ਨਵੀਂ ਦਿੱਲੀ- ਕਾਮੇਡੀਅਨ ਕਪਿਲ ਸ਼ਰਮਾ ਨੂੰ ਧਮਕੀ ਦੇਣ ਵਾਲੇ ਬਦਨਾਮ ਗੈਂਗਸਟਰ ਰੋਹਿਤ ਗੋਦਾਰਾ-ਹੈਰੀ ਬਾਕਸਰ ਗੈਂਗ ਦੇ 4 ਸ਼ੂਟਰਾਂ ਨੂੰ ਐਨਕਾਊਂਟਰ ਤੋਂ ਬਾਅਦ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੂੰ ਦਿੱਲੀ ਅਤੇ ਮੋਹਾਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਗ੍ਰਿਫ਼ਤਾਰ ਕੀਤੇ ਗਏ ਸ਼ੂਟਰ ਫਿਰੌਤੀ ਨਾ ਦੇਣ ’ਤੇ ਮੋਹਾਲੀ ਦੇ ਇਕ ਵਪਾਰੀ ਨੂੰ ਮਾਰਨ ਦੀ ਸਾਜ਼ਿਸ਼ ਰਚ ਰਹੇ ਸਨ। ਮੁਕਾਬਲੇ ਵਿਚ ਕਾਰਤਿਕ ਜਾਖੜ ਨੂੰ ਗੋਲੀ ਲੱਗੀ। ਇਸ ਗੈਂਗ ਵਿਰੁੱਧ ਇਕ ਨੇਤਾ ਤੋਂ 30 ਕਰੋੜ ਰੁਪਏ ਵਸੂਲਣ, ਕਤਲ ਦੀ ਕੋਸ਼ਿਸ਼ ਅਤੇ ਹੋਰ ਘਿਨਾਉਣੇ ਅਪਰਾਧਾਂ ਦੇ ਕਈ ਮਾਮਲੇ ਦਰਜ ਹਨ। ਉਨ੍ਹਾਂ ਤੋਂ 4 ਲੋਡਿਡ ਪਿਸਤੌਲ ਅਤੇ 20 ਕਾਰਤੂਸ ਬਰਾਮਦ ਕੀਤੇ ਗਏ ਹਨ।
ਵਧੀਕ ਪੁਲਸ ਕਮਿਸ਼ਨਰ ਪ੍ਰਮੋਦ ਸਿੰਘ ਕੁਸ਼ਵਾਹਾ ਨੇ ਦੱਸਿਆ ਕਿ ਪੁਲਸ ਨੇ ਪਹਿਲਾਂ 27 ਅਗਸਤ ਦੀ ਰਾਤ ਨੂੰ ਨਿਊ ਅਸ਼ੋਕ ਨਗਰ ਵਿਚ ਇਕ ਸੰਖੇਪ ਮੁਕਾਬਲੇ ਤੋਂ ਬਾਅਦ ਉਕਤ ਗੈਂਗ ਦੇ ਕਾਰਤਿਕ ਜਾਖੜ ਅਤੇ ਕਵਿਸ਼ ਫੁਟੇਲਾ ਨੂੰ ਗ੍ਰਿਫ਼ਤਾਰ ਕੀਤਾ ਸੀ।
ਉਨ੍ਹਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਗਿਰੋਹ ਦੇ 2 ਹੋਰ ਮੈਂਬਰਾਂ ਮਨੋਜ ਅਤੇ ਪਵਨ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੋਵੇਂ ਰਾਜਸਥਾਨ ਦੇ ਹਨੂੰਮਾਨਗੜ੍ਹ ਦੇ ਰਹਿਣ ਵਾਲੇ ਹਨ।















