ਕਪੂਰਥਲਾ – ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਸ਼ੁੱਕਰਵਾਰ ਨੂੰ ਵੀ ਅਦਾਲਤ ਤੋਂ ਰਾਹਤ ਨਹੀਂ ਮਿਲੀ। ਪੁਲਸ ਵੱਲੋਂ ਰਿਕਾਰਡ ਪੇਸ਼ ਕਰਨ ’ਤੇ ਵਿਧਾਇਕ ਖਹਿਰਾ ਦੀ ਜ਼ਮਾਨਤ ਨੂੰ ਲੈ ਕੇ ਮਾਣਯੋਗ ਅਦਾਲਤ ਨੇ ਫੈਸਲੇ ਦੀ ਤਾਰੀਕ 15 ਜਨਵਰੀ ਰੱਖੀ ਹੈ। ਮਾਣਯੋਗ ਅਦਾਲਤ ਵੱਲੋਂ ਦੋਵਾਂ ਧਿਰਾਂ ਦੀ ਬਹਿਸ ਤੋਂ ਬਾਅਦ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਹੈ, ਜਿਸ ਦੇ ਚੱਲਦੇ ਵਿਧਾਇਕ ਖਹਿਰਾ ਲੋਹੜੀ ਦਾ ਤਿਉਹਾਰ ਆਪਣੇ ਘਰ ਵਿਚ ਮਨਾਉਣ ਦੀ ਬਜਾਏ ਜੇਲ੍ਹ ਵਿਚ ਹੀ ਮਨਾਉਣਗੇ।
ਵਿਧਾਇਕ ਖਹਿਰਾ ਦਾ 13 ਜਨਵਰੀ ਨੂੰ ਜਨਮ ਦਿਨ ਵੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਘਰ ਪੈਦਾ ਹੋਏ ਉਨ੍ਹਾਂ ਦੇ ਪੋਤੇ ਦੀ ਵੀ ਪਹਿਲੀ ਲੋਹੜੀ ਹੈ। ਪਰ ਇਸ ਵਾਰ ਉਹ ਲੋਹੜੀ ਅਤੇ ਆਪਣਾ ਜਨਮਦਿਨ ਜੇਲ੍ਹ ‘ਚ ਹੀ ਮਨਾਉਣਗੇ ਕਿਉਂਕਿ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ 15 ਜਨਵਰੀ, ਭਾਵ ਲੋਹੜੀ ਤੋਂ 2 ਦਿਨ ਬਾਅਦ ਹੋਵੇਗੀ। ਦੱਸ ਦੇਈਏ ਕਿ ਖਹਿਰਾ ਨੇ ਦੀਵਾਲੀ ਵੀ ਜੇਲ੍ਹ ‘ਚ ਹੀ ਮਨਾਈ ਸੀ।
ਸੁਖਪਾਲ ਸਿੰਘ ਖਹਿਰਾ ਨੇ ਕਪੂਰਥਲਾ ਦੇ ਥਾਣਾ ਸੁਭਾਨਪੁਰ ਵਿਚ ਦਰਜ ਹੋਏ ਮਾਮਲੇ ਨੂੰ ਲੈ ਕੇ ਹਾਈ ਕੋਰਟ ਵਿਚ ਵੀ ਪਟੀਸ਼ਨ ਦਾਇਰ ਕੀਤੀ ਹੈ, ਜਿਸ ‘ਚ ਖਹਿਰਾ ‘ਤੇ ਦੋਸ਼ ਲਗਾਏ ਗਏ ਹਨ ਕਿ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਖ਼ਿਲਾਫ਼ ਦਰਜ ਇਕ ਅਪਰਾਧਿਕ ਮਾਮਲੇ ਵਿਚ ਗਵਾਹ ਨੂੰ ਧਮਕਾਇਆ ਤੇ ਸਬੂਤਾਂ ਨੂੰ ਮਿਟਾਉਣ ਦੇ ਯਤਨ ਕੀਤੇ ਹਨ। ਇਸ ਮਾਮਲੇ ਬਾਰੇ ਉਨ੍ਹਾਂ ਦੇ ਪੁੱਤਰ ਐਡਵੋਕੇਟ ਮਹਿਤਾਬ ਸਿੰਘ ਨੇ ਕਿਹਾ ਕਿ ਸੁਭਾਨਪੁਰ ਥਾਣੇ ‘ਚ ਦਰਜ ਕਰਵਾਈ ਇਹ ਐੱਫ.ਆਈ.ਆਰ. ਬਿਲਕੁਲ ਝੂਠੀ ਹੈ, ਜਿਸ ਨੂੰ ਰੱਦ ਕਰਨ ਲਈ ਹਾਈਕੋਰਟ ‘ਚ ਅਪੀਲ ਕੀਤੀ ਗਈ ਹੈ।















