ਕਿਸਾਨ ਟਰੈਕਟਰ ਪਰੇਡ : ਬਠਿੰਡਾ ’ਚ ਆਇਆ ਟਰੈਕਟਰਾਂ ਦਾ ਆਇਆ ‘ਹੜ੍ਹ’

ਬਠਿੰਡਾ : ਗਣਤੰਤਰ ਦਿਵਸ ’ਤੇ ਕੀਤੀ ਜਾ ਰਹੀ ਕਿਸਾਨਾਂ ਦੀ ਟਰੈਕਟਰ ਪਰੇਡ ਨੂੰ ਲੈ ਕੇ ਬਠਿੰਡਾ ਵਿਚ ਟਰੈਕਟਰਾਂ ਦਾ ‘ਹੜ੍ਹ’ ਆ ਗਿਆ। ਜਿਹੜੇ ਕਿਸਾਨ ਦਿੱਲੀ ਪਰੇਡ ਵਿਚ ਸ਼ਾਮਲ ਨਹੀਂ ਹੋ ਸਕੇ, ਉਹ ਵੱਡੀ ਗਿਣਤੀ ਵਿਚ ਆਪਣੇ ਟਰੈਕਟਰ ਲੈ ਕੇ ਬਠਿੰਡਾ ਦੀ ਅਨਾਜ ਮੰਡੀ ਦੇ ਨੇੜੇ ਇਕੱਠੇ ਹੋਏ। ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨਾਂ ਅਤੇ ਸੈਂਕੜੇ ਟਰੈਕਟਰਾਂ ਦੇ ਇਕੱਠੇ ਹੋਣ ਨਾਲ ਪੁਲਸ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ।
ਵੱਡੀ ਗਿਣਤੀ ਵਿਚ ਟਰੈਕਟਰ ਹੁਣ ਸੜਕਾਂ ’ਤੇ ਉਤਰਨ ਨੂੰ ਤਿਆਰ ਹਨ ਜਿਸ ਕਾਰਣ ਪੁਲਸ ਪ੍ਰਸ਼ਾਸਨ ਪ੍ਰਬੰਧ ਕਰਨ ਵਿਚ ਜੁਟਿਆ ਹੋਇਆ ਹੈ। ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿਚ ਹੋਰ ਟਰੈਕਟਰ ਅਤੇ ਕਿਸਾਨਾਂ ਦੀ ਆਮਦ ਅਜੇ ਵੀ ਜਾਰੀ ਹੈ।
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਵੱਡੀ ਗਿਣਤੀ ਵਿਚ ਕਿਸਾਨਾਂ ਵਲੋਂ ਦਿੱਲੀ ‘ਚ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ। ਇਸ ਦੌਰਾਨ ਪੁਲਸ ਅਤੇ ਕਿਸਾਨਾਂ ਵਿਚਾਲੇ ਕਈ ਥਾਈਂ ਝੜਪ ਦੀਆਂ ਖ਼ਬਰਾਂ ਵੀ ਹਨ। ਕਿਸਾਨਾਂ ਦਾ ਆਖਣਾ ਹੈ ਕਿ ਜਦੋਂ ਤਕ ਪੁਲਸ ਤਿੰਨੇ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ ਉਦੋਂ ਤਕ ਅੰਦੋਲਨ ਜਾਰੀ ਰਹੇਗਾ।