ਕਿਉਂ ਪੈਦਾ ਹੁੰਦਾ ਹੈ ਤਨਾਅ?

ਅੱਜ ਦੇ ਆਧੁਨਿਕ ਸੰਸਾਰ ‘ਚ ਸਾਡੀ ਕੁਦਰਤੀ ਤਨਾਅ ਸੰਚਾਰ ਪ੍ਰਣਾਲੀ ਲਗਭਗ ਖੁਸ਼ਕ ਹੁੰਦੀ ਜਾ ਰਹੀ ਹੈ। ਇਹ ਸਿਸਟਮ ਅਜਿਹੇ ਸਾਰੇ ਕਾਰਨ ਪੈਦਾ ਕਰ ਰਿਹਾ ਹੈ ਜੋ ਸਾਡੇ ਲਈ ਕਈ ਜਾਨਲੇਵਾ ਬੀਮਾਰੀਆਂ ਪੈਦਾ ਕਰਦੇ ਹਨ। ਤਨਾਅ ਸੰਚਾਰ ਦੀ ਇਸ ਹਾਲਤ ਨੂੰ ਕਰੌਨਿਕ ਕੈਟਾਬਲਿਜ਼ਮ ਦਾ ਨਾਂ ਦਿੱਤਾ ਗਿਆ ਹੈ। ਇਹ ਸਾਡਾ ਲੁਕਵਾਂ ਦੁਸ਼ਮਣ ਹੈ। ਅੱਜ ਹਰ ਵਿਅਕਤੀ ਕਿਸੇ ਨਾ ਕਿਸੇ ਤਰ੍ਹਾਂ ਦੇ ਤਨਾਅ ਦਾ ਸ਼ਿਕਾਰ ਹੈ। ਮੁੱਖ ਤੌਰ ‘ਤੇ ਤਨਾਅ ਨੂੰ ਚਾਰ ਕਿਸਮਾਂ ‘ਚ ਵੰਡਿਆ ਗਿਆ ਹੈ:
– ਸ਼ਰੀਰਕ ਤਨਾਅ
– ਮਾਨਸਿਕ ਤਨਾਅ
– ਪ੍ਰਦੂਸ਼ਣ ਕਾਰਨ ਹੋਣ ਵਾਲਾ ਤਨਾਅ
– ਆਕਸੀਡੇਟਿਵ ਤਨਾਅ
ਤਨਾਅ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕੰਮ ਕਰਨ ਦੀ ਥਾਂ, ਆਮਦਨ ਅਤੇ ਪਰਿਵਾਰਕ ਮਸਲੇ ਜਾਂ ਨਿੱਜੀ ਸਬੰਧ। ਸ਼ਰੀਰਕ ਅਤੇ ਮਾਨਸਿਕ ਤਨਾਅ ਹੌਰਮੋਨ ਅਸੰਤੁਲਨ ਪੈਦਾ ਕਰ ਕੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਜਨਮ ਦਿੰਦਾ ਹੈ ਜਿਵੇਂ ਦਿਲ ਦੀ ਧੜਕਨ ਦਾ ਵਧਣਾ, ਨਬਜ਼ ਅਤੇ ਸਾਹ ਦੀ ਗਤੀ ਵਧਣਾ, ਪਾਚਨ ਸ਼ਕਤੀ ਦਾ ਘਟ ਜਾਣਾ, ਨੀਂਦ ਘੱਟ ਆਉਣਾ, ਖ਼ੂਨ ਦੇ ਦਬਾਅ ਦਾ ਵਧਣਾ, ਪੱਠਿਆਂ ਦਾ ਤਨਾਅ, ਸਿਰਦਰਦ, ਨਿਪੁੰਸਕਤਾ, ਬਾਂਝਪਨ, ਵਿਚਾਰਾਂ ‘ਚ ਤਬਦੀਲੀ ਆਉਣਾ, ਸੁਭਾਅ ਦਾ ਚਿੜਚਿੜਾ ਹੋ ਜਾਣਾ ਤੇ ਗੁੱਸਾ ਆਉਣਾ।
ਇਸ ਤੋਂ ਇਲਾਵਾ ਕਈ ਹੋਰ ਰੋਗ ਜਿਵੇਂ ਡਿਪਰੈਸ਼ਨ, ਥਕਾਵਟ, ਉਦਾਸੀ, ਕ੍ਰੋਧ, ਬੇਅਰਾਮੀ, ਯਾਦਦਾਸ਼ਤ ਘੱਟ ਹੋ ਜਾਣਾ ਅਤੇ ਇਕਾਗਰਤਾ ਦੀ ਕਮੀ ਵੇਖਣ ‘ਚ ਆਉਂਦੇ ਹਨ। ਤਨਾਅ ਲਈ ਸਾਡੀ ਆਧੁਨਿਕ ਜੀਵਨ ਸ਼ੈਲੀ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੈ। ਤਨਾਅ ਦੀ ਸਥਿਤੀ ‘ਚ ਕੌਰਟੀਸੋਲ ਹੌਰਮੋਨ ਪੈਦਾ ਹੁੰਦਾ ਹੈ ਜੋ ਸਾਡੇ ਪਾਚਨ ਤੰਤਰ ਨੂੰ ਨੁਕਸਾਨ ਪਹੁੰਚਾਉਂਦਾ ਹੈ।
ਤਨਾਅ ਦੌਰਾਨ ਸਾਡੇ ਸ਼ਰੀਰ ‘ਚ ਪੌਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ, ਇਸ ਲਈ ਅਜਿਹੀ ਸਥਿਤੀ ‘ਚ ਸਾਨੂੰ ਜ਼ਰੂਰੀ ਪੌਸ਼ਕ ਤੱਤਾਂ ਵਾਲੀ ਖ਼ੁਰਾਕ ਲੈਣੀ ਚਾਹੀਦੀ ਹੈ। ਇਨ੍ਹਾਂ ਪੌਸ਼ਕ ਤੱਤਾਂ ‘ਚ ਅਮੀਨੋ ਐਸਿਡ, ਚਰਬੀ ਅਤੇ ਜ਼ਿੰਕ, ਕਰੋਮੀਅਮ, ਫ਼ਾਸਫ਼ੋਰਸ ਅਤੇ ਕੈਲਸ਼ੀਅਮ ਆਦਿ ਸ਼ਾਮਿਲ ਹਨ ਜੋ ਹਰ ਤਰ੍ਹਾਂ ਦੇ ਹੌਰਮੋਨਜ਼ ਬਣਾਉਣ ਲਈ ਜ਼ਿੰਮੇਵਾਰ ਹਨ।
ਜੜ੍ਹੀਆਂ ਬੂਟੀਆਂ ਦੀ ਚਿਕਿਤਸਾ ‘ਚ ਤਨਾਅ ਘੱਟ ਕਰਨ ਲਈ ਕਈ ਜੜ੍ਹੀਆਂ-ਬੂਟੀਆਂ ਦਾ ਜ਼ਿਕਰ ਮਿਲਦਾ ਹੈ ਜਿਵੇਂ ਅਸ਼ਵਗੰਧਾ, ਬ੍ਰਾਹਮੀ, ਜਟਾਮਾਂਸੀ, ਤੁਲਸੀ, ਚਮੇਲੀ ਅਤੇ ਵਰਵੇਨ।
ਤਨਾਅ ਘੱਟ ਕਰਨ ਵਾਲੇ ਪਦਾਰਥ: ਅਖਰੋਟ, ਬਾਦਾਮ, ਸੂਰਜਮੁਖੀ ਦੇ ਬੀਜ, ਮੂੰਗਫ਼ਲੀ, ਅਲਸੀ ਦੇ ਬੀਜ, ਗਾਂ ਦਾ ਦੁੱਧ ਤੇ ਮੱਖਣ, ਮੂੰਗ, ਲੋਬੀਆ, ਤੋਫ਼ੂ, ਪਿਸਤਾ, ਐਵੋਕਾਡੋ, ਸ਼ਕਰਕੰਦੀ, ਸੰਤਰਾ, ਸੁੱਕੀ ਖੁਰਮਾਨੀ, ਸੈਲਮਨ ਮੱਛੀ, ਗਰੀਨ ਚਾਹ, ਗੈਨੋ ਟੀ, ਕੌਪਲੈਕਸ ਕਾਰਬੋਹਾਈਡ੍ਰੇਟਸ, ਕਾਲੀ ਚੌਕਲੇਟ, ਬਰੌਕਲੀ, ਚੁਕੰਦਰ, ਕਾਜੂ, ਦੁੱਧ, ਬਰਾਊਨ ਚਾਵਲ ਅਤੇ ਹਰੇ ਪੱਤੇ ਵਾਲੀਆਂ ਸਬਜ਼ੀਆਂ। ਕਰੌਨਿਕ ਕੈਟਾਬਲਿਜਮ ‘ਆਧੁਨਿਕ ਤਨਾਅ ਦਾ ਮੁੱਖ ਕਾਰਨ ਹੈ ਜੋ ਸਾਹਮਣੇ ਨਹੀਂ ਆਉਂਦਾ। ਆਓ, ਇਸ ਤੋਂ ਛੁਟਕਾਰਾ ਪਾ ਕੇ ਤਨਾਅਮੁਕਤ ਜ਼ਿੰਦਗੀ ਜਿਉਣ ਲਈ ਕੁੱਝ ਤਰੀਕਿਆਂ ਬਾਰੇ ਜਾਣੀਏ:
ਊਰਜਾਯੁਕਤ ਭੋਜਨ: ਅੱਜਕੱਲ੍ਹ ਦੇ ਸਟਾਰਚ ਅਤੇ ਕਾਰਬੋਹਾਈਡ੍ਰੇਟਸ ਵਾਲੇ ਭੋਜਨ ਪਦਾਰਥਾਂ ‘ਚ ਪੌਸ਼ਕ ਤੱਤਾਂ ਅਤੇ ਸ਼ਕਤੀ ਦੀ ਘਾਟ ਹੈ। ਫ਼ੈਟ ਫ਼ਰੀ ਦੇ ਨਾਂ ‘ਤੇ ਵਿਕਦੇ ਪਦਾਰਥਾਂ ‘ਚ ਪਾਈ ਜਾਣ ਵਾਲੀ ਰਿਫ਼ਾਈਨਡ ਸ਼ੂਗਰ ਹੋਰ ਵੀ ਘਾਤਕ ਸਿੱਧ ਹੋ ਰਹੀ ਹੈ। ਇਹ ਸ਼ੂਗਰ ਐਡਰੀਨਲ ਗਲੈਂਡ ਨੂੰ ਗ਼ੈਰ-ਕੁਦਰਤੀ ਤਰੀਕੇ ਨਾਲ ਉਤੇਜਿਤ ਕਰਦੀ ਹੈ ਜੋ ਉਸ ਹੌਰਮੋਨਜ਼ ਦੇ ਰਿਸਾਅ ਨੂੰ ਵਧਾਉਂਦੀ ਹੈ ਅਤੇ ਪਹਿਲੇ ਪੜਾਅ ‘ਤੇ ਸਮੱਸਿਆ ਪੈਦਾ ਕਰਦਾ ਹੈ। ਜ਼ਰੂਰੀ ਊਰਜਾ ਲਈ ਵਧੀਆ ਕਿਸਮ ਦਾ ਪ੍ਰੋਟੀਨ ਲੈਣਾ ਚਾਹੀਦਾ ਹੈ ਜੋ ਅਨਾਜ ਦੀ ਬਜਾਏ ਪਸ਼ੂਆਂ ਦੇ ਮਾਸ, ਸਪੀਰੂਲੀਨਾ, ਫ਼ਲ ਅਤੇ ਸਬਜ਼ੀਆਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।
ਵਧੀਆ ਚਰਬੀ ਲਈ ਖਾਣ ਵਾਲੇ ਬੀਜ, ਜੈਤੂਨ ਤੇਲ ਤੇ ਕੌਰਡ ਲਿਵਰ ਔਇਲ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਬਹੁਤ ਘੱਟ ਮਾਤਰਾ ‘ਚ ਮਿਲਦੇ ਕੌਰਪਿਕ ਅਤੇ ਲੌਰਿਕ ਐਸਿਡ ਸਿਰਫ਼ ਮਾਂ ਦੇ ਦੁੱਧ, ਬੱਕਰੀ ਅਤੇ ਗਾਂ ਦੇ ਦੁੱਧ ‘ਚ ਹੀ ਪਾਏ ਜਾਂਦੇ ਹਨ।
ਪੱਠਿਆਂ ਨਾਲ ਐਡਰੀਨਲ ਗਲੈਂਡ ਦੀ ਮਜ਼ਬੂਤੀ: ਹਰ ਸਾਲ ਸਾਡੇ ਪੱਠੇ ਸੁੰਗੜਦੇ ਹਨ ਅਤੇ ਉਨ੍ਹਾਂ ਦੀ ਜਗ੍ਹਾ ‘ਤੇ ਚਰਬੀ ਭਰ ਜਾਂਦੀ ਹੈ। ਤਾਕਤਵਰ ਪੱਠੇ ਐਡਰੀਨਲ ਗਲੈਂਡ ਦੀ ਕਾਰਜ ਵਿਧੀ ਨੂੰ ਕੰਟਰੋਲ ਕਰਦੇ ਹਨ। ਇਸ ਤੋਂ ਇਲਾਵਾ ਸ਼ਰੀਰਕ ਕੰਮ ਤਨਾਅ ਵਾਲੇ ਹਾਰਮੋਨ ਕੌਰਟੀਸੋਲ ਨੂੰ ਖ਼ਤਮ ਕਰਨ ਲਈ ਸ਼ਰੀਰ ਦੀ ਮਦਦ ਕਰਦਾ ਹੈ। ਪੱਠਿਆਂ ਦੀ ਮਜ਼ਬੂਤੀ ਲਈ ਖ਼ਾਸ ਤਰ੍ਹਾਂ ਦੀ ਹਲਕੀ ਕਸਰਤ ਕਰਨੀ ਚਾਹੀਦੀ ਹੈ। ਭਾਰੀ ਕਸਰਤ ਅਤੇ ਜਿੰਮ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਤਨਾਅ-ਮੁਕਤ ਹੋਣ ਦਾ ਕੁਦਰਤੀ ਇਲਾਜ: DHEA ਇੱਕ ਐਂਟੀ-ਸਟਰੈੱਸ ਹੌਰਮੋਨ ਹੈ ਜਿਸ ਨੂੰ ਐਡਰੀਨਲ ਗਲੈਂਡ ਪੈਦਾ ਕਰਦਾ ਹੈ। ਇਸ ਦੀ ਕਮੀ ਨਾਲ ਰੋਗ ਨਿਰੋਧਕ ਸ਼ਕਤੀ ‘ਚ ਕਮੀ, ਕੈਂਸਰ, ਬਾਂਝਪਨ, ਦਿਲ ਦੇ ਰੋਗ, ਜਲਦੀ ਬੁਢਾਪਾ, ਉਮਰ ਦਾ ਘਟਣਾ ਅਤੇ ਡਿਪਰੈਸ਼ਨ ਜਿਹੀਆਂ ਬੀਮਾਰੀਆਂ ਘੇਰ ਲੈਂਦੀਆਂ ਹਨ। ਸ਼ਰੀਰ ‘ਚ ਇਸ ਦੀ ਮਾਤਰਾ ਸੀਮਤ ਹੁੰਦੀ ਹੈ। 20 ਸਾਲ ਦੀ ਉਮਰ ‘ਚ ਇਹ ਜ਼ਿਆਦਾ ਹੁੰਦਾ ਹੈ ਅਤੇ ਚਾਲੀ ਸਾਲ ਤਕ ਪਹੁੰਚਦਿਆਂ ਇਸ ਦੀ ਮਾਤਰਾ 50 ਫ਼ੀਸਦੀ ਰਹਿ ਜਾਂਦੀ ਹੈ। ਜਿੰਨਾ ਜ਼ਿਆਦਾ ਤਨਾਅ ਹੋਵੇਗਾ, ਓਨੀ ਜਲਦੀ ਇਸ ਦੀ ਮਾਤਰਾ ਘਟਦੀ ਜਾਵੇਗੀ। ਕੌਰਟੀਸੋਲ ਉਮਰ ਦੇ ਹਿਸਾਬ ਨਾਲ ਵਧਦਾ ਜਾਂਦਾ ਹੈ ਜੋ DHEA ਦੀ ਕਮੀ ਲਈ ਜ਼ਿੰਮੇਵਾਰ ਹੁੰਦਾ ਹੈ। ਇਸ ਦੀ ਕਮੀ ਨੂੰ ਪੂਰਾ ਕਰਨ ਲਈ ਅਦਰਕ, ਦਾਲਚੀਨੀ ਅਤੇ ਹਲਦੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
ਸ਼ਰੀਰ ਦੀ ਸਫ਼ਾਈ: ਹਰ ਰੋਜ਼ ਪ੍ਰਦੂਸ਼ਨ, ਕੈਮੀਕਲ ਅਤੇ ਨਦੀਨਨਾਸ਼ਕਾਂ ਦੇ ਰੂਪ ‘ਚ ਹਜ਼ਾਰਾਂ ਜ਼ਹਿਰ ਸਾਡੇ ਸ਼ਰੀਰ ‘ਚ ਜਾ ਰਹੇ ਹਨ। ਸ਼ਰੀਰ ਦੀ ਸਫ਼ਾਈ ਮੁਹਿੰਮ ਨੂੰ ਤੇਜ਼ ਅਤੇ ਐਡਰੀਨਲ ਗਲੈਂਡ ਨੂੰ ਚਾਰਜ ਕਰਨ ਅਤੇ ਕਰੋਨਿਕ ਕੈਟਾਬਲਿਜਮ ਦੇ ਅਸਰ ਨੂੰ ਘੱਟ ਕਰਨ ਲਈ ਐਂਟੀ-ਔਕਸੀਡੈਂਟ ਤੇ ਪੌਸ਼ਕ ਤੱਤ ਲੈਣੇ ਚਾਹੀਦੇ ਹਨ ਜਿਵੇਂ ਐੱਨ-ਐਸੀਟਾਈਲ-ਸਿਸਟੀਨ, ਕੈਲਸ਼ੀਅਮ ਡੀ-ਗਲੂਕਾਰੇਟ, ਮੈਥੀਓਨਾਈਨ, ਟੌਰੀਨ, ਐਲਫ਼ਾ ਲਿਪੋਇਕ ਐਸਿਡ, ਸੇਮ, MSM, ਕਲੋਰੈਲਾ, ਸਪੀਰੂਲੀਨਾ, ਕਿਲਾਨਟਰੋ, ਮਿਲਕ ਥਿਸਲ, ਇਰਵਿੰਗੀਆ ਗਾਬੋਨੈਸਿਸ ਅਤੇ ਕਾਨਾ ਆਦਿ।
ਡੂੰਘਾ ਸਾਹ ਲੈਣਾ: ਆਯੁਰਵੈਦ ਅਤੇ ਹੋਰ ਪੁਰਾਣੀਆਂ ਚਿਕਿਤਸਾ ਪ੍ਰਣਾਲੀਆਂ ‘ਚ ਵੱਖ-ਵੱਖ ਤਰ੍ਹਾਂ ਦੀਆਂ ਸਾਹ ਲੈਣ ਦੀਆਂ ਵਿਧੀਆਂ ਬਾਰੇ ਵਰਣਨ ਮਿਲਦਾ ਹੈ। ਸਾਡੇ ਪੁਰਖੇ ਇਨ੍ਹਾਂ ਦਾ ਇਸਤੇਮਾਲ ਦਿਮਾਗ਼ੀ ਤਰੰਗਾਂ ਨੂੰ ਹੌਲੀ ਕਰਨ ਵਾਸਤੇ ਕਰਦੇ ਸਨ। ਡੂੰਘੇ ਸਾਹ ਲੈਣ ਨਾਲ ਐਡਰੀਨਲ ਹੌਰਮੋਨ ਸੰਤੁਲਿਤ ਹੁੰਦੇ ਹਨ।
ਤਨਾਅ ਦਾ ਸਾਹਮਣਾ ਕਰਨਾ: ਕਈ ਵਾਰ ਅਸੀਂ ਕਿਸੇ ਸਮੱਸਿਆ ਦੇ ਆਉਣ ‘ਤੇ ਤਨਾਅ ਮਹਿਸੂਸ ਕਰਦੇ ਹਾਂ ਅਤੇ ਉਸ ਤੋਂ ਛੁਟਕਾਰਾ ਪਾਉਣ ਲਈ ਸੋਚਣਾ ਸ਼ੁਰੂ ਕਰ ਦਿੰਦੇ ਹਾਂ ਜੋ ਹੋਰ ਤਨਾਅਗ੍ਰਸਤ ਕਰ ਦਿੰਦਾ ਹੈ। ਇਹ ਤਨਾਅ ਸਾਡੇ ਵਿਚਾਰਾਂ ਨੂੰ ਪ੍ਰਭਾਵਿਤ ਕਰਦਾ ਹੈ। ਇਸ ਤੋਂ ਬਚਣ ਦਾ ਤਰੀਕਾ ਹੈ ਆਪਣਾ ਧਿਆਨ ਕਿਸੇ ਹੋਰ ਪਾਸੇ ਲਾਉਣਾ, ਜਿਵੇਂ ਕੋਈ ਕਿਤਾਬ ਪੜ੍ਹਨਾ, ਮੈਡੀਟੇਸ਼ਨ ਕਰਨਾ ਜਾਂ ਧਿਆਨ ਲਗਾਉਣਾ ਆਦਿ।
ਸੌਣ ਦਾ ਢੰਗ: ਤੁਹਾਡੇ ਸੌਣ ਦੇ ਢੰਗ ‘ਤੇ ਨਿਰਭਰ ਕਰਦਾ ਹੈ ਕਿ ਉਹ ਤਨਾਅ ਨਾਲ ਕਿਵੇਂ ਨਜਿਠਦਾ ਹੈ। ਬਹੁਤ ਜ਼ਿਆਦਾ ਅਤੇ ਬਹੁਤ ਘੱਟ ਸੌਣਾ ਦੋਵੇਂ ਤਨਾਅ ਨਾਲ ਲੜਨ ਦੀ ਸ਼ਰੀਰਕ ਸਮਰੱਥਾ ਨੂੰ ਪ੍ਰਭਾਵਿਤ ਕਰਦੇ ਹਨ। ਔਸਤਨ ਸੌਣ ਦਾ ਸਮਾਂ ਸੱਤ ਤੋਂ ਅੱਠ ਘੰਟੇ ਹੋਣਾ ਚਾਹੀਦਾ ਹੈ। ਅੱਜ ਦੇ ਮਨੁੱਖ ਨੇ ਆਪਣੇ-ਆਪ ਨੂੰ ਨਿੱਜ ਤਕ ਸੀਮਤ ਕਰ ਲਿਆ ਹੈ ਜੋ ਤਨਾਅ ਦਾ ਸਭ ਤੋਂ ਵੱਡਾ ਕਾਰਨ ਹੈ। ਆਪਣੀਆਂ ਭਾਵਨਾਵਾਂ ਨੂੰ ਦਬਾ ਕੇ ਰੱਖਣ ਦੀ ਬਜਾਏ ਸਾਨੂੰ ਲੋਕਾਂ ਨਾਲ ਗੱਲਬਾਤ ਅਤੇ ਹਾਸਾ-ਮਜ਼ਾਕ ਕਰਨਾ ਚਾਹੀਦਾ ਹੈ। ਭਾਵਨਾਵਾਂ ਵਿਅਕਤ ਕਰਨ ਨਾਲ ਵਿਅਕਤੀ ਕਾਫ਼ੀ ਹਲਕਾ ਮਹਿਸੂਸ ਕਰਦਾ ਹੈ।