ਜਲੰਧਰ/ਫਤਿਹਗੜ੍ਹ ਸਾਹਿਬ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਖਹਿਰਾ ਵੱਲੋਂ ਉਨ੍ਹਾਂ ਨੂੰ ਲੈ ਕੇ ਜਾਰੀ ਕੀਤੇ ਗਏ ਪੋਸਟਰ ਨੂੰ ਰੱਦ ਕਰਦਿਆਂ ਕਿਹਾ ਕਿ ਪੰਜਾਬ ਅਤੇ ਪੰਜਾਬੀ ਉਨ੍ਹਾਂ ਦੀ ਵਚਨਬੱਧਤਾ ਤੇ ਲਗਨ ਤੋਂ ਭਲੀਭਾਂਤ ਜਾਣੂ ਹਨ, ਇਸ ਲਈ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਸੁਖਪਾਲ ਖਹਿਰਾ ਵੱਲੋਂ ਚੁੱਕੇ ਜਾ ਰਹੇ ਸਵਾਲਾਂ ‘ਤੇ ਭਰੋਸਾ ਨਹੀਂ ਕਰਦੇ।
ਉਨ੍ਹਾਂ ਕਿਹਾ ਕਿ ਖਹਿਰਾ ਕੇਜਰੀਵਾਲ ਪ੍ਰਤੀ ਆਪਣੀ ਵਫਾਦਾਰੀ ਸਾਬਿਤ ਕਰਨ ਲਈ ਬੇਬੁਨਿਆਦ ਦੋਸ਼ ਲਗਾ ਰਹੇ ਹਨ ਪਰ ਇਸ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਕੇਜਰੀਵਾਲ ਖਹਿਰਾ ਦੀ ਵਰਤੋਂ ਕਰ ਕੇ ਉਨ੍ਹਾਂ ਨੂੰ ਨੈਪਕਿਨ ਪੇਪਰ ਦੀ ਤਰ੍ਹਾਂ ਸੁੱਟ ਦੇਣਗੇ। ਕੇਜਰੀਵਾਲ ਦੀ ਪ੍ਰਵਿਰਤੀ ਹੀ ਅਜਿਹੀ ਹੈ ਕਿ ਉਹ ਆਗੂਆਂ ਦੀ ਵਰਤੋਂ ਆਪਣੇ ਹਿੱਤਾਂ ਲਈ ਕਰਦੇ ਹਨ ਅਤੇ ਸਮਾਂ ਨਿਕਲਣ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ‘ਚੋਂ ਕੱਢਣ ‘ਚ ਇਕ ਮਿੰਟ ਨਹੀਂ ਲਾਉਂਦੇ।
ਉਨ੍ਹਾਂ ਮਿਸਾਲ ਦਿੰਦਿਆਂ ਦੱਸਿਆ ਕਿ ਕਿਸ ਤਰ੍ਹਾਂ ਕੇਜਰੀਵਾਲ ਨੇ ਅੰਨਾ ਹਜ਼ਾਰੇ ਨੂੰ ਧੋਖਾ ਦਿੱਤਾ। ਉਨ੍ਹਾਂ ਕਿਹਾ ਕਿ ਅੰਨਾ ਹਜ਼ਾਰੇ ਦੇ ਸਹਾਰੇ ਕੇਜਰੀਵਾਲ ਪਹਿਲਾਂ ਸਿਆਸੀ ਤੌਰ ‘ਤੇ ਉਪਰ ਆਏ ਤੇ ਮਤਲਬ ਨਿਕਲਣ ਤੋਂ ਬਾਅਦ ਅੰਨਾ ਦਾ ਤਿਆਗ ਕਰ ਦਿੱਤਾ। ਬਾਅਦ ‘ਚ ਕੇਜਰੀਵਾਲ ਨੇ ਪ੍ਰਸ਼ਾਂਤ ਭੂਸ਼ਣ, ਯੋਗਿੰਦਰ ਯਾਦਵ, ਧਰਮਵੀਰ ਗਾਂਧੀ ਤੇ ਹੋਰ ਆਗੂਆਂ ਨੂੰ ਛੱਡ ਦਿੱਤਾ।
ਕੈਪਟਨ ਨੇ ਕਿਹਾ ਕਿ ਅਕਾਲੀਆਂ ਦਾ ਹਸ਼ਰ ਆਉਣ ਵਾਲੀਆਂ ਚੋਣਾਂ ‘ਚ ਬਹੁਤ ਬੁਰਾ ਹੋਣਾ ਹੈ। ਸੂਬੇ ‘ਚ ਕਾਂਗਰਸ ਹੀ ਹੁਣ ਇਕਮਾਤਰ ਬਦਲ ਹੈ ਜੋ ਪੰਜਾਬ ਨੂੰ ਵਿਕਾਸ ਦੇ ਰਾਹ ‘ਤੇ ਲਿਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਚੋਣ ਪ੍ਰੀਕਿਰਿਆ ਸ਼ੁਰੂ ਹੁੰਦੇ ਹੀ ਅਕਾਲੀਆਂ ਦਾ ਆਪਣੇ ਘਰਾਂ ‘ਚੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਵੇਗਾ। ਅਕਾਲੀ ਤਾਂ ਆਪਣੀ ਚੋਣ ਮੁਹਿੰਮ ਵੀ ਨਹੀਂ ਚਲਾ ਪਾਉਣਗੇ।
ਕੈਪਟਨ ਨੇ ਕਿਹਾ ਕਿ ਅਕਾਲੀਆਂ ਨੂੰ ਤਾਂ ਸਾਰੇ ਵਿਧਾਨ ਸਭਾ ਹਲਕਿਆਂ ‘ਚ ਉਮੀਦਵਾਰ ਵੀ ਨਹੀਂ ਮਿਲਣਗੇ। ਕਈ ਅਕਾਲੀ ਵਿਧਾਇਕ ਤਾਂ ਚੋਣ ਲੜਨਾ ਵੀ ਨਹੀਂ ਚਾਹੁੰਦੇ, ਜਦਕਿ ਕਈ ਆਪਣੇ ਹਲਕੇ ਬਦਲਣ ਲਈ ਤਿਆਰ ਬੈਠੇ ਹਨ। ਕਈ ਅਕਾਲੀ ਵਿਧਾਇਕਾਂ ਨੇ ਉਨ੍ਹਾਂ ਨਾਲ ਸੰਪਰਕ ਬਣਾਇਆ ਹੋਇਆ ਹੈ, ਜੋ ਉਚਿਤ ਸਮੇਂ ‘ਤੇ ਅਕਾਲੀ ਦਲ ਨੂੰ ਅਲਵਿਦਾ ਕਹਿ ਦੇਣਗੇ।
ਉਨ੍ਹਾਂ ਪਾਰਟੀ ਦੇ ਮੁੱਖ ਬੁਲਾਰੇ ਸੁਨੀਲ ਜਾਖੜ ਨਾਲ ਕਿਸੇ ਤਰ੍ਹਾਂ ਦੇ ਮਤਭੇਦ ਹੋਣ ਦੀਆਂ ਖਬਰਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਵੀ. ਆਈ. ਐੱਲ. ਦੇ ਮੁੱਦੇ ‘ਤੇ ਉਹ ਪੂਰੀ ਤਰ੍ਹਾਂ ਜਾਖੜ ਨਾਲ ਖੜ੍ਹੇ ਹਨ। ਜਾਖੜ ਪਾਰਟੀ ਦੇ ਸੀਨੀਅਰ ਨੇਤਾ ਹਨ ਤੇ ਉਨ੍ਹਾਂ ਦਾ ਸਾਰੇ ਨੇਤਾ ਸਨਮਾਨ ਕਰਦੇ ਹਨ, ਜਿਨ੍ਹਾਂ ਨੇ ਪੰਜਾਬ ‘ਚ ਪਾਰਟੀ ਨੂੰ ਮਜ਼ਬੂਤ ਬਣਾਉਣ ‘ਚ ਆਪਣਾ ਅਹਿਮ ਯੋਗਦਾਨ ਪਾਇਆ ਹੈ।















