ਕਰਫਿਊ ਦੌਰਾਨ ਜਲੰਧਰ ‘ਚ ਵੱਡੀ ਵਾਰਦਾਤ, ਪੈਟਰੋਲ ਬੰਬ ਨਾਲ ਪੁਲਸ ਮੁਲਾਜ਼ਮਾਂ ‘ਤੇ ਹਮਲਾ

ਜਲੰਧਰ — ਜਲੰਧਰ ਨੇੜੇ ਪੈਂਦੇ ਪਿੰਡ ਪੰਡੋਰੀ ਜਗੀਰ ‘ਚ ਕਰਫਿਊ ਦੌਰਾਨ ਪੁਲਸ ਮੁਲਾਜ਼ਮਾਂ ‘ਤੇ ਪੈਟਰੋਲ ਬੰਬ ਨਾਲ ਹਮਲਾ ਕਰਨ ਦੀ ਖਬਰ ਮਿਲੀ ਹੈ। ਹਮਲੇ ‘ਚ ‘ਚ ਏ. ਐੱਸ. ਆਈ. ਸਰੂਪ ਸਿੰਘ ਅਤੇ ਹੋਮ ਗਾਰਡ ਦੇ ਮੁਲਾਜ਼ਮ ਰਛਪਾਲ ਸਿੰਘ ਝੁਲਸ ਗਏ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਹਮਲਾ ਕਰਨ ਵਾਲਾ ਸ਼ਰਾਬ ਦਾ ਕਰਿੰਦਾ ਹੈ। ਜਾਣਕਾਰੀ ਮੁਤਾਬਕ ਇਹ ਦੋਵੇਂ ਮੁਲਾਜ਼ਮ ਨੂਰਮਹਿਲ ਥਾਣੇ ‘ਚ ਤਾਇਨਤ ਹਨ। ਇਹ ਦੋਵੇਂ ਸੋਮਵਾਰ ਨੂੰ ਬਾਈਕ ਤੋਂ ਜਾ ਰਹੇ ਸਨ ਕਿ ਪਿੰਡ ਪੰਡੋਰੀ ਜਗੀਰ ‘ਚ ਸੜਕ ਕੰਢੇ ਖੜ੍ਹੇ ਇਕ ਵਿਅਕਤੀ ਨੇ ਪੁਲਸ ਮੁਲਾਜ਼ਮਾਂ ਨੂੰ ਦੇਖ ਕੇ ਉਨ੍ਹਾਂ ‘ਤੇ ਪੈਟਰੋਲ ਬੰਬ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਦੋਵੇਂ ਮੁਲਾਜ਼ਮ ਬੁਰੀ ਤਰ੍ਹਾਂ ਝੁਲਸ ਗਏ। ਪੁਲਸ ਨੇ ਬਾਅਦ ‘ਚ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਹਮਲਾ ਕਰਨ ਵਾਲੇ ਦੀ ਪਛਾਣ ਦੇਸ ਰਾਜ ਪੁੱਤਰ ਤਾਰਾ ਚੰਦ ਦੇ ਰੂਪ ‘ਚ ਹੋਈ ਹੈ, ਜੋਕਿ ਪੰਡੋਰੀ ਜਗੀਰ ਥਾਣਾ ਨੂਰਮਹਿਲ ਦਾ ਰਹਿਣ ਵਾਲਾ ਹੈ। ਪੁੱਛਗਿੱਛ ‘ਚ ਦੇਸ ਰਾਜ ਨੇ ਦੱਸਿਆ ਕਿ ਉਸ ਨੇ ਇਹ ਹਮਲਾ ਰੰਜਿਸ਼ ਕਰਕੇ ਕੀਤਾ ਹੈ। ਉਸ ਨੇ ਪੁਲਸ ਮੁਲਾਜ਼ਮਾਂ ‘ਤੇ ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ।