ਕੁਦਰਤੀ ਸੀ ਸ਼ੇਨ ਵਾਰਨ ਦੀ ਮੌਤ – ਪੋਸਟਮੌਰਟਮ

ਬੈਂਕੌਕ: ਥਾਈਲੈਂਡ ਪੁਲੀਸ ਨੇ ਕਿਹਾ ਕਿ ਆਸਟਰੇਲੀਆਈ ਕ੍ਰਿਕਟਰ ਸ਼ੇਨ ਵਾਰਨ ਦੀ ਪੋਸਟਮੌਰਟਮ ਰਿਪੋਰਟ ਮੁਤਾਬਿਕ ਉਨ੍ਹਾਂ ਦੀ ਮੌਤ ਕੁਦਰਤੀ ਕਾਰਨਾਂ ਨਾਲ ਹੋਈ ਹੈ। ਰਾਸ਼ਟਰੀ ਪੁਲੀਸ ਦੇ ਉੱਪ ਬੁਲਾਰੇ ਕਿਸਾਨਾ ਪਾਥਨਾਚਾਰੋਨ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਪੋਸਟਮੌਰਟਮ ਕਰਨ ਵਾਲੇ ਡਾਕਟਰ ਦੀ ਰਿਪੋਰਟ ਵਾਰਨ ਦੇ ਪਰਿਵਾਰ ਅਤੇ ਦੂਤਘਰ ਨੂੰ ਭੇਜ ਦਿੱਤੀ ਗਈ। ਇਸ ‘ਚ ਕਿਹਾ ਗਿਆ ਹੈ ਕਿ ਵਾਰਨ ਦੇ ਪਰਿਵਾਰ ਨੂੰ ਇਸ ‘ਚ ਕੋਈ ਸ਼ੱਕ ਨਹੀਂ ਸੀ ਕਿ ਉਨ੍ਹਾਂ ਦੀ ਮੌਤ ਕੁਦਰਤੀ ਕਾਰਨਾਂ ਨਾਲ ਹੋਈ।
ਬਿਆਨ ‘ਚ ਮੌਤ ਦੇ ਕਾਰਨਾਂ ਦਾ ਖ਼ੁਲਾਸਾ ਨਹੀਂ ਕੀਤਾ ਗਿਆ। ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਵਾਰਨ ਥਾਈਲੈਂਡ ਦੇ ਕੋਹ ਸਮੁਈ ਟਾਪੂ ‘ਤੇ ਆਪਣੇ ਹੋਟਲ ਦੇ ਕਮਰੇ ‘ਚ ਅਚੇਤ ਪਾਏ ਗਏ ਸਨ। ਹਸਪਤਾਲ ਲੈ ਜਾਣ ‘ਤੇ ਵੀ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ। ਪੁਲੀਸ ਨੇ ਆਪਣੇ ਬਿਆਨ ‘ਚ ਕਿਹਾ ਕਿ ਪੋਸਟਮੌਰਟਮ ਜਾਂਚ ਦੀ ਰਿਪੋਰਟ ਸਰਕਾਰੀ ਵਕੀਲ ਦੇ ਦਫ਼ਤਰ ਭੇਜ ਦਿੱਤੀ ਗਈ ਹੈ ਜੋ ਕਿ ਅਚਾਨਕ ਮੌਤ ਦੇ ਸਿਲਸਿਲੇ ‘ਚ ਆਮ ਪ੍ਰਕਿਰਿਆ ਹੈ।
ਵਾਰਨ ਦੇ ਪਰਿਵਾਰ ਨੇ ਜਾਰੀ ਬਿਆਨ ‘ਚ ਕਿਹਾ ਸੀ ਕਿ ਉਨ੍ਹਾਂ ਦੀ ਮੌਤ ਪਰਿਵਾਰ ਲਈ ਕਦੀ ਨਾ ਖ਼ਤਮ ਹੋਣ ਵਾਲੇ ਇੱਕ ਬੁਰੇ ਸੁਪਨੇ ਦੀ ਸ਼ੁਰੂਆਤ ਹੈ। ਉਨ੍ਹਾਂ ਦੇ ਪਿਤਾ ਕੀਥ ਅਤੇ ਮਾਂ ਬ੍ਰਿਜਿਟ ਨੇ ਲਿਖਿਆ, ”ਸ਼ੇਨ ਤੋਂ ਬਿਨਾ ਭਵਿੱਖ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਸ ਦੇ ਨਾਲ ਅਣਗਿਣਤ ਸੁਖਦ ਯਾਦਾਂ ਨਾਲ ਸ਼ਾਇਦ ਸਾਨੂੰ ਇਸ ਦੁਖ ਤੋਂ ਉੱਭਰਨ ‘ਚ ਮਦਦ ਮਿਲ ਸਕੇ।”ਉਨ੍ਹਾਂ ਕਿਹਾ ਕਿ ਪਰਿਵਾਰ ਨੇ ਸਰਕਾਰੀ ਸਨਮਾਨ ਨਾਲ ਉਨ੍ਹਾਂ ਦੇ ਅੰਤਿਮ ਸੰਸਕਾਰ ਦੀ ਬੇਨਤੀ ਮੰਨ ਲਈ ਹੈ।
ਉਨ੍ਹਾਂ ਕਿਹਾ, ”ਸਾਰਿਆਂ ਨੂੰ ਪਤਾ ਹੈ ਕਿ ਸ਼ੇਨ ਨੂੰ ਵਿਕਟੋਰੀਆਈ ਅਤੇ ਆਸਟਰੇਲੀਆਈ ਹੋਣ ‘ਤੇ ਕਿੰਨਾ ਮਾਣ ਸੀ।”ਵਾਰਨ ਦੇ ਪੁੱਤਰ ਜੈਕਸਨ ਨੇ ਲਿਖਿਆ, ”ਮੈਨੂੰ ਨਹੀਂ ਲਗਦਾ ਕਿ ਤੁਹਾਡੇ ਜਾਣ ਨਾਲ ਮੇਰੇ ਦਿਲ ‘ਚ ਜੋ ਖ਼ਾਲੀਪਨ ਆਇਆ ਹੈ, ਉਸ ਨੂੰ ਕੋਈ ਵੀ ਕਦੀ ਭਰ ਸਕੇਗਾ। ਤੁਸੀਂ ਸਭ ਤੋਂ ਚੰਗੇ ਪਿਤਾ ਅਤੇ ਦੋਸਤ ਸੀ।”ਅਜੇ ਇਹ ਸੂਚਨਾ ਨਹੀਂ ਮਿਲੀ ਕਿ ਵਾਰਨ ਦੀ ਮ੍ਰਿਤਕ ਦੇਹ ਨੂੰ ਆਸਟਰੇਲੀਆ ਕਦੋਂ ਭੇਜਿਆ ਜਾਵੇਗਾ।