ਕੈਪਟਨ ਸਰਕਾਰ ਹਰ ਫਰੰਟ ਤੇ ਨਾਕਾਮ, ਸੂਬੇ ਵਿਚ ਅਮਨ-ਕਾਨੂੰਨ ਦੀ ਹਾਲਤ ਖਰਾਬ : ਸੁਖਬੀਰ ਬਾਦਲ

ਜੈਤੋ – ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਹੈ ਕਿ ਸੂਬੇ ਦੀ ਕੈਪਟਨ ਅਮਰਿੰਦਰ ਸਰਕਾਰ ਹਰ ਫਰੰਟ ਤੇ ਨਾਕਾਮ ਰਹੀ ਹੈ। ਸੂਬੇ ਵਿਚ ਪਿਛਲੇ 6 ਮਹੀਨਿਆਂ ਦੌਰਾਨ ਵਿਕਾਸ ਦੇ ਸਾਰੇ ਕੰਮ ਠੱਪ ਪਏ ਹਨ ਅਤੇ ਹੁਣ ਤਕ ਇਕ ਵੀ ਨਵਾਂ ਕੰਮ ਸ਼ੁਰੂ ਨਹੀਂ ਕੀਤਾ ਹੈ ਜੋ ਵਿਕਾਸ ਦੇ ਕੰਮ ਚਲ ਰਹੇ ਹਨ ਉਹ ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਹਨ। ਸੁਖਬੀਰ ਬਾਦਲ ਇਥੇ ਅਕਾਲੀ ਆਗੂ ਰੁਲੀਆ ਰਾਮ ਸਿੰਗਲਾ ਗੀਜੀਵਾਲਾ ਦੇ ਘਰ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ।
ਇਸ ਤੋਂ ਪਹਿਲਾਂ ਉਹ ਉਦਯੋਗਪਤੀ ਤੇ ਪੱਪੂ ਰਾਈਸ ਮਿਲਜ ਦੇ ਮਾਲਕ ਰਵਿੰਦਰ ਕੋਚਰ ਜਿਨ੍ਹਾਂ ਨੂੰ 29 ਜੁਲਾਈ ਨੂੰ ਦਿਨ ਦਿਹਾਡ਼ੇ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਦੇ ਘਰ ਦੁੱਖ ਸਾਝਾ ਕਰਨ ਲਈ ਗਏ ਸਨ। ਉਨ੍ਹਾਂ ਕਿਹਾ ਕਿ ਸੂਬੇ ਵਿਚ ਅਮਨ-ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਆਮ ਲੋਕੀਂ ਵਿਸ਼ੇਸ਼ ਕਰਕੇ ਵਪਾਰੀ ਲੋਕਾਂ ਵਿਚ ਗੈਂਗਸਟਰਾਂ ਕਰਕੇ ਭਾਰੀ ਦਹਿਸ਼ਤ ਵਿਚ ਹਨ। ਗੈਂਗਸਟਰ ਖੁਲ੍ਹੇਆਮ ਘੁੰਮ ਰਹੀ ਹੈ ਕਿਉਂਕਿ ਉਨ੍ਹਾਂ ਕੈਪਟਨ ਸਰਕਾਰ ਦੀ ਪੂਰੀ ਤਰ੍ਹਾਂ ਨਾਲ ਸ਼ਹਿ ਹੈ ਕਿਉਂਕਿ ਪਹਿਲਾਂ ਪੁਲੀਸ ਗੈਂਗਸਟਰਾਂ ਨੂੰ ਫਡ਼ ਲੈਂਦੀ ਹੈ ਫਿਰ ਸ਼ਾਮ ਨੂੰ ਛੱਡ ਦਿੰਦੀ ਹੈ।