ਇੱਕਬਾਲ ਸਿੰਘ ਜੱਬੋਵਾਲੀਆ

ਪਰੋ ਕਬੱਡੀ ਲੀਗ: ਨਿਤਿਨ ਨੇ ਪਾਈ ਸਭ ਤੋਂ ਮਹਿੰਗੀ ਕੌਡੀ
ਨਵੀਂ ਦਿੱਲੀ: ਪਰੋ ਕਬੱਡੀ ਲੀਗ ਦੇ ਵਰਤਮਾਨ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ ਦੇ ਅੱਜ ਦੂਜੇ ਦਿਨ ਵਿਦੇਸ਼ੀ ਖਿਡਾਰੀ ਜੁੰਗ ਕੁਨ ਲੀ ਨੂੰ ਬੰਗਾਲ ਵਾਰੀਅਰਜ਼ ਨੇ 80.3 ਲੱਖ ਰੁਪਏ ਦੀ ਸਭ ਤੋਂ ਉੱਚੀ ਬੋਲੀ ਦਿੰਦਿਆਂ ਰਾਖ਼ਵਾਂ ਰੱਖਿਆ। ਇਸੇ ਤਰ੍ਹਾਂ ਜੂਨੀਅਰ ਨੈਸ਼ਨਲ ‘ਚ ਕਾਂਸੀ ਦਾ ਤਗ਼ਮਾ ਜੇਤੂ ਸਚਿਨ ਨੂੰ ਗੁਜਰਾਤ ਨੇ 36 ਲੱਖ ਰੁਪਏ ਵਿੱਚ ਖ਼ਰੀਦਿਆ। ਨਿਲਾਮੀ ਦੇ ਪਹਿਲੇ ਦਿਨ ਕੱਲ੍ਹ ਕੈਟਾਗਿਰੀ ‘ਏ’ ਦੇ ਖਿਡਾਰੀਆਂ ਦੀ ਚੋਣ ਕੀਤੀ ਗਈ ਸੀ ਜਦਕਿ ਦੂਜੇ ਦਿਨ ਕੈਟਾਗਿਰੀ ‘ਬੀ’, ‘ਸੀ’ ਤੇ ‘ਡੀ’ ਦੇ ਖਿਡਾਰੀਆਂ ਦੀ ਨਿਲਾਮੀ ਕੀਤੀ ਗਈ।
ਪਰੋ-ਕਬੱਡੀ ਲੀਗ ਦੇ ਵਰਤਮਾਨ ਸੀਜ਼ਨ ਲਈ ਕੱਲ੍ਹ ਹੋਈ ਬੋਲੀ ‘ਚ ਇਰਾਨ ਦਾ ਖਿਡਾਰੀ ਅਬੋਜ਼ਰ ਮੋਹਾਜਰਮਿਗ਼ਾਨੀ ਸਭ ਤੋਂ ਮਹਿੰਗੇ ਮੁੱਲ ਖ਼ਰੀਦਿਆ ਗਿਆ ਸੀ ਜਦਕਿ ਭਾਰਤੀ ਖਿਡਾਰੀਆਂ ‘ਚ ਸਭ ਤੋਂ ਉੱਚੀ ਬੋਲੀ ਨਿਤਿਨ ਤੋਮਰ ਦੇ ਲਈ ਦਿੱਤੀ ਗਈ। ਅਬੋਜ਼ਰ ਨੂੰ ਨਵੀਂ ਫ਼ਰੈਂਚਾਇਜ਼ੀ ਗੁਜਰਾਤ ਨੇ 50 ਲੱਖ ਰੁਪਏ ‘ਚ ਖ਼ਰੀਦਿਆ ਹੈ। ਟੀਮ ਯੁਪੀ ਨੇ ਨਿਤਿਨ ਨੂੰ ਸਭ ਤੋਂ ਉੱਚੀ ਬੋਲੀ ਦੇ ਕੇ ਇਸ ਸਾਲ 93 ਲੱਖ ਰੁਪਏ ਅਦਾ ਕਰਕੇ ਆਪਣੀ ਟੀਮ ਦਾ ਹਿੱਸਾ ਬਣਾਇਆ ਹੈ। ਹਾਲਾਂਕਿ ਉਸ ਦਾ ਮੁੱਢਲਾ ਮੁੱਲ 20 ਲੱਖ ਰੁਪਏ ਸੀ। ਇਸ ਤੋਂ ਇਲਾਵਾ ਹੋਰ ਵਿਦੇਸ਼ੀ ਖਿਡਾਰੀ ਜਿਹੜੇ ਉੱਚੀ ਬੋਲੀ ‘ਤੇ ਖ਼ਰੀਦੇ ਗਏ ਹਨ, ਉਨ੍ਹਾਂ ‘ਚ ਇਰਾਨ ਦਾ ਅਬੋਲਫ਼ੇਜ਼ਲ (ਦਿੱਲੀ, ਲਗਭਗ 32 ਲੱਖ ਰੁਪਏ) ਤੇ ਫ਼ਰਹਾਦ ਰਹੀਮੀ (ਤੇਲਗੂ ਟਾਈਟਨਸ, 29 ਲੱਖ ਰੁਪਏ) ਪ੍ਰਮੁੱਖ ਹਨ।
ਨਿਤਿਨ ਤੋਂ ਇਲਾਵਾ ਭਾਰਤੀ ਖਿਡਾਰੀਆਂ ਰੋਹਿਤ ਕੁਮਾਰ (ਬੈਂਗਲੁਰੂ ਬੁੱਲਸ, 81 ਲੱਖ ਰੁਪਏ), ਮਨਜੀਤ ਚਿੱਲਰ (ਜੈਪੁਰ ਪਿੰਕ ਪੈਂਥਰਜ਼, 75.5 ਲੱਖ ਰੁਪਏ) ਤੇ ਸੁਰਜੀਤ ਸਿੰਘ (ਬੰਗਾਲ ਵਾਰੀਅਰਜ਼, 73 ਲੱਖ ਰੁਪਏ) ਨੂੰ ਵੀ ਉੱਚੇ ਮੁੱਲ ‘ਤੇ ਖ਼ਰੀਦਿਆ ਗਿਆ ਹੈ। ਦੋ ਦਿਨਾਂ ਨਿਲਾਮੀ ਦੇ ਪਹਿਲੇ ਦਿਨ ਕੁੱਲ 27.27 ਕਰੋੜ ਰੁਪਏ ‘ਤੇ 60 ਖਿਡਾਰੀਆਂ ਦੀ ਚੋਣ ਕੀਤੀ ਗਈ ਸੀ।
ਇਸ ਦੌਰਾਨ 12 ਫ਼ਰੈਂਚਾਇਜ਼ੀ ਨਿਲਾਮੀ ਦਾ ਹਿੱਸਾ ਬਣੀਆਂ ਤੇ ਨਿਲਾਮੀਆਂ ਦਾ ਕਾਫ਼ੀ ਲੰਮਾ ਦੌਰ ਚੱਲਿਆ। ਹਰੇਕ ਫ਼ਰੈਂਚਾਇਜ਼ੀ ਨੂੰ ਇੱਕ ਘਰੇਲੂ ਜਾਂ ਵਿਦੇਸ਼ੀ ਖਿਡਾਰੀ ਨੂੰ   ਰਾਖ਼ਵਾਂ ਰੱਖਣ ਦੀ ਇਜਾਜ਼ਤ ਦਿੱਤੀ ਗਈ ਸੀ। ਨਵੀਆਂ ਟੀਮਾਂ ਨੂੰ ਨਿਲਾਮੀ ਤੋਂ ਪਹਿਲਾਂ ਤਰਜੀਹੀ ਤੌਰ ‘ਤੇ ਇੱਕ ਖਿਡਾਰੀ ਚੁਣਨ ਦੀ ਖੁੱਲ੍ਹ ਦਿੱਤੀ ਗਈ ਸੀ।