ਬੌਲੀਵੁਡ ਅਦਾਕਾਰ ਅਰਜੁਨ ਕਪੂਰ ਦਾ ਮੰਨਣਾ ਹੈ ਕਿ ਆਪਣੇ ਸੁਰੱਖਿਅਤ ਖੇਤਰ ਤੋਂ ਬਾਹਰ ਨਿਕਲਣ ਲਈ ਇਹ ਜ਼ਰੂਰੀ ਹੈ ਕਿ ਉਹ ਫ਼ਿਲਮਾਂ ਦੀ ਚੋਣ ਕਰਨ ਵੇਲੇ ਆਪਣੀ ਪਸੰਦ ਭਾਰੀ ਨਾ ਪੈਣ ਦੇਵੇ। ਉਸ ਨੇ ਆਪਣੀ 2012 ਦੀ ਪਹਿਲੀ ਫ਼ਿਲਮ ਇਸ਼ਕਜ਼ਾਦੇ ਤੋਂ ਲੈ ਕੇ ਔਰੰਗ਼ਜ਼ੇਬ ਅਤੇ ਗੁੰਡੇ ਵਰਗੀਆਂ ਫ਼ਿਲਮਾਂ ਤਕ ਅਜਿਹੇ ਕਿਰਦਾਰ ਵੀ ਨਿਭਾਏ ਜੋ ਉਸ ਦੀ ਪਸੰਦ ਦੇ ਨਹੀਂ ਸਨ। ਗੱਲਬਾਤ ਦੌਰਾਨ ਉਸ ਨੇ ਕਿਹਾ, ”ਇਹ ਜ਼ਰੂਰੀ ਨਹੀਂ ਕਿ ਹਰੇਕ ਕਿਰਦਾਰ ਮੇਰੀ ਪਸੰਦ ਦਾ ਹੋਵੇ ਅਤੇ ਇਹੀ ਇੱਕ ਅਦਾਕਾਰ ਦਾ ਗੁਣ ਹੈ। ਤੁਸੀਂ ਨਿੱਜੀ ਤੌਰ ‘ਤੇ ਹਮੇਸ਼ਾ ਆਪਣੇ ਕਿਰਦਾਰ ਨਾਲ ਸਹਿਮਤ ਨਹੀਂ ਹੁੰਦੇ ਪਰ ਇੱਕ ਅਦਾਕਾਰ ਵਜੋਂ ਅਜਿਹਾ ਕਿਰਦਾਰ ਨਿਭਾਉਣਾ ਦਿਲਚਸਪ ਹੁੰਦਾ ਹੈ ਜੋ ਕਿ ਤੁਸੀਂ ਨਹੀਂ ਹੋ, ਨਹੀਂ ਤਾਂ ਮੈਂ ਆਪਣੇ ਆਪ ਨਾਲ ਖੇਡਦਾ ਰਹਾਂਗਾ।”ਉਸ ਨੇ ਕਿਹਾ ਕਿ ਟੂ ਸਟੇਟਸ ਤੋਂ ਕ੍ਰਿਸ਼ ਅਤੇ ਕੀ ਐਂਡ ਕਾ ਤੋਂ ਕਬੀਰ ਵਰਗੇ ਕੁੱਝ ਕਿਰਦਾਰ ਹਨ ਜਿਹੜੇ ਉਸ ਵਰਗੇ ਹਨ।
37 ਸਾਲਾ ਅਦਾਕਾਰ ਨੇ ਕਿਹਾ, ”ਕੁਝ ਕਿਰਦਾਰ ਤੁਹਾਡੇ ਨਾਲ ਮੇਲ ਖਾਂਦੇ ਹਨ, ਇਸ ਵਾਸਤੇ ਤੁਸੀਂ ਟੂ ਸਟੇਟਸ ਅਤੇ ਕੀ ਐਂਡ ਕਾ ਵਰਗੀਆਂ ਫ਼ਿਲਮਾਂ ਵੱਲ ਆਕਰਸ਼ਿਤ ਹੋ ਜਾਂਦੇ ਹੋ ਪਰ ਇਹ ਹਰ ਵਾਰ ਨਹੀਂ ਹੁੰਦਾ। ਤੁਸੀਂ ਆਪਣੇ ਆਪ ਨੂੰ ਐਨੀ ਗੰਭੀਰਤਾ ਨਾਲ ਨਹੀਂ ਲੈ ਸਕਦੇ ਕਿ ਤੁਸੀਂ ਆਪਣੇ ਖ਼ਿਆਲਾਂ ‘ਚੋਂ ਹੀ ਨਾ ਨਿਕਲ ਸਕੋ। ਤੁਹਾਨੂੰ ਇਹ ਵਿਸ਼ਵਾਸ ਕਰਨਾ ਪਵੇਗਾ ਕਿ ਤੁਸੀਂ ਜੋ ਵੀ ਕਰ ਰਹੇ ਹੋ ਉਹ ਮਨੋਰੰਜਨ ਲਈ ਹੈ ਅਤੇ ਦਰਸ਼ਕਾਂ ਨਾਲ ਜੁੜਨ ਲਈ ਹੈ।”ਉਸ ਦੀ ਅਗਲੀ ਫ਼ਿਲਮ ਏਕ ਵਿਲੇਨ ਰਿਟਰਨਜ਼ ਹੈ ਜੋ ਇੱਕ ਬਦਲਾ ਲੈਣ ਵਾਲੀ ਰੋਮਾਂਟਿਕ-ਐਕਸ਼ਨ ਫ਼ਿਲਮ ਹੈ ਜਿਸ ‘ਚ ਜੌਹਨ ਐਬਰਾਹਿਮ, ਤਾਰਾ ਸੁਤਾਰੀਆ ਅਤੇ ਦਿਸ਼ਾ ਪਟਾਨੀ ਵੀ ਹਨ। ਇਹ ਫ਼ਿਲਮ 29 ਜੁਲਾਈ ਨੂੰ ਰਿਲੀਜ਼ ਹੋਵੇਗੀ।











