ਕਲਕੱਤਾ— ਪੱਛਮੀ ਬੰਗਾਲ ਦੀ ਰਾਜਧਾਨੀ ਕਲਕੱਤਾ ਦੇ ਨਾਰਕੇਲਡੰਗਾ ਇਲਾਕੇ ‘ਚ ਬੁੱਧਵਾਰ ਨੂੰ ਕੁਝ ਸ਼ਰਾਰਤੀ ਤੱਤਾਂ ਨੇ ਨੇਤਾਜੀ ਸੁਭਾਸ਼ ਚੰਦਰ ਬੌਸ ਦੀ ਮੂਰਤੀ ਤੋੜ ਦਿੱਤੀ। ਵੀਰਵਾਰ ਨੂੰ ਸਥਾਨਕ ਪੁਲਸ ਸਟੇਸ਼ਨ ਤੋਂ ਬਾਹਰ ਪਹੁੰਚੇ ਲੋਕਾਂ ਨੇ ਪ੍ਰਦਰਸ਼ਨ ਕਰਕੇ ਮੂਰਤੀ ਤੋੜਨ ਵਾਲੇ ਸ਼ਰਾਰਤੀ ਤੱਤਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਆਲੇ-ਦੁਆਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਮੂਰਤੀ ਜਾਨ-ਬੁੱਝ ਕੇ ਇਲਾਕੇ ‘ਚ ਹਿੰਸਾ ਫੈਲਾਉਣ ਲਈ ਤੋੜੀ ਗਈ ਹੈ।
ਇਹ ਮੂਰਤੀ ਨਾਰਕੇਲਡੰਗਾ ਦੇ ਪਾਰਕ ‘ਚ ਲੱਗੀ ਹੈ। ਇਸ ਨੂੰ 10 ਸਾਲ ਪਹਿਲਾਂ ਸਥਾਪਿਤ ਕੀਤਾ ਗਿਆ ਸੀ। ਬੁੱਧਵਾਰ ਦੀ ਰਾਤ ‘ਚ ਇਹ ਮੂਰਤੀ ਸੁਰੱਖਿਅਤ ਸੀ। ਦੱਸਿਆ ਜਾ ਰਿਹਾ ਹੈ ਕਿ ਕੁਝ ਸ਼ਰਾਰਤੀ ਤੱਤਾਂ ਨੇ ਮੂਰਤੀ ਤੋੜ ਦਿੱਤੀ ਤਾਂ ਕਿ ਇਲਾਕੇ ‘ਚ ਅਸ਼ਾਂਤੀ ਫੈਲਾ ਸਕਣ। ਦੇਖਦੇ ਹੀ ਦੇਖਦੇ ਲੋਕਾਂ ਦੀ ਭੀੜ ਮੌਕੇ ‘ਤੇ ਜਮਾ ਹੋ ਗਈ। ਲੋਕ ਮੋਬਾਇਲ ‘ਚ ਤਸਵੀਰਾਂ ਅਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਲੱਗੇ। ਸੂਚਨਾ ਮਿਲਣ ‘ਤੇ ਪੁਲਸ ਨੇ ਮਾਮਲਾ ਵਧਣ ਤੋਂ ਪਹਿਲਾਂ ਹੀ ਟੁੱਟੀ ਮੂਰਤੀ ਦੇ ਹਿੱਸੇ ਨੂੰ ਤੁਰੰਤ ਠੀਕ ਕਰਵਾਇਆ ਗਿਆ। ਅਣਜਾਣ ਲੋਕਾਂ ਦੇ ਖਿਲਾਫ ਐੈੱਫ.ਆਈ.ਆਰ. ਦਰਜ ਕੀਤੀ ਗਈ ਹੈ।
ਫਾਰਵਰਡ ਬਲਾਕ ਯੂਥ ਵਿੰਗ ਦੇ ਸਕੱਤਰ ਸੁਦੀਪਤ ਬੈਨਰਜ਼ੀ ਨੇ ਕਿਹਾ ਹੈ ਕਿ ਸਾਡੇ ਲੋਕਾਂ ਵੱਲੋਂ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਉਨ੍ਹਾਂ ਮੂਰਤੀ ਤੋੜਨ ਵਾਲਿਆਂ ਨੂੰ ਕਾਬੂ ਕਰਨ ਲਈ ਇਕ ਦਿਨ ਦਾ ਸਮਾਂ ਦਿੱਤਾ ਹੈ। ਜੇਕਰ ਇਕ ਦਿਨ ‘ਚ ਗ੍ਰਿਫਤਾਰ ਨਹੀਂ ਕੀਤੇ ਗਏ ਤਾਂ ਥਾਣੇ ਦੇ ਬਾਹਰ ਫਿਰ ਪ੍ਰਦਰਸ਼ਨ ਕਰਨਗੇ।















