ਬੌਲੀਵੁਡ ਅਦਾਕਾਰਾ ਪਰਿਨੀਤੀ ਚੋਪੜਾ ਆਪਣੀ ਪਹਿਲੀ ਐਕਸ਼ਨ ਫ਼ਿਲਮ ਕੋਡ ਨੇਮ: ਤਿਰੰਗਾ ਦੀ ਤਿਆਰੀ ਕਰ ਰਹੀ ਹੈ ਜਿਸ ਵਿੱਚ ਉਹ ਪੰਜਾਬੀ ਗਾਇਕ ਹਾਰਡੀ ਸੰਧੂ ਨਾਲ ਕੰਮ ਕਰ ਰਹੀ ਹੈ। ਪਰਿਨੀਤੀ ਨੇ ਦੱਸਿਆ ਕਿ ਇਹ ਫ਼ਿਲਮ ਭਾਰਤ ਦੀ ਰਾਖੀ ਕਰਨ ਵਾਲੇ ਨਾਇਕਾਂ ਨੂੰ ਸਮਰਪਿਤ ਹੈ ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਦੇਸ਼ ਸੁਰੱਖਿਅਤ ਹੈ। ਪਰਿਨੀਤੀ ਫ਼ਿਲਮ ਵਿੱਚ ਇੱਕ ਜਾਸੂਸ ਦਾ ਕਿਰਦਾਰ ਨਿਭਾ ਰਹੀ ਹੈ ਜੋ ਭਾਰਤ ਨੂੰ ਬਚਾਉਣ ਲਈ ਬੇਹੱਦ ਜੋਖ਼ਮ ਭਰੇ ਮਿਸ਼ਨ ‘ਤੇ ਕੰਮ ਕਰਦੀ ਹੈ। ਪਰਿਨੀਤੀ ਨੇ ਕਿਹਾ ਕਿ ਕੋਡ ਨੇਮ: ਤਿਰੰਗਾ ਭਾਰਤ ਦੇ ਸਾਰੇ ਅਣਗਿਣਤ ਰੱਖਿਅਕਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਬਹਾਦਰੀ ਅਤੇ ਕੁਰਬਾਨੀਆਂ ਜ਼ਰੀਏ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕੀਤੀ। ਉਸ ਨੇ ਕਿਹਾ ਕਿ ਉਸ ਦੇ ਦਿਲ ‘ਚ ਇਨ੍ਹਾਂ ਬਹਾਦਰ ਯੋਧਿਆਂ ਲਈ ਇੱਕ ਖ਼ਾਸ ਥਾਂ ਹੈ।
ਪਰਿਨੀਤੀ ਨੇ ਕਿਹਾ ਕਿ ਉਹ ਸੱਚਮੁੱਚ ਇੱਕ ਅਜਿਹੀ ਫ਼ਿਲਮ ਕਰਨਾ ਚਾਹੁੰਦੀ ਸੀ ਜਿਸ ਵਿੱਚ ਉਹ ਅਜਿਹੇ ਯੋਧਿਆਂ ਨੂੰ ਸ਼ਰਧਾਂਜਲੀ ਭੇਂਟ ਕਰ ਸਕੇ। ਉਸ ਨੇ ਕਿਹਾ ਕਿ ਸਾਨੂੰ ਇਨ੍ਹਾਂ ਯੋਧਿਆਂ ‘ਤੇ ਸਦਾ ਮਾਣ ਰਹੇਗਾ ਕਿਉਂਕਿ ਉਨ੍ਹਾਂ ਦੀ ਔਖੀ ਜ਼ਿੰਦਗੀ ਨੇ ਸਾਨੂੰ ਬਿਹਤਰ ਮਨੁੱਖ ਬਣਨ ਲਈ ਪ੍ਰੇਰਿਤ ਕੀਤਾ ਹੈ, ਅਤੇ ਅਸੀਂ ਸਾਰੇ ਉਨ੍ਹਾਂ ਦੇ ਕਰਜ਼ਦਾਰ ਹਾਂ। ਫ਼ਿਲਮ ਦੇ ਨਿਰਦੇਸ਼ਕ ਰਿਭੂ ਦਾਸਗੁਪਤਾ ਹਨ ਜਿਨ੍ਹਾਂ ਇਸ ਤੋਂ ਪਹਿਲਾਂ OTT ਪਲੈਟਫ਼ੌਰਮ ‘ਤੇ ਆਈ ਫ਼ਿਲਮ ਦਾ ਗਰਲ ਔਨ ਦਾ ਟਰੇਨ ਦਾ ਨਿਰਦੇਸ਼ਨ ਕੀਤਾ ਸੀ। ਕੋਡ ਨੇਮ: ਤਿਰੰਗਾ 14 ਅਕਤੂਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।











