ਕੈਂਸਰ ਇੱਕ ਅਜਿਹੀਆਂ ਬਿਮਾਰੀਆਂ ਦਾ ਸਮੂਹ ਹੈ ਜਿਸ ਵਿੱਚ ਸਰੀਰ ਦੇ ਸੈੱਲਾਂ ਦੀ ਬਣਤਰ ਖ਼ਰਾਬ ਹੋ ਜਾਂਦੀ ਹੈ ਅਤੇ ਇਹ ਖ਼ਰਾਬ ਬਣਤਰ ਵਾਲੇ ਸੈੱਲ ਸਰੀਰ ਵਿੱਚ ਫੈਲਣ ਲਗਦੇ ਹਨ। ਭਾਰਤ ਵਿੱਚ ਮਰਦਾਂ ਵਿੱਚ ਸਭ ਤੋਂ ਵੱਧ ਫੇਫੜੇ ਅਤੇ ਮੂੰਹ ਦਾ ਕੈਂਸਰ ਹੁੰਦਾ ਹੈ ਜਦੋਂਕਿ ਔਰਤਾਂ ਵਿੱਚ ਸਰਵਾਈਕਲ ਅਤੇ ਛਾਤੀ ਦਾ ਕੈਂਸਰ ਜ਼ਿਆਦਾ ਹੁੰਦਾ ਹੈ। ਸਾਲ 2010 ਵਿੱਚ ਭਾਰਤ ਵਿੱਚ 5,56,400 ਮੌਤਾਂ ਕੈਂਸਰ ਕਾਰਨ ਹੋਈਆਂ। ਇਨ੍ਹਾਂ ਵਿੱਚੋਂ 71 ਫ਼ੀਸਦੀ 30-69 ਸਾਲ ਦੀ ਉਮਰ ਦੇ ਸਨ।
ਭਾਰਤ ਵਿੱਚ ਕੈਂਸਰ ਦਾ ਮੁੱਖ ਕਾਰਨ ਤੰਬਾਕੂ ਹੈ। ਸੰਸਾਰ ਵਿੱਚ ਭਾਰਤ ਹੀ ਇੱਕ ਅਜਿਹਾ ਦੇਸ਼ ਹੈ ਜਿੱਥੇ ਮੂੰਹ ਦਾ ਕੈਂਸਰ ਸਭ ਤੋਂ ਜ਼ਿਆਦਾ ਪਾਇਆ ਜਾਂਦਾ ਹੈ। ਮੁਲਕ ਵਿੱਚ ਹਰ ਸਾਲ ਤਕਰੀਬਨ 75,000 ਤੋਂ 80,000 ਨਵੇਂ ਮਰੀਜ਼ ਕੈਂਸਰ ਦੀ ਸੂਚੀ ਵਿੱਚ ਸ਼ਾਮਿਲ ਹੋ ਜਾਂਦੇ ਹਨ। ਪੰਜਾਬ ਦੇ ਮਾਲਵਾ ਇਲਾਕੇ ਵਿੱਚ ਜ਼ਿਆਦਾ ਕੈਂਸਰ ਦੇ ਮਰੀਜ਼ ਪਾਏ ਜਾਂਦੇ ਹਨ। 20-30 ਫ਼ੀਸਦੀ ਮਰੀਜ਼ਾਂ ਨੂੰ ਕੈਂਸਰ ਗ਼ਲਤ ਖਾਣ ਦੀਆਂ ਆਦਤਾਂ ਅਤੇ ਸੰਭੋਗ ਦੇ ਤਰੀਕੇ ਕਾਰਨ ਹੁੰਦਾ ਹੈ। ਉਂਜ, ਕੈਂਸਰ ਕਈ ਕਾਰਨਾਂ ਕਰਕੇ ਹੋ ਸਕਦਾ ਹੈ ਜਿਵੇਂ ਕਿ ਰਹਿਣ-ਸਹਿਣ ਦਾ ਤਰੀਕਾ, ਵਾਤਾਵਰਣ, ਪਰਿਵਾਰਕ ਚਲਣ ਅਤੇ ਤਣਾਓ।
ਰਹਿਣ-ਸਹਿਣ ਦੇ ਤਰੀਕਿਆਂ ਵਿੱਚ ਖ਼ਾਸ ਤੌਰ ‘ਤੇ ਸਿਗਰਿਟ ਪੀਣਾ, ਜ਼ਿਆਦਾ ਫੈਟ ਵਾਲਾ ਭੋਜਨ ਖਾਣਾ, ਫਲਾਂ-ਸਬਜ਼ੀਆਂ ਦਾ ਘੱਟ ਪ੍ਰਯੋਗ, ਕਸਰਤ ਨਾ ਕਰਨਾ, ਸੂਰਜ ਦੀਆਂ ਪਰਾਬੈਂਗਣੀ ਕਿਰਨਾਂ ਦੇ ਸੰਪਰਕ ਵਿੱਚ ਜ਼ਿਆਦਾ ਰਹਿਣਾ ਅਤੇ ਮੋਟਾਪਾ ਆਦਿ ਸ਼ਾਮਿਲ ਹਨ। ਵਾਤਾਵਰਣ ਵੀ ਕਾਫ਼ੀ ਹੱਦ ਤਕ ਕੈਂਸਰ ਦਾ ਕਾਰਨ ਬਣ ਸਕਦਾ ਹੈ ਜਿਵੇਂ ਕਿ ਘਰ ਵਿੱਚ ਧੂੰਆਂ, ਹਵਾ ਦਾ ਪ੍ਰਦੂਸ਼ਣ, ਫੈਕਟਰੀਆਂ ਦਾ ਪ੍ਰਦੂਸ਼ਣ ਤੇ ਰਸਾਇਣਿਕ ਪਦਾਰਥਾਂ ਨਾਲ ਕੰਮ ਕਰਨਾ ਆਦਿ। ਕੈਂਸਰ ਤੋਂ ਬਚਣ ਲਈ ਸਰੀਰ ਵਿੱਚ ਪੈਦਾ ਹੋਣ ਵਾਲੇ ਕੁੱਝ ਲੱਛਣਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਤੇ ਇਹ ਲੱਛਣ ਹਨ:
ਗਲਾ ਖ਼ਰਾਬ ਜੋ ਕਿ ਠੀਕ ਹੀ ਨਾ ਹੋਵੇ।
ਬਿਨ੍ਹਾਂ ਕਾਰਨ ਖ਼ੂਨ ਨਿਕਲਣਾ ਅਤੇ ਡਿਸਚਾਰਜ ਹੋਣਾ।
ਖਾਣ ਵਿੱਚ ਹਮੇਸ਼ਾ ਮੁਸ਼ਕਲ ਹੋਣਾ।
ਕਿਸੇ ਵੀ ਦਿਖਣ ਵਾਲੇ ਮੌਕ੍ਹੇ ਦਾ ਆਕਾਰ ਬਦਲਣਾ।
ਖਾਂਸੀ ਠੀਕ ਨਾ ਹੋਣਾ ਅਤੇ ਬਲੈਡਰ ਵਿੱਚ ਤਬਦੀਲੀ।
ਸਰੀਰ ਦੇ ਕਿਸੇ ਵੀ ਅੰਗ ਦਾ ਬਿਨ੍ਹਾਂ ਕਾਰਨ ਸੁੱਜਣਾ।
30 ਫ਼ੀਸਦੀ ਤੋਂ ਜ਼ਿਆਦਾ ਕੈਂਸਰ ਕੇਸਾਂ ਨੂੰ ਕੇਵਲ ਕੈਂਸਰ ਪੈਦਾ ਕਰਨ ਵਾਲੇ ਕਾਰਨਾਂ ਨੂੰ ਬਦਲ ਕੇ ਜਾਂ ਉਨ੍ਹਾਂ ਤੋਂ ਬਚ ਕੇ ਹੀ ਰੋਕਿਆ ਜਾ ਸਕਦਾ ਹੈ। ਰੋਜ਼ਮਰ੍ਹਾ ਦੀਆਂ ਭੋਜਨ ਸਬੰਧੀ ਆਦਤਾਂ ਵਿੱਚ ਹੀ ਤਬਦੀਲੀ ਕਰਕੇ ਅਸੀਂ ਇਸ ਭਿਆਨਕ ਰੋਗ ਤੋਂ ਬਚ ਸਕਦੇ ਹਾਂ। ਹੋਈਆਂ ਖੋਜਾਂ ਤੋਂ ਬਾਅਦ ਇਹ ਪਤਾ ਚੱਲਿਆ ਹੈ ਕਿ ਕੁਦਰਤੀ ਤੌਰ ‘ਤੇ ਪਾਏ ਜਾਣ ਵਾਲੀਆਂ ਖ਼ੁਰਾਕੀ ਵਸਤਾਂ ਵਿੱਚ ਕੈਂਸਰ ਨੂੰ ਰੋਕਣ ਦੀ ਬਹੁਤ ਤਾਕਤ ਹੁੰਦੀ ਹੈ। ਇਨ੍ਹਾਂ ਖ਼ੁਰਾਕੀ ਵਸਤਾਂ ਵਿੱਚ ਕੁਦਰਤੀ ਮਸਾਲੇ ਸਭ ਤੋਂ ਮਹੱਤਵਪੂਰਨ ਹਨ ਜਿਵੇਂ ਕਿ ਮਿਰਚ, ਅਦਰਕ, ਲਸਣ, ਹਲਦੀ, ਇਲਾਈਚੀ, ਮੇਥੇ, ਸੌਂਫ, ਜੀਰਾ, ਧਨੀਆ, ਦਾਲ ਚੀਨੀ, ਅਜਵੈਨ, ਲੌਂਗ ਅਤੇ ਜਵੀਤਰੀ ਆਦਿ। ਇਹ ਮਸਾਲੇ ਸਾਡੇ ਪੰਜਾਬੀ ਖ਼ੁਰਾਕ ਦਾ ਮਹੱਤਵਪੂਰਨ ਹਿੱਸਾ ਵੀ ਹਨ। ਪਰ ਸਾਨੂੰ ਇਨ੍ਹਾਂ ਮਸਾਲਿਆਂ ਨੂੰ ਹੋਰ ਜ਼ਿਆਦਾ ਵਰਤਣਾ ਚਾਹੀਦਾ ਹੈ ਤਾਂ ਜੋ ਅਸੀਂ ਕੈਂਸਰ ਵਰਗੀ ਬਿਮਾਰੀ ਤੋਂ ਬਚ ਸਕੀਏ। ਹਰ ਇੱਕ ਮਸਾਲੇ ਦੀ ਆਪਣੀ ਸੁਗੰਧ ਅਤੇ ਮਹੱਤਤਾ ਹੈ। ਇਨ੍ਹਾਂ ਦੀ ਵਰਤੋਂ ਨਾਲ ਸਾਨੂੰ ਘੱਟ ਕੈਲਰੀਜ਼ ਨਾਲ ਜ਼ਿਆਦਾ ਸਵਾਦ ਖਾਣਾ ਮਿਲ ਸਕਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਵਿੱਚ ਫਾਈਟੋਨੂਟਰੀੲੈਂਟਜ਼ ਹੁੰਦੇ ਹਨ ਜੋ ਕਿ ਕੈਂਸਰ ਤੋਂ ਬਚਾਉਂਦੇ ਹਨ।
ਇਨ੍ਹਾਂ ਮਸਾਲਿਆਂ ਦੇ ਨਾਲ ਹੀ ਸਾਨੂੰ ਪੌਸ਼ਟਿਕ ਭੋਜਨ ਖਾਣਾ ਚਾਹੀਦਾ ਹੈ ਜਿਸ ਵਿੱਚ ਸਾਬਤ ਅਨਾਜ, ਦਾਲਾਂ, ਸਬਜ਼ੀਆਂ ਅਤੇ ਫਲ ਸ਼ਾਮਿਲ ਹੋਣ। ਭੋਜਨ ਵਿੱਚ 30 ਫ਼ੀਸਦੀ ਤੋਂ ਜ਼ਿਆਦਾ ਫੈਟ ਵੀ ਨਹੀਂ ਹੋਣੀ ਚਾਹੀਦੀ ਅਤੇ ਸੈਚੂਰੇਟਰਡ/ਠੋਸ ਫੈਟ ਜਿਵੇਂ ਕਿ ਮੱਖਣ, ਘਿਓ ਅਤੇ ਮਲਾਈ ਆਦਿ ਦੀ ਵਰਤੋਂ ਬਹੁਤ ਘੱਟ ਕਰਨੀ ਚਾਹੀਦੀ ਹੈ। ਭੋਜਨ ਵਿੱਚ ਸਾਰੀਆਂ ਸਬਜ਼ੀਆਂ ਜਿਵੇਂ ਕਿ ਘੀਆ, ਤੋਰੀ, ਬੰਦ ਗੋਭੀ, ਗੋਭੀ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਆਦਿ ਜ਼ਿਆਦਾ ਹੋਣੀਆਂ ਚਾਹੀਦੀਆਂ ਹਨ। ਭੋਜਨ ਵਿੱਚ ਖ਼ੁਰਾਕੀ ਰੇਸ਼ਾ ਵਧਾਉਣ ਲਈ ਸਾਬਤ ਅਨਾਜ ਤੇ ਦਾਲਾਂ ਆਦਿ ਦਾ ਪ੍ਰਯੋਗ ਕਰਨਾ ਚਾਹੀਦਾ ਹੈ। ਭੋਜਨ ਨੂੰ ਹੋਰ ਪੌਸ਼ਟਿਕ ਬਣਾਉਣ ਲਈ ਭੋਜਨ ਪਕਾਉਣ ਦੇ ਵੱਖ ਵੱਖ ਤਰੀਕੇ ਜਿਵੇਂ ਕਿ ਭੁੰਨਣਾ, ਪੁੰਗਰਾਉਣਾ, ਖਮੀਰੀਕਰਨ, ਉਬਾਲਣਾ ਅਤੇ ਭਾਫ ਨਾਲ ਪਕਾਉਣਾ ਆਦਿ ਅਪਣਾਉਣੇ ਚਾਹੀਦੇ ਹਨ।
ਅੱਜ-ਕੱਲ੍ਹ ਦੇ ਦੌਰ ਵਿੱਚ ਹਰ ਵਿਅਕਤੀ ਫਾਸਟ ਫੂਡ (ਬਰਗਰ, ਪੀਜ਼ਾ ਆਦਿ) ਖਾਣਾ ਪਸੰਦ ਕਰਦਾ ਹੈ। ਫਾਸਟ ਫੂਡ ਵਿੱਚ ਜ਼ਿਆਦਾ ਮਾਤਰਾ ਵਿੱਚ ਤੇਲ ਅਤੇ ਕੈਲਰੀ ਹੋਣ ਕਾਰਨ ਇਹ ਬਹੁਤ ਹੀ ਨੁਕਸਾਨਦਾਇਕ ਹੁੰਦਾ ਹੈ। ਇਸ ਵਿੱਚ ਕੋਈ ਵੀ ਪੌਸ਼ਟਿਕ ਤੱਤ ਸਹੀ ਮਾਤਰਾ ਵਿੱਚ ਨਹੀਂ ਹੁੰਦਾ। ਫਾਸਟ ਫੂਡ ਜ਼ਿਆਦਾ ਖਾਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਅਤੇ ਇਹ ਕੈਂਸਰ ਦਾ ਵੀ ਕਾਰਨ ਬਣ ਸਕਦਾ ਹੈ। ਇਸ ਲਈ ਸਾਨੂੰ ਫਾਸਟ ਫੂਡ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ।
ਕੈਂਸਰ ਤੋਂ ਬਚਾਉਣ ਵਾਲੇ ਕੁੱਝ ਅਹਿਮ ਭੋਜਨ:
ਖ਼ੁਰਾਕ ਵਿੱਚ ਬੀਟਾ-ਕੈਰੋਟੀਨ, ਵਿਟਾਮਿਨ ‘ਈ’ ਅਤੇ ‘ਸੀ’ ਵਾਲੇ ਭੋਜਨ ਜਿਵੇਂ ਕਿ ਆਂਵਲਾ, ਅਮਰੂਦ, ਆਲੂਬੁਖਾਰਾ, ਸੇਬ ਅਤੇ ਅਨਾਰ ਜ਼ਿਆਦਾ ਖਾਣੇ ਚਾਹੀਦੇ ਹਨ। ਇਹ ਤੱਤ ਐਂਟੀਆਕਸੀਡੈਂਟ ਦੇ ਰੂਪ ਵਿੱਚ ਕੰਮ ਕਰਕੇ ਸਾਨੂੰ ਕੈਂਸਰ ਤੋਂ ਬਚਾਉਂਦੇ ਹਨ।
ਸਰਦੀਆਂ ਵਿੱਚ ਪਾਲਕ ਦੀ ਵਰਤੋਂ ਜ਼ਿਆਦਾ ਕਰਨੀ ਚਾਹੀਦੀ ਹੈ ਕਿਉਂਕਿ ਇਸ ਵਿੱਚ ਲੀਊਟਨ ਨਾਂ ਦਾ ਇੱਕ ਤੱਤ ਹੁੰਦਾ ਹੈ ਜੋ ਕਿ ਛਾਤੀ ਦੇ ਕੈਂਸਰ ਤੋਂ ਬਚਾਉਂਦਾ ਹੈ।
ਸੋਇਆਬੀਨ ਵਿੱਚ ਆਈਸੋਫਲੇਵੋਨੋਲ ਹੁੰਦਾ ਹੈ ਜੋ ਕੈਂਸਰ ਤੋਂ ਬਚਾਉਂਦਾ ਹੈ।
ਅਖਰੋਟ ਅਤੇ ਦਾਖਾਂ ਦੀ ਵਰਤੋਂ ਵੀ ਕਾਫ਼ੀ ਲਾਭਦਾਇਕ ਹੁੰਦੀ ਹੈ।
ਲੌਂਗ ਦਾ ਤੇਲ, ਸਰ੍ਹੋਂ ਦਾ ਤੇਲ ਆਦਿ ਵੀ ਭੋਜਨ ਵਿੱਚ ਵਰਤਣਾ ਚਾਹੀਦਾ ਹੈ।
ਜਵੀ (ਓਟਸ) ਵਿੱਚ ਫੀਨੋਲ ਹੁੰਦੇ ਹਨ ਜੋ ਕਿ ਕੈਂਸਰ ਤੋਂ ਬਚਾਉਂਦੇ ਹਨ।
ਭੋਜਨ ਵਿੱਚ ਕੁਦਰਤੀ ਮਸਾਲਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਪੌਸ਼ਟਿਕ ਖ਼ੁਰਾਕ ਦੇ ਨਾਲ ਹੀ ਸਾਨੂੰ ਰੋਜ਼ਾਨਾ ਕਸਰਤ ਜਿਵੇਂ ਕਿ ਸੈਰ ਕਰਨਾ, ਖੇਡਣਾ ਤੇ ਨੱਚਣਾ ਆਦਿ ਚਾਹੀਦਾ ਹੈ। ਰੋਜ਼ਾਨਾ ਖ਼ੁਰਾਕ ਤੇ ਰਹਿਣ-ਸਹਿਣ ਵਿੱਚ ਥੋੜ੍ਹੀ ਜਿਹੀ ਤਬਦੀਲੀ ਕਰਕੇ ਹੀ ਅਸੀਂ ਇਸ ਭਿਆਨਕ ਰੋਗ ਤੋਂ ਬਚ ਸਕਦੇ ਹਾਂ।










