ਸਿਰਫ਼ ਇੱਕ ਮਹੀਨੇ ਵਿੱਚ ਬਣਾਓ ਸਿਕਸ ਪੈਕ ਏਬਸ! ਤੁਸੀਂ ਬਣ ਸਕਦੇ ਹੋ ਆਪਣੇ ਸ਼ਹਿਰ ਦੇ ਜੌਹਨ ਇਬ੍ਰਾਹਮ, ਸਲਮਾਨ ਖਾਨ ਜਾਂ ਅਰਨੋਲਡ ਸਵਾਰਜਨੇਗਰ’! ਇਸ ਤਰ੍ਹਾਂ ਦੀ ਇਸ਼ਤਿਹਾਰਬਾਜ਼ੀ ਪ੍ਰਸਾਰ ਮਾਧਿਅਮਾਂ, ਖਾਸ ਕਰਕੇ ਇੰਟਰਨੈਟ ‘ਤੇ ਅਕਸਰ ਵੇਖਣ ਨੂੰ ਮਿਲਦੀ ਹੈ। ਇੱਕ ਜ਼ਮਾਨਾ ਸੀ ਜਦ ਬਾਡੀ ਬਿਲਡਿੰਗ ਹੀ ਮੈਨ ਲੁੱਕ, ਸਿਕਸ ਪੈਕ ਏਬਸ ਆਦਿ ਸ਼ੁਗਲ ਪੱਛਮੀ ਦੇਸ਼ਾਂ ਅਤੇ ਪੇਸ਼ਾਵਰ ਐਥਲੀਟਾਂ, ਮਾਡਲਾਂ, ਹੀਰੋ-ਹੀਰੋਇਨਾਂ ਤੇ ਖਿਡਾਰੀਆਂ ਤਕ ਸੀਮਤ ਸੀ ਪਰ ਹੁਣ ਆਲਮ ਇਹ ਹੈ ਕਿ ਛੋਟੇ ਤੋਂ ਵੱਡੇ ਸ਼ਹਿਰਾਂ ਤਕ ‘ਹੀਮੈਨ’ ਬਣਾ ਦੇਣ ਦੇ ਦਾਅਵੇ ਕਰਨ ਵਾਲੇ ਜਿਮ ਤੇ ਕਸਰਤ ਸਥਾਨ ਧੜਾਧੜ ਖੁੱਲ੍ਹ ਰਹੇ ਹਨ। ਪਰ ਇਹ ਸਭ ਅਚਾਨਕ ਨਹੀਂ ਹੋਇਆ ਹੈ।
ਦਰਅਸਲ ਸ਼ਹਿਰੀ ਮੱਧਵਰਗੀ ਨੌਜਵਾਨਾਂ ਲਈ ਬਾਡੀ ਬਿਲਡਿੰਗ ਫ਼ੈਸ਼ਨ ਦਾ ਰੂਪ ਧਾਰਨ ਕਰ ਚੁੱਕੀ ਹੈ। ‘ਹੀ-ਮੈਨ’ ਬਣਨ ਦੀ ਚਾਹਤ ਨੂੰ ਪੂਰਾ ਕਰਨ ਲਈ ਉਹ ਬੇਝਿਜਕ ਐਨਾਬੌਲਿਕ ਸਟੀਰਾਇਡ (ਇੱਕ ਰਸਾਇਣਕ ਦਵਾਈ ਜੋ ਪੱਠਿਆਂ ਨੂੰ ਸਖ਼ਤ ਬਣਾਉਂਦੀ ਹੈ) ਦੀ ਵਰਤੋਂ ਕਰ ਰਹੇ ਹਨ। ਪੱਛਮੀ ਦੇਸ਼ਾਂ ਪਿਛੋਂ ਹੁਣ ਤੀਜੀ ਦੁਨੀਆਂ ਦੇ ਦੇਸ਼ਾਂ ਵਿੱਚ ਵੀ ਇਹ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। ਪਿੱਛੇ ਜਿਹੇ ਹੀ ਇੰਗਲੈਂਡ ਦੀ ਇੱਕ ਗ਼ੈਰ ਸਰਕਾਰੀ ਸੰਸਥਾ ‘ਸੀਆਰਆਈ’ ਨੇ ਸਟੇਰੌਇਡ ਦੀ ਵਧਦੀ ਵਰਤੋਂ ਬਾਰੇ ਇੱਕ ਸਰਵੇਖਣ ਕੀਤਾ ਹੈ ਜਿਸ ਮੁਤਾਬਕ ਪਿਛਲੇ ਸਾਲਾਂ ਵਿੱਚ ਇਹ ਹਾਨੀਕਾਰਕ ਡਰੱਗ ਦੀ ਵਰਤੋਂ ‘ਚ ਬਹੁਤ ਜ਼ਿਆਦਾ ਇਜ਼ਾਫ਼ਾ ਹੋਇਆ ਹੈ। ਇੱਕੱਲੇ ਇੰਗਲੈਂਡ ਵਿੱਚ 2010 ਤੋਂ 2013 ਦਰਮਿਆਨ ਸਟੇਰੌਇਡ ਵਰਤਣ ਵਾਲਿਆਂ ਦੀ ਤਦਾਦ ‘ਚ 645 ਫ਼ੀਸਦੀ ਵਾਧਾ ਹੋਇਆ ਹੈ। ਸੀਆਰਆਈ ਦਾ ਕਹਿਣਾ ਹੈ ਕਿ ਇੰਗਲੈਂਡ ‘ਚ ਕਰੀਬ 60 ਹਜ਼ਾਰ ਲੋਕ ਬਾਡੀ ਬਿਲਡਿੰਗ ਲਈ ਐਨਾਬੌਲਿਕ ਸਟੇਰੌਇਡ ਦੀ ਵਰਤੋਂ ਕਰ ਰਹੇ ਹਨ। ਇਹੀ ਕਾਰਨ ਹੈ ਕਿ ਹਾਨੀਕਾਰਕ ਡਰੱਗ ਦੀ ਖ਼ਰੀਦੋ-ਫ਼ਰੋਖ਼?ਤ ਤੇ ਇਸ ਦੀ ਵਰਤੋਂ ਨੂੰ ਕੰਟਰੋਲ ਕਰਨ ਵਾਲੀ ‘ਨੇਸ਼ਨ ਹੈਲਥ ਐਂਡ ਕੇਅਰ ਐਕਸੇਲੈਂਸ’ (ਐਨਆਈਸੀਟੀ) ਨੇ ਪਿੱਛੇ ਜਿਹੇ ਸਟੇਰੌਇਡ ਦੀ ਵਰਤੋਂ ਬਾਰੇ ਹਦਾਇਤਾਂ ਜਾਰੀ ਕੀਤੀਆਂ ਹਨ।
ਐਨਆਈਸੀਟੀ ਦੇ ਅਧਿਕਾਰੀ ਤੇ ਡਰੱਗ ਮਾਹਿਰ ਪ੍ਰੋਫ਼ੈਸਰ ਮਾਈਕ ਕੇਲੀ ਕਹਿੰਦੇ ਹਨ, ‘ਸਟੇਰੌਈਡ ਬਾਰੇ ਜੇ ਭਾਰਤ ਦੀ ਗੱਲ ਕਰੀਏ ਤਾਂ ਇਥੇ ਐਨਾਬੌਲਿਕ ਲਿਕਸਟੇਰੌਇਡ ਦੀ ਖ਼ਰੀਦ-ਵਿਕਰੀ ਤੋਂ ਲੈ ਕੇ ਇਸ ਨੂੰ ਵਰਤਣ ਆਦਿ ‘ਤੇ ਕੋਈ ਪਾਬੰਦੀ ਨਹੀਂ ਹੈ। ਨਾ ਸਰਕਾਰ ਤੇ ਨਾ ਹੀ ਕਿਸੇ ਹੋਰ ਸੰਸਥਾ ਕੋਲ ਕੋਈ ਰਿਕਾਰਡ ਹੈ ਕਿ ਦੇਸ਼ ‘ਚ ਕਿੰਨੇ ਲੋਕ ਗ਼ੈਰ-ਜ਼ਰੂਰੀ ਇਸ ਡਰੱਗ ਦੀ ਵਰਤੋਂ ਕਰਦੇ ਹਨ। ਵੈਸੇ ਛੋਟੇ ਸ਼ਹਿਰਾਂ ਤਕ ਫ਼ੈਲ ਚੁੱਕੇ ਬਾਡੀ ਬਿਲਡਿੰਗ ਦੇ ਫ਼ੈਸ਼ਨ ਨੂੰ ਵੇਖ ਕੇ ਹਾਲਾਤ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਪੁਣੇ ਸਿਹਤ ਡਰੱਗ ਦੇ ਮਾਹਿਰ ਡਾ. ਅਭੈ ਕੁਮਾਰ ਮੁਤਾਬਿਕ ਪਿਛਲੇ ਕੁਝ ਸਾਲਾਂ ‘ਚ ਫ਼ਿਲਮ ਤੇ ਮਨੋਰੰਜਨ ਮੀਡੀਆ ਵਿੱਚ ਸਰੀਰ ਦੀ ਨੁਮਾਇਸ਼ ਦਾ ਰਿਵਾਜ ਤੇਜ਼ੀ ਨਾਲ ਵਧਿਆ ਹੈ। ਇਸ ਨਾਲ ਅਲੜ੍ਹ ਨੌਜਵਾਨ ਵੱਧ ਅਸਰਅੰਦਾਜ਼ ਹੁੰਦੇ ਹਨ। ਉਹ ਜਲਦੀ ਹੀ- ਮੈਨ ਬਣਨ ਦੀ ਚਾਹਤ ਲੈ ਕੇ ਨੇੜੇ ਦੀ ਜਿਮ ‘ਚ ਪਹੁੰਚ ਜਾਂਦੇ ਹਨ। ਜ਼ਿਆਦਾਤਰ ਜਿਮ ‘ਚ ਯੋਗ ਮਾਸਟਰ ਤੇ ਡਾਕਟਰ ਨਹੀਂ ਹੁੰਦੇ। ਨੌਜਵਾਨ ਡਾਕਟਰਾਂ ਦੀ ਸਲਾਹ ਤੋਂ ਬਿਨਾ ਹੀ ਸਟੇਰੌਇਡ ਦੀ ਵਰਤੋਂ ਸ਼ੁਰੂ ਕਰ ਦਿੰਦੇ ਅਤੇ ਹੌਲੀ ਹੌਲੀ ਇਸ ਦੇ ਆਦੀ ਹੋ ਜਾਂਦੇ ਹਨ।’
ਜਿੱਥੋਂ ਤੱਕ ਸਟੇਰੌਇਡ ਦੀ ਖ਼ਰੀਦ-ਵਿਕਰੀ, ਦਰਾਮਦ-ਬਰਾਮਦ ਦੇ ਕਨੂੰਨੀ ਪੱਖ ਦੀ ਗੱਲ ਹੈ, ਇਸ ਬਾਰੇ ਕੌਮਾਂਤਰੀ ਪੱਧਰ ‘ਤੇ ਕੌਮੀ ਮਾਪ-ਦੰਡ ਨਹੀਂ। ਕੁਝ ਦੇਸ਼ਾਂ ‘ਚ ਇਸ ਦੀ ਬੇਲੋੜੀ ਵਰਤੋਂ ‘ਤੇ ਪਾਬੰਦੀ ਲੱਗੀ ਹੋਈ ਹੈ। ਕੁਝ ਦੇਸ਼ਾਂ ‘ਚ ਇਹ ਬਗੈਰ ਰੋਕ ਖਰੀਦੇ-ਵੇਚੇ ਅਤੇ ਵਰਤੇ ਜਾ ਸਕਦੇ ਹਨ। ਅਮਰੀਕਾ, ਕੈਨੇਡਾ, ਅਰਜਨਟਾਈਨਾ, ਬ੍ਰਾਜ਼ੀਲ, ਆਸਟ੍ਰੇਲੀਆ, ਪੁਰਤਗਾਲ ਵਰਗੇ ਕਰੀਬ 15 ਪੱਛਮੀ ਦੇਸ਼ਾਂ ਨੇ ਇਸ ‘ਤੇ ਸਖ਼ਤੀ ਨਾਲ ਪਾਬੰਦੀ ਲਾ ਰੱਖੀ ਹੈ। ਸਬੰਧਿਤ ਡਾਕਟਰ ਦੀ ਲਿਖਤੀ ਸਲਾਹਬਿਨਾ ਇਨ੍ਹਾਂ ਦੇਸ਼ਾਂ ‘ਚ ਸਟੇਰੌਇਡ ਖਰੀਦੇ ਨਹੀਂ ਜਾ ਸਕਦੇ। ਦੁਨੀਆਂ ਦੇ ਜ਼ਿਆਦਾਤਰ ਦੇਸ਼ਾਂ ‘ਚ ਅਜਿਹੀ ਕੋਈ ਸਖ਼ਤ ਪਾਬੰਦੀ ਨਹੀਂ ਹੈ। ਸਾਰੇ ਦੇਸ਼ਾਂ ਦੀਆਂ ਖੇਡ ਸੰਸਥਾਵਾਂ ਨੇ ਖਿਡਾਰੀਆਂ ਉਪਰ ਸਟੇਰੌਇਡ ਦੀ ਵਰਤੋਂ ‘ਤੇ ਸਖ਼ਤ ਪਬੰਦੀ ਲਾ ਰੱਖੀ ਹੈ। ਇਸ ਦੇ ਬਾਵਜੂਦ ਹਰ ਸਾਲ ਖਿਡਾਰੀਆਂਵੱਲੋਂ ਸਟੇਰੌਇਡ ਦੀ ਵਰਤੋਂ ਕਰਨ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ।
ਅਜੀਤਪਾਲ ਸਿੰਘ ਐੱਮ.ਡੀ.










