ਬੇਗੋਵਾਲ/ਹੁਸ਼ਿਆਰਪੁਰ — ਸੂਬੇ ‘ਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ, ਜਿਸ ਦਰਮਿਆਨ ਅੱਜ ਹਲਕਾ ਭੁਲੱਥ ਅਧੀਨ ਪੈਂਦੇ ਪੁਲਸ ਥਾਣੇ ਬੇਗੋਵਾਲ ਦਾ ਏ. ਐੱਸ. ਆਈ. ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਦੱਸ ਦੇਈਏ ਕਿ ਉਕਤ ਏ. ਐੱਸ. ਆਈ. ਦਸੂਹਾ ਇਲਾਕੇ ਦੇ ਗੋਰਸੀਆਂ ਪਿੰਡ ਦਾ ਵਸਨੀਕ ਹੈ ਅਤੇ ਬੇਗੋਵਾਲ ਥਾਣੇ ‘ਚ ਤਾਇਨਾਤ ਹੈ। ਜੋ ਰਾਤ 8 ਵਜੇ ਬੇਗੋਵਾਲ ਥਾਣੇ ਤੋਂ ਡਿਊਟੀ ਕਰਕੇ ਘਰ ਗਿਆ ਸੀ। ਹੁਣ ਇਸ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਬੇਗੋਵਾਲ ਸ਼ਹਿਰ ਅਤੇ ਇਲਾਕੇ ਦੇ ਲੋਕ ਖ਼ੌਫ਼ ‘ਚ ਹਨ, ਕਿਉਂਕਿ ਪੁਲਸ ਇਲਾਕੇ ‘ਚ ਕਿਤੇ ਨਾ ਕਿਤੇ ਡਿਊਟੀ ‘ਤੇ ਤਾਇਨਾਤ ਰਹਿੰਦੀ ਹੈ।
ਦੂਜੇ ਪਾਸੇ ਇਸ ਸੰਬੰਧੀ ਸਿਵਲ ਸਰਜਨ ਕਪੂਰਥਲਾ ਡਾ. ਜਸਮੀਤ ਕੌਰ ਬਾਵਾ ਨਾਲ ਗਲਬਾਤ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਪੂਲ ਸੈਂਪਲਿੰਗ ਦੌਰਾਨ ਥਾਣਾ ਬੇਗੋਵਾਲ ਤੋਂ ਪੁਲਸ ਕਰਮਚਾਰੀਆਂ ਦੇ ਕੋਰੋਨਾ ਦੀ ਜਾਂਚ ਲਈ ਨਮੂਨੇ ਲਏ ਗਏ ਸਨ। ਜਿਨ੍ਹਾਂ ‘ਚੋਂ ਇਕ ਏ. ਐੱਸ. ਆਈ. ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਜੋ ਹੁਣ ਆਪਣੇ ਘਰ ‘ਚ ਹੈ, ਜੋ ਜ਼ਿਲ੍ਹਾ ਹੁਸ਼ਿਆਰਪੁਰ ਪੈਂਦਾ ਹੈ। ਇਸ ਕਰਕੇ ਸਿਵਲ ਸਰਜਨ ਹੁਸ਼ਿਆਰਪੁਰ ਨੂੰ ਉਕਤ ਪਾਜ਼ੇਟਿਵ ਕੇਸ ਬਾਰੇ ਜਾਣੂੰ ਕਰਵਾ ਦਿੱਤਾ ਗਿਆ ਹੈ ਅਤੇ ਹੁਣ ਇਸ ਏ. ਐੱਸ. ਆਈ. ਨੂੰ ਹੁਸ਼ਿਆਰਪੁਰ ਦੇ ਕੋਵਿਡ ਕੇਅਰ ਸੈਂਟਰ ‘ਚ ਰਖਿਆ ਜਾਵੇਗਾ।















