ਨਵੀਂ ਦਿੱਲੀ-ਸਿਹਤ ਮੰਤਰਾਲੇ ਨੇ ਕੋਰੋਨਾਵਾਇਰਸ ‘ਤੇ ਰਿਪੋਰਟ ਪੇਸ਼ ਕਰਦੇ ਹੋਏ ਕਿਹਾ ਹੈ ਕਿ ਦੇਸ਼ ‘ਚ ਹੁਣ ਤੱਕ 166 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਹੈ ਕਿ ਇਸ ਚੁਣੌਤੀ ਨਾਲ ਨਜਿੱਠਣ ਲਈ ਰੇਲਵੇ ਮਦਦ ਕਰ ਰਿਹਾ ਹੈ, ਜਿਸ ਦੇ ਤਹਿਤ 2500 ਤੋਂ ਜ਼ਿਆਦਾ ਡਾਕਟਰ ਤਾਇਨਾਤ ਕੀਤੇ ਗਏ ਅਤੇ 5000 ਰੇਲ ਕੋਚ ‘ਚ ਆਈਸੋਲੇਸ਼ਨ ਵਾਰਡ ਬਣਾਏ ਗਏ ਹਨ। ਇਸ ਦੇ ਨਾਲ ਹੀ ਕੁਆਰੰਟੀਨ ਲਈ ਹੋਟਲ ਦੀ ਵਰਤੋਂ ਕੀਤੀ ਜਾ ਰਹੀ ਹੈ।
ਕੋਰੋਨਾਵਾਇਰਸ ਕਾਰਨ ਦੇਸ਼ ‘ਚ 5734 ਕੋਰੋਨਾ ਇਨਫੈਕਟਡ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 472 ਲੋਕ ਠੀਕ ਵੀ ਹੋ ਚੁੱਕੇ ਹਨ, ਜਿਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਦੇਸ਼ ਭਰ ‘ਚ ਪਿਛਲੇ 24 ਘੰਟਿਆਂ ‘ਚ 17 ਹੋਰ ਲੋਕਾਂ ਦੀ ਮੌਤ ਹੋਈ ਹੈ ਜਿਨ੍ਹਾਂ ‘ਚੋਂ ਮਹਾਰਾਸ਼ਟਰ ਦੇ 8 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਗੁਜਰਾਤ ‘ਚ 2, ਜੰਮੂ ‘ਚ 2 ਅਤੇ ਪੰਜਾਬ, ਉੱਤਰ ਪ੍ਰਦੇਸ਼ , ਕਰਨਾਟਕ, ਤਾਮਿਲਨਾਡੂ ‘ਚ 1-1 ਮੌਤ ਹੋਈ ਹੈ।















