ਨਵੀਂ ਦਿੱਲੀ : ਕਾਰਗਿਲ ਯੁੱਧ ਦੇ ਸ਼ਹੀਦਾਂ ਦੀ ਯਾਦ ‘ਚ ਐਤਵਾਰ ਨੂੰ ਨਵੀਂ ਦਿੱਲੀ ਦੇ ਵਿਜੇ ਚੌਕ ਤੋਂ ਇੰਡੀਆ ਗੇਟ ਤਕ ‘ਵਿਜੇ ਦੌੜ’ ਦਾ ਆਯੋਜਨ ਹੋਇਆ। ਲੈਫਟੀਨੈਂਟ ਜਨਰਲ ਅਸ਼ਵਨੀ ਕੁਮਾਰ ਨੇ ਸਵੇਰੇ 6.00 ਵਜੇ ‘ਵਿਜੇ ਦੌੜ’ ਨੂੰ ਹਰੀ ਝੰਡੀ ਦਿਖਾਈ। ਫੌਜ ਵਲੋਂ ਹਰ ਸਾਲ ਅੱਜ ਦੇ ਦਿਨ ਇਸ ਪ੍ਰਕਾਰ ਦੀ ਦੌੜ ਦਾ ਆਯੋਜਨ ਕੀਤਾ ਜਾਂਦਾ ਹੈ। ਭਾਰਤੀ ਫੌਜ ਨੇ ਟਵੀਟ ਕੀਤਾ, ”ਕਾਰਗਿਲ ਦੇ ਨਾਇਕਾਂ ਦੇ ਸਾਹਸ, ਵੀਰਤਾ ਅਤੇ ਬਲੀਦਾਨ ਦੇ ਸਨਮਾਨ ‘ਚ ਐਤਵਾਰ ਸਵੇਰੇ 6.00 ਵਜੇ ਨਵੀਂ ਦਿੱਲੀ ਦੇ ਵਿਜੇ ਚੌਕ ‘ਤੇ ‘ਵਿਜੇ ਦੌੜ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਆਓ, ਫੌਜ ਦੇ ਬਹਾਦਰਾਂ ਨਾਲ ਦੌੜੀਏ।”
ਭਾਰਤੀ ਫੌਜ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪਬਲਿਕ ਇਨਫਾਰਮੇਸ਼ਨ ਨੇ ਜਾਣਕਾਰੀ ਦਿੱਤੀ ਕਿ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦੇ ਦਿਹਾਂਤ ਦੀ ਵਜ੍ਹਾ ਕਰ ਕੇ ਇੰਡੀਆ ਗੇਟ ‘ਤੇ ਟਰਾਈ-ਸਰਵਿਸ ਬੈਂਡ ਦਾ ਪ੍ਰਦਰਸ਼ਨ 22 ਜੁਲਾਈ ਤਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਕਾਰਗਿਲ ਯੁੱਧ ਦੀ 20ਵੀਂ ਵਰ੍ਹੇਗੰਢ ਦੀ ਥੀਮ ‘ਯਾਦ ਰੱਖੋ, ਖੁਸ਼ ਰਹੋ ਅਤੇ ਨਵੀਂ ਸ਼ੁਰੂਆਤ ਕਰੀਏ’ ਹੈ। ਰੱਖਿਆ ਮੰਤਰਾਲੇ ਨੇ ਕਿਹਾ, ”ਅਸੀਂ ਸਾਡੇ ਸ਼ਹੀਦਾਂ ਦੇ ਬਲੀਦਾਨਾਂ ਨੂੰ ਯਾਦ ਕਰ ਕੇ ਅਤੇ ਆਪਣੇ ਮਨ ਵਿਚ ਉਨ੍ਹਾਂ ਪ੍ਰਤੀ ਮਾਣ ਅਤੇ ਸਨਮਾਨ ਦੀ ਭਾਵਨਾ ਜਗਾ ਕੇ ਉਨ੍ਹਾਂ ਨੂੰ ਯਾਦ ਰੱਖਦੇ ਹਾਂ। ਅਸੀਂ ਕਾਰਗਿਲ ਦੀ ਜਿੱਤ ਦਾ ਜਸ਼ਨ ਮਨਾ ਕੇ ਆਨੰਦ ਦਾ ਅਨੁਭਵ ਕਰਦੇ ਹਾਂ। ਜ਼ਿਕਰਯੋਗ ਹੈ ਕਿ ਭਾਰਤ ਨੂੰ ਮਈ 1999 ‘ਚ ਕਾਰਗਿਲ ਵਿਚ ਪਾਕਿਸਤਾਨੀ ਘੁਸਪੈਠੀਏ ਦੇ ਦਾਖਲ ਹੋਣ ਅਤੇ ਇਸ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਬਾਰੇ ਖੁਫੀਆ ਜਾਣਕਾਰੀ ਪ੍ਰਾਪਤ ਹੋਈ, ਜਿਸ ਤੋਂ ਬਾਅਦ ਭਾਰਤੀ ਫੌਜ ਨੇ ਮੁਹਿੰਮ ਵਿਜੇ ਸ਼ੁਰੂ ਕੀਤੀ, ਜਿਸ ਤੋਂ ਕਾਰਗਿਲ ਯੁੱਧ ਦੀ ਸ਼ੁਰੂਆਤ ਹੋਈ। ਇਸ ਤਰ੍ਹਾਂ ਭਾਰਤੀ ਹਵਾਈ ਫੌਜ ਨੇ ਵੀ ਮੁਹਿੰਮ ਸਫੈਦ ਸਾਗਰ ਸ਼ੁਰੂ ਕੀਤੀ ਸੀ, ਜਿਸ ਦੇ ਨਤੀਜੇ ਵਜੋਂ ਕਾਰਗਿਲ ਯੁੱਧ ‘ਚ ਭਾਰਤ ਦੀ ਜਿੱਤ ਹੋਈ।















