ਓਮਾਨ ‘ਚ 4 ਲੱਖ ’ਚ ਵੇਚੀ ਪੰਜਾਬੀ ਕੁੜੀ 2 ਮਹੀਨੇ ਸੜਕਾਂ ’ਤੇ ਰਹੀ ਭਟਕਦੀ, ਸੰਤ ਸੀਚੇਵਾਲ ਯਤਨਾਂ ਸਦਕਾ ਪਰਤੀ ਘਰ

ਸੁਲਤਾਨਪੁਰ ਲੋਧੀ-ਜਲੰਧਰ ਜ਼ਿਲ੍ਹੇ ਦੀ ਇਕ ਨੌਜਵਾਨ ਲੜਕੀ ਜੋ ਆਪਣੇ ਪਰਿਵਾਰ ਦੀਆਂ ਆਰਥਿਕ ਮਜ਼ਬੂਰੀਆਂ ਕਾਰਨ ਨੌਕਰੀ ਦੀ ਖਾਤਰ ਓਮਾਨ ਗਈ ਸੀ ਅਤੇ ਉਥੇ ਮਨੁੱਖੀ ਸਮੱਗਲਿੰਗ ਦਾ ਸ਼ਿਕਾਰ ਹੋ ਗਈ। ਉਸ ਦੀ ਆਪਣੀ ਭਾਬੀ ਨੇ ਇਕ ਏਜੰਟ ਨਾਲ ਮਿਲ ਕੇ ਉਸ ਨੂੰ 4 ਲੱਖ ਰੁਪਏ ’ਚ ਵੇਚ ਦਿੱਤਾ। ਪੀੜਤ ਲੜਕੀ ਨੂੰ ਉਥੇ ਗੰਭੀਰ ਤਸ਼ੱਦਦ, ਅਣਮਨੁੱਖੀ ਸਲੂਕ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਯਤਨਾਂ ਸਦਕਾ ਵਾਪਸ ਪਰਤੀ ਪੀੜਤਾਂ ਨੇ ਆਪਣੀ ਹੱਡਬੀਤੀ ਦੱਸਦਿਆਂ ਕਿਹਾ ਕਿ ਉਸ ਨੇ ਆਪਣੇ ਘਰ ਦੀਆਂ ਮਜ਼ਬੂਰੀਆਂ ਨੂੰ ਵੇਖਦਿਆਂ ਇਹ ਸਭ ਵੀ ਸਹਿਣ ਕਰ ਲਿਆ ਸੀ ਪਰ ਹੱਦ ਉਸ ਵੇਲੇ ਹੋਈ, ਜਦੋਂ ਉਸ ਦੀ ਬਿਨਾਂ ਵਜ੍ਹਾ ਕੁੱਟਮਾਰ ਹੋਣ ਲੱਗ ਪਈ।
ਪੀੜਤਾ ਨੇ ਦੱਸਿਆ ਕਿ ਓਮਾਨ ’ਚ ਉਸ ਨੂੰ ਲੰਬੇ ਸਮੇਂ ਤੱਕ ਦਿਨ-ਰਾਤ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਪਰ ਨਾਂ ਹੀ ਤਨਖਾਹ ਦਿੱਤੀ ਗਈ ਅਤੇ ਨਾ ਹੀ ਪੂਰਾ ਖਾਣਾ। ਤਸ਼ੱਦਦ ਦੇ ਵਿਰੋਧ ਉੱਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ ਗਈਆਂ ਅਤੇ ਮਰਜ਼ੀ ਦੇ ਖਿਲਾਫ ਕੰਮ ਲਈ ਮਜਬੂਰ ਕੀਤਾ ਗਿਆ।
ਪੀੜਤਾ ਨੇ ਦੱਸਿਆ ਕਿ ਕਿਸੇ ਤਰ੍ਹਾਂ ਨਾਲ ਉਹ ਬਚ ਬਚਾਅ ਕਿ ਪਰਿਵਾਰ ਦੇ ਚੁੰਗਲ ਤੋਂ ਨਿਕਲਣ ਤੋਂ ਬਾਅਦ ਉਸ ਨੂੰ ਤਕਰੀਬਨ 2 ਮਹੀਨੇ ਤੱਕ ਓਮਾਨ ਦੀਆਂ ਸੜਕਾਂ ਭਟਕਣਾ ਪਿਆ, ਜਿੱਥੇ ਉਸ ਦੇ ਲਈ ਕੋਈ ਸਹਾਰਾ ਨਹੀਂ ਸੀ।
ਪੀੜਤਾ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਓਮਾਨ ’ਚ ਉਸ ਵਾਂਗ ਹੀ ਯੂ. ਪੀ, ਬਿਹਾਰ ਅਤੇ ਪੰਜਾਬ ਦੀਆਂ ਲਗਭਗ 20 ਹੋਰ ਲੜਕੀਆਂ ਵੀ ਇਕ ਪਾਰਕ ’ਚ ਨਰਕ ਵਰਗੀ ਜ਼ਿੰਦਗੀ ਜੀ ਰਹੀਆਂ ਹਨ, ਜਿਨ੍ਹਾਂ ਦੀ ਜ਼ਿੰਦਗੀ ਹਰ ਵੇਲੇ ਖ਼ਤਰੇ ਵਿਚ ਹੈ। ਇਕ ਭਿਆਨਕ ਮੰਜ਼ਰ ਦਾ ਜ਼ਿਕਰ ਕਰਦਿਆਂ ਪੀੜਤਾ ਨੇ ਦੱਸਿਆ ਕਿ ਇਕ ਲੜਕੀ ਨੂੰ ਉਸਦੀਆਂ ਅੱਖਾਂ ਸਾਹਮਣੇ ਸਿੱਧਾ ਪਾਰਕ ’ਚੋਂ ਉਸਦੇ ਵਾਲਾਂ ਤੋਂ ਘਸੀਟ ਕੇ ਕਾਰ ਵਿਚ ਬੈਠਾ ਕੇ ਲਿਆ ਗਿਆ। ਇਸ ਘਟਨਾ ਨੇ ਉਸ ਦੇ ਮਨ ਨੂੰ ਪੂਰੀ ਤਰ੍ਹਾਂ ਨਾਲ ਝੰਜੋੜ ਦਿੱਤਾ ਅਤੇ ਉਸ ਦੇ ਅੰਦਰ ਵਾਪਸੀ ਦੀ ਉਮੀਦ ਨੂੰ ਖ਼ਤਮ ਕਰ ਦਿੱਤਾ। ਫਿਰ ਕਿਸੇ ਤਰੀਕੇ ਪੀੜਤਾ ਨੇ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਉਸ ਦੇ ਪਤੀ ਵੱਲੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਸਾਰੀ ਜਾਣਕਾਰੀ ਦਿੱਤੀ। ਸੰਤ ਸੀਚੇਵਾਲ ਵੱਲੋਂ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਦੀ ਮਦਦ ਨਾਲ ਤੁਰੰਤ ਕਾਰਵਾਈ ਕੀਤੀ, ਜਿਸ ਸਦਕਾ 10 ਦਿਨਾਂ ਅੰਦਰ ਹੀ ਪੀੜਤਾ ਦੀ ਸੁਰੱਖਿਅਤ ਵਾਪਸੀ ਸੰਭਵ ਹੋਈ। ਪੀੜਤਾ ਅਤੇ ਉਸ ਦੇ ਪਰਿਵਾਰ ਨੇ ਸੰਤ ਸੀਚੇਵਾਲ ਅਤੇ ਭਾਰਤੀ ਸਰਕਾਰ ਦਾ ਦਿਲੋਂ ਧੰਨਵਾਦ ਕੀਤਾ।
ਮਨੁੱਖੀ ਸਮੱਗਲਿੰਗ ਨੂੰ ਅੰਜ਼ਾਮ ਦੇ ਰਹੇ ਗਿਰੋਹ ’ਤੇ ਲੰਗਾਮ ਲਗਾਉਣਾ ਜ਼ਰੂਰੀ : ਸੰਤ ਸੀਚੇਵਾਲ
‘ਜਗ ਬਾਣੀ’ ਗੱਲਬਾਤ ਕਰਦਿਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਬਿਨ ਮਾਂ ਬਾਪ ਦੀ ਧੀ ਨੂੰ ਉਸਦੀ ਹੀ ਸਖੀ ਭਾਬੀ ਵੱਲੋਂ ਇਸ ਤਰ੍ਹਾਂ ਨਾਲ ਫਸਾ ਦੇਣ ਦੇ ਮਾਮਲੇ ਨੇ ਜ਼ਾਹਿਰ ਕੀਤਾ ਹੈ ਕਿ ਲਾਲਚ ਕਿਸ ਹੱਦ ਤੱਕ ਸਾਡੇ ਮਨਾਂ ਵਿਚ ਹਾਵੀ ਹੋ ਗਿਆ ਹੈ। ਉਨ੍ਹਾਂ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦਾ ਤਹਿ ਦਿਲੋਂ ਧੰਨਵਾਦ ਕਰਦਿਆ ਕਿਹਾ ਕਿ ਜਦ ਤੱਕ ਮਨੁੱਖ ਸਮੱਗਲਿੰਗ ਨੂੰ ਅੰਜ਼ਾਮ ਦੇ ਰਹੇ ਅਜਿਹੇ ਗਿਰੋਹਾਂ ’ਤੇ ਸਖ਼ਤ ਕਾਰਵਾਈ ਅਤੇ ਲੰਗਾਮ ਨਹੀਂ ਲਗਾਈ ਜਾਂਦੀ, ਉਦੋਂ ਤੱਕ ਹਲਾਤ ’ਚ ਬਦਲਾਅ ਨਹੀਂ ਆ ਸਕਦੇ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਵੀ ਅਜਿਹੋ ਗਿਰੋਹਾਂ ਤੇ ਖਾਸਕਰਕੇ ਰਿਸ਼ਤੇਦਾਰਾਂ ਤੋਂ ਬਚਣ ਦੀ ਅਪੀਲ ਕੀਤੀ ਜੋ ਵਿਦੇਸ਼ ਜਾਣ ਦੇ ਵੱਡੇ-ਵੱਡੇ ਸੁਫ਼ਨੇ ਵਿਖਾ ਕੇ ਲੜਕੀਆਂ ਨੂੰ ਅਰਬ ਮੁਲਕਾਂ ਵਿਚ ਫਸਾ ਰਹੇ ਹਨ।
ਚੋਰੀ ਦੇ ਝੂਠੇ ਇਲਜ਼ਾਮ ਬਣੇ ਇਨਸਾਫ਼ ’ਚ ਰੁਕਾਵਟ
ਪੀੜਤਾ ਨੇ ਦੱਸਿਆ ਕਿ ਘਰੋਂ ਨਿਕਲਣ ਤੋਂ ਬਾਅਦ ਪਰਿਵਾਰ ਨੇ ਉਸ ’ਤੇ ਝੂਠਾ ਚੋਰੀ ਦਾ ਇਲਜ਼ਾਮ ਲਾ ਦਿੱਤਾ ਸੀ, ਜਿਸ ਕਾਰਨ ਉਸ ਦੇ ਲਈ ਓਮਾਨ ਤੋਂ ਬਾਹਰ ਨਿਕਲਣਾ ਹੋਰ ਵੀ ਮੁਸ਼ਕਲ ਹੋ ਗਿਆ। ਉਸਨੇ ਇਹ ਵੀ ਦੱਸਿਆ ਕਿ ਇਹ ਤਰੀਕਾ ਉੱਥੇ ਹੋਰ ਲੜਕੀਆਂ ਨਾਲ ਵੀ ਵਰਤਿਆ ਜਾ ਰਿਹਾ ਹੈ, ਜੋ ਇਨਸਾਫ ਲਈ ਅੱਜ ਵੀ ਭਟਕ ਰਹੀਆਂ ਹਨ।