ ਦਰਜ ਹੈ ਜਿਸ ਨੂੰ ਬਿਨਾਂ ਸੋਚੇ-ਸਮਝੇ ਹੀ ਕੁਝ ਪ੍ਰਚਾਰਕਾਂ ਵਲੋਂ ਗੁਰੂ ਗੋਬਿੰਦ ਸਿੰਘ ਦੇ ਨਾਮ ਨਾਲ ਜੋੜ ਕੇ ਪ੍ਰਚਾਰਿਆ ਗਿਆ ਹੈ। ਹੁਣ ਇਸ ਸਵਾਲ ਦਾ ਜਵਾਬ ਕੌਣ ਦੇਵੇਗਾ ਕਿ ਜੇ ਇਹ ਛੰਦ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੋਇਆ ਹੈ ਤਾਂ ਇਸ ਤੋਂ ਪਹਿਲਾ ਆਏ 230 ਛੰਦ ਅਤੇ ਇਸ ਤੋਂ ਪਿਛੋਂ ਆਏ 2 ਛੰਦਾਂ ਦਾ ਲੇਖਕ ਕੌਣ ਹੈ ਅਤੇ ਪੂਰੇ ਪ੍ਰਸੰਗ ‘ਚ ਕਿ ਸਿੱਖਿਆ ਮਿਲਦੀ ਹੈ?  ‘ਸ਼ਿਵਾ’ ਨੂੰ ਅਕਾਲ ਪੁਰਖ ਮੰਨਣ ਵਾਲਿਓ! ਇਸ ਛੰਦ ਦੇ ਅਗਲੇ-ਪਿਛਲੇ ਛੰਦਾਂ ਨੂੰ ਵੀ ਪੜ੍ਹ/ਸਮਝ ਲਵੋ।
ਅਖੌਤੀ ਦਸਮ ਗ੍ਰੰਥ ‘ਚ ਦਰਜ ਇੱਕ ਰਚਨਾ ਜਿਸ ਦਾ ਨਾਮ ‘ਅਬ ਚੰਡੀ ਚਰਿਤ੍ਰ ਉਕਿਤ ਬਿਲਾਸ’ ਪੰਨਾ 74 ਤੋਂ 99 ਤਕ ਦਰਜ ਹੈ ਅਤੇ ਜਿਸ ਦੇ ਕੁੱਲ 233 ਛੰਦ ਅਤੇ 8 ਭਾਗ ਹਨ। ਹਰ ਅਧਿਆਏ ਦੇ ਅਖੀਰ ਦੇ ਇਸ ਰਚਨਾ ਦੇ ਅਸਲ ਸੋਮੇ ਦਾ ਨਾਮ, ”ਇਤਿ ਸ੍ਰੀ ਮਾਰਕੰਡੇ ਪੁਰਾਣੇ” ਲਿਖਿਆ ਹੋਇਆ ਹੈ। ਅਸਲ ਲਿਖਤ ਮੁਤਾਬਕ ਇਹ ਮਾਰਕੰਡੇ ਪੁਰਾਣ ਦੇ ਚੰਡੀ ਚਰਿਤ੍ਰ ਦਾ ਉਹ ਭਾਗ ਹੈ ਜਿਸ ਵਿੱਚ ਮਧੁ ਕੈਟਭ, ਮਹਿਖਾਸਰ, ਧੂਮ੍ਰਨੈਣ, ਚੰਡਮੁੰਡ, ਰਕਤਬੀਜ, ਨਿਸੁੰਭ, ਸੁੰਭ ਆਦਿ ਦੈਤਾਂ ਦੇ ਬਧਿ ਕਰਨ ਦੀ ਕਥਾ ਬਹੁਤ ਵਿਸਥਾਰ ਨਾਲ ਲਿਖੀ ਹੋਈ ਹੈ। ‘ਦੇਹ ਸ਼ਿਵਾ ਬਰ ਮੋਹਿ ਇਹੈ’ ਵਾਲਾ ਛੰਦ ਇਸ ਰਚਨਾ ਦੇ ਅਖੀਰ ਤੇ 231 ਨੰਬਰ ‘ਤੇ ਦਰਜ ਹੈ। ਇਹ ਸਾਰੀ ਰਚਨਾ ਮਾਰਕੰਡੇ ਪੁਰਾਣ ਦੀ ਹੀ ਨਕਲ ਹੈ। ਸ਼ਿਵਾ, ਦੁਰਗਾ, ਭਗਉਤੀ, ਚਮੁੰਡਾ, ਚੰਡੀ, ਚੰਡਕਾ, ਪਿੰਗਲੀ, ਭਵਾਨੀ ਆਇ ਸਾਰੇ ਹੀ ਨਾਮ ਪਾਰਵਤੀ ਦੇ ਹੀ ਹਨ। ”ਦੁਰਗਾ, ਭਗਉਤੀ ਤੇ ਭਗਵਤੀ” ਦੇ ਕਰਤਾ ਸੰਤ ਸੁਰਜੀਤ ਸਿੰਘ ਨਿਰਮਲ ਨੇ ਸ਼ਿਵਾ/ਪਾਰਵਤੀ ਦੇ 43 ਨਵਾਂ ਦੀ ਸੂਚੀ ਦਿੱਤੀ ਹੈ (ਪੰਨਾ 14)। ਯਾਦ ਰਹੇ ”ਲੋਪ ਚੰਡਕਾ ਹੋਇ ਗਈ ਸੁਰਪਤਿ ਕੋ ਦੇ ਰਾਜ,” ਆਰਤੀ ਵੇਲੇ ਕੁਝ ਅਗਿਆਨੀਆਂ ਵਲੋਂ ਪੜ੍ਹੀਆਂ ਜਾਣ ਵਾਲੀਆਂ ਇਹ ਪੰਗਤੀਆਂ ਵੀ, ”ਇਤਿ ਸ੍ਰੀ ਮਾਰਕੰਡੇ ਪੁਰਾਨੇ ਚੰਡੀ ਚਰਿਤ੍ਰ ਉਕਿਤ ਬਿਲਾਸ ਧੁਮ੍ਰਨੈਣ ਬਧਹਿ ਨਾਮ ਤ੍ਰਿਤਯ ਧਯਾਇ” (ਪੰਨਾ 79) ਇਸੇ ਰਚਨਾ ‘ਚ ਹੀ ਦਰਜ ਹਨ। ਕਈ ਸੱਜਣਾ ਵਲੋਂ ਸ਼ਿਵਾ ਦੇ ਅਰਥ ਅਪਾਰ ਸ਼ਕਤੀ ਵੀ ਕੀਤੇ ਗਏ ਹਨ। 233 ਛੰਦਾਂ ‘ਚ ਇੱਕ ਛੰਦ (231) ਨੂੰ ਵੱਖ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਬਦ ਮੰਨ ਲੈਣਾ ਜਾਂ ਕਿਸੇ ਇੱਕ ਥਾਂ ‘ਸ਼ਿਵਾ’ ਦੇ ਅਰਥ ਆਪਣੀ ਮਰਜ਼ੀ ਮੁਤਾਬਕ ਕਰ ਲੈਣੇ, ਕਿਸੇ ਵੀ ਤਰ੍ਹਾਂ ਸਿਆਣਪ ਨਹੀਂ ਮੰਨਿਆ ਜਾ ਸਕਦਾ। ਇਸ ਸਾਰੀ ਰਚਨਾ  ‘ਅਬ ਚੰਡੀ ਚਰਿਤ੍ਰ ਉਕਿਤ ਬਿਲਾਸ’ ਨੂੰ ਆਦਿ ਤੋਂ ਅੰਤ ਤਾਈ ਪੜ੍ਹਨ/ਸਮਝਣ ਉਪ੍ਰੰਤ ਹੀ ਸ਼ਿਵਾ ਦੇ ਅਰਥ ਕਰਨੇ ਚਾਹੀਦੇ ਹਨ। ਇਸ ਰਚਨਾ ਦਾ ਆਖਰੀ ਛੰਦ ਹੀ ਅਸਲੀਅਤ ਨੂੰ ਸਪੱਸ਼ਟ ਕਰ ਦਿੰਦਾ ਹੈ।
ਦੋਹਰਾ। ਗਰੰਥ ਸਤਿਸਯ ਕੋ ਕਰਿਓ ਜਾ ਸਮ ਅਵੁਰ ਨਾ ਕੋਇ।
ਜਿਹ ਨਮਿਤ ‘ਕਵਿ’ ਨੇ ਕਹਿਉ ਸੁ ਦੇਹ ਚੰਡਕਾ ਸੋਇ। (233)
ਇਨ੍ਹਾਂ ਪੰਗਤੀਆਂ ਦੇ ਅਰਥ ਡਾ. ਜੱਗੀ ਨੇ ਇਹ ਲਿਖੇ ਹਨ:  ”(ਮੈਂ) ਸਤਸਈ (ਦੁਰਗਾ ਸਪਤਸ਼ਤੀ) ਗ੍ਰੰਥ ਦੀ ਰਚਨਾ ਕੀਤੀ ਹੈ ਜਿਸ ਦੇ ਸਮਾਨ ਹੋਰ ਕੋਈ (ਗ੍ਰੰਥ) ਨਹੀਂ ਹੈ। ਹੇ ਚੰਡਿਕਾ! ਜਿਸ ਮਨੋਰਥ ਲਈ ਕਵੀ ਨੇ (ਇਹ ਕਥਾ) ਕਹੀ ਹੈ, ਉਸ ਦਾ ਉਹੀ (ਮਨੋਰਥ) ਪੂਰਾ ਕਰੋ।???। ਇਥੇ ਸ੍ਰੀ ਮਾਰਕੰਡੇ ਪੁਰਾਣ ਦੇ ਸ੍ਰੀ ਚੰਡੀ ਚਰਿਤ੍ਰ ਉਕਿਤ ਬਿਲਾਸ ਪ੍ਰਸੰਗ ਦੇ ਦੇਵ ਸੁਰੇਸ ਸਹਿਤ ਜੈ ਜੈ ਕਾਰਾ, ਅੱਠਵਾਂ ਅਧਿਆਇ ਸਮਾਪਤ ਹੋਇਆ ਸਭ ਸ਼ੁਭ ਹੈ”।
ਸ਼ਿਵਾ ਜਾਂ ਦੁਰਗਾ ਨੂੰ ਕੋਈ ਆਪਣੀ ਮਾਤਾ ਮੰਨੇ, ਉਸ ਦੀ ਪੂਜਾ ਕਰੇ, ਉਸ ਤੋਂ ਵਰ ਮੰਗੇ, ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ। ਹੈਰਾਨੀ ਤਾਂ ਓਦੋਂ ਹੁੰਦੀ ਹੈ ਜਦੋਂ ਆਪਣੇ ਆਪ ਨੂੰ ਕੌਮ ਦੇ ਮਲਾਹ ਸਮਝਣ ਵਾਲੇ, ਕਿਸੇ ਦੀ ਲਿਖੀ ਕਵਿਤਾ ਵਿੱਚੋਂ ਚਾਰ ਪੰਗਤੀਆਂ ਲੈ ਕੇ, ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜੋੜ ਕੇ ਇਹ ਬਿਆਨ ਦੇਣ ਕਿ ‘ਦੇਹੁ ਸ਼ਿਵਾ ਬਰ ਮੋਹਿ ਇਹੈ’ ਸਿੱਖਾਂ ਦਾ ਕੌਮੀ ਤਰਾਨਾ ਹੈ ਤਾਂ ਇਸ ਨੂੰ ਉਨ੍ਹਾਂ ਦੀ ਅਗਿਆਨਤਾ ਸਮਝੀਏ ਜਾਂ ਕੁਝ ਹੋਰ?
ਬੇੜਾ ਡੋਬੈ ਪਾਤਣੀ ਕਿਉ ਪਾਰਿ ਉਤਾਰਾ॥ ਆਗੂ ਲੈ ਉਝੜਿ ਪਵੇ ਕਿਸੁ ਕਰੈ ਪੁਕਾਰਾ॥ (ਭਾਈ ਗੁਰਦਾਸ ਜੀ)
ਕਿੰਨਾ ਚੰਗਾ ਹੋਵੇ ਜੇ ਸਿੱਖ ਸਿਧਾਂਤ ਨੂੰ ਸਮਝਣ ਵਾਲੇ ਅਤੇ ਕੌਮ ਨੂੰ ਬੁਲੰਦੀਆਂ ਵੱਲ ਲੈ ਜਾਣ ਦੇ ਚਾਹਵਾਨ ਆਗੂ ਅਤੇ ਪ੍ਰਚਾਰਕ, ”ਦੇਹੁ ਸ਼ਿਵਾ ਬਰ ਮੋਹਿ ਇਹੈ” ਭਾਵ ਕਿਸੇ ਦੇਵੀ ਨੂੰ ਪੂਜਣ ਦੀ ਥਾਂ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੇਠ ਲਿਖੇ ਸ਼ਬਦ ਨੂੰ ਸਿੱਖਾਂ ਦੇ ਕੌਮੀ ਤਰਾਨੇ ਵਜੋ ਪ੍ਰਚਾਰਨ ਵਾਸਤੇ ਯਤਨਸ਼ੀਲ ਹੋਣ।
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥
ਸਰਬਜੀਤ ਸਿੰਘ ਸੈਕਰਾਮੈਂਟੋ
sarbjits@gmail.com