ਸਿਆਸੀ ਗਲਿਆਰਿਆਂ ’ਚ ਅਜੇ ਵੀ ਇਹ ਸਮਝਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਐਕਟੀਵਿਸਟ ਸੋਨਮ ਵਾਂਗਚੁਕ ਦੀ ਭੁੱਖ ਹੜਤਾਲ ਖਤਮ ਕਰਵਾਉਣ ’ਚ ਕਾਂਗਰਸ ਦੇ ਰਾਜ ਸਭਾ ਮੈਂਬਰ ਵਿਵੇਕ ਤਨਖਾ ਨੇ ਅਚਾਨਕ ਕੀ ਭੂਮਿਕਾ ਨਿਭਾਈ। ਉਦੋਂ ਤੱਕ ਮੋਦੀ ਸਰਕਾਰ ਇਸ ਸੰਕਟ ਨੂੰ ਘੱਟ ਕਰਨ ਲਈ ਹੱਥ-ਪੈਰ ਮਾਰ ਰਹੀ ਸੀ। 20 ਜੁਲਾਈ ਨੂੰ ਜੰਤਰ-ਮੰਤਰ ’ਤੇ ਹੋਈਆਂ ਘਟਨਾਵਾਂ ਤੋਂ ਬਾਅਦ ਅਧਿਕਾਰੀਆਂ ਨੂੰ ਡਰ ਸੀ ਕਿ ਹਾਲਾਤ ਹੋਰ ਵਿਗੜ ਸਕਦੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਦਫਤਰ (ਪੀ. ਐੱਮ. ਓ.) ਨੇ ਵਾਂਗਚੁਕ ਨੂੰ ਆਪਣੀ ਭੁੱਖ ਹੜਤਾਲ ਖਤਮ ਕਰਨ ਲਈ ਮਨਾਉਣ ਵਾਸਤੇ ਹਰੇਕ ਸੰਭਵ ਸੰਪਰਕ ਨੂੰ ਐਕਟਿਵ ਕਰ ਦਿੱਤਾ ਸੀ। ਇੱਥੋਂ ਹੀ ਤਨਖਾ ਦੀ ਐਂਟਰੀ ਹੋਈ।
ਸੀਨੀਅਰ ਕਾਂਗਰਸ ਲੀਡਰ ਦੇ ਵਾਂਗਚੁਕ ਨਾਲ ਚੰਗੇ ਰਿਸ਼ਤੇ ਹਨ। ਉਨ੍ਹਾਂ ਨੇ ਨੈਸ਼ਨਲ ਸਕਿਓਰਿਟੀ ਐਕਟ (ਐੱਨ. ਐੱਸ. ਏ.) ਤਹਿਤ ਹਿਰਾਸਤ ’ਚ ਲਏ ਜਾਣ ਤੋਂ ਬਾਅਦ ਸੁਪਰੀਮ ਕੋਰਟ ’ਚ ਉਨ੍ਹਾਂ ਦਾ ਸਫਲਤਾਪੂਰਵਕ ਕੇਸ ਲੜਿਆ ਸੀ, ਇਸ ਲਈ ਉਨ੍ਹਾਂ ਦੀ ਅਪੀਲ ਕਿਸੇ ਵੀ ਸਰਕਾਰੀ ਦੂਤ ਤੋਂ ਕਿਤੇ ਜ਼ਿਆਦਾ ਅਹਿਮਿਅਤ ਰੱਖਦੀ ਸੀ। ਤਨਖਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਿਰਫ ਇਸ ਲਈ ਦਖਲ ਦਿੱਤਾ ਕਿਉਂਕਿ ਉਨ੍ਹਾਂ ਨੂੰ ਵਾਂਗਚੁਕ ਦੀ ਵਿਗੜਦੀ ਸਿਹਤ ਦੀ ਚਿੰਤਾ ਸੀ। ਹਾਲਾਂਕਿ, ਸਿਆਸੀ ਸੂਤਰਾਂ ਦਾ ਦਾਅਵਾ ਹੈ ਕਿ ਸਰਕਾਰੀ ਵਿਚੋਲਿਆਂ ਨੇ ਚੁੱਪਚਾਪ ਉਨ੍ਹਾਂ ਨਾਲ ਸੰਪਰਕ ਕੀਤਾ, ਜਦੋਂ ਉਨ੍ਹਾਂ ਦੀਆਂ ਆਪਣੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ।
ਤਨਖਾ ਨੇ ਪੂਰੀ ਤਰ੍ਹਾਂ ਇਨਸਾਨੀਅਤ ਦੇ ਨਾਤੇ ਕੰਮ ਕੀਤਾ ਜਾਂ ਉਹ ਅਣਜਾਣੇ ’ਚ ਸਰਕਾਰ ਅਤੇ ਵਾਂਗਚੁਕ ਵਿਚਾਲੇ ਇਕ ਪੁਲ ਬਣ ਗਏ, ਇਹ ਹੁਣ ਜ਼ੋਰਦਾਰ ਸਿਆਸੀ ਚਰਚਾ ਦਾ ਵਿਸ਼ਾ ਹੈ। ਇਸ ਗੱਲ ’ਤੇ ਕੋਈ ਸ਼ੱਕ ਨਹੀਂ ਹੈ ਕਿ ਭੁੱਖ ਹੜਤਾਲ ਅਚਾਨਕ ਖਤਮ ਹੋ ਗਈ ਅਤੇ ਪੀ. ਐੱਮ. ਓ. ਇਕ ਮੁਸ਼ਕਲ ਸਿਆਸੀ ਸੰਕਟ ਤੋਂ ਬਚ ਨਿਕਲਿਆ। ਅੰਦਰ ਦੇ ਲੋਕਾਂ ਦਾ ਕਹਿਣਾ ਹੈ ਕਿ ਪੂਰੀ ਕਹਾਣੀ ਅਜੇ ਸਾਹਮਣੇ ਆਉਣੀ ਬਾਕੀ ਹੈ।















