ਟੀਮ ਇੰਡੀਆ ਇੰਗਲੈਂਡ ਦੌਰੇ ਤੋਂ ਵਾਪਿਸ ਆਉਣ ਤੋਂ ਬਾਅਦ ਇਸ ਸਾਲ ਆਪਣੇ ਸਭ ਤੋਂ ਵੱਡੇ ਮੈਚ ਲਈ ਕਮਰ ਕੱਸੇਗੀ। ਏਸ਼ੀਆ ਕੱਪ ਦੇ ਇਸ ਮੁਕਾਬਲੇ ‘ਤੇ ਦੋਹਾਂ ਦੇਸ਼ਾਂ ਦੇ ਫ਼ੈਨਜ਼ ਦੀ ਨਜ਼ਰ ਹੋਵੇਗੀ, ਪਰ ਇਸ ਮੈਚ ਦੀ ਤਾਰੀਖ BCCI ਦੀ ਨਜ਼ਰ ‘ਚ ਖਟਕ ਗਈ ਹੈ। ਦਰਅਸਲ ਇਹ ਮੈਚ 19 ਸਤੰਬਰ ਨੂੰ ਖੇਡਿਆ ਜਾਵੇਗਾ ਅਤੇ ਇਸ ਤੋਂ ਇੱਕ ਦਿਨ ਪਹਿਲਾਂ ਹੀ ਭਾਰਤੀ ਟੀਮ ਇੱਕ ਕੁਆਲੀਫ਼ਾਇਰ ਟੀਮ ਨਾਲ ਮੁਕਾਬਲਾ ਕਰੇਗੀ। ਯਾਨੀ ਭਾਰਤ ਨੂੰ ਪਾਕਿਸਤਾਨ ਨਾਲ ਮੁਕਾਬਲੇ ਦੀ ਤਿਆਰੀ ਲਈ ਇੱਕ ਦਿਨ ਦਾ ਵੀ ਸਮਾਂ ਵੀ ਨਹੀਂ ਮਿਲੇਗਾ।
ਏਸ਼ੀਆ ਕੱਪ ਦੇ ਅਜਿਹੇ ਸਕੈਜੂਅਲ ਨੇ BCCI ਨੂੰ ਨਾਰਾਜ਼ ਕਰ ਦਿੱਤਾ ਹੈ। ਬੋਰਡ ਦੇ ਅਧਿਕਾਰੀਆਂ ਨੇ ਇਸ ਸਕੈਜੂਅਲ ਨੂੰ ਦਿਮਾਗ਼ਹੀਣ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਇਸ ‘ਚ ਬਦਲਾਅ ਜ਼ਰੂਰ ਕੀਤਾ ਜਾਵੇਗਾ।
ਸਕੈਜੂਅਲ ਮੁਤਾਬਿਕ ਭਾਰਤ ਨੂੰ ਜਿਥੇ ਲਗਾਤਾਰ ਦੋ ਮੁਕਾਬਲੇ ਖੇਡਣੇ ਪੈਣੇ ਹਨ ਉਥੇ ਪਾਕਿਸਤਾਨ ਇੱਕ ਕੁਆਲੀਫ਼ਾਇਰ ਟੀਮ ਨਾਲ 16 ਸਤੰਬਰ ਦਾ ਮੁਕਾਬਲਾ ਖੇਡਣ ਤੋਂ ਬਾਅਦ 19 ਸਤੰਬਰ ਨੂੰ ਭਾਰਤ ਨਾਲ ਭਿੜੇਗਾ।
ਯਾਨੀ ਪਾਕਿਸਤਾਨ ਦੀ ਟੀਮ ਨੂੰ ਇਸ ਮਹਾ ਮੁਕਾਬਲੇ ਦੀ ਤਿਆਰੀ ਲਈ ਦੋ ਦਿਨ ਦਾ ਸਮਾਂ ਮਿਲੇਗਾ ਜਦਕਿ ਭਾਰਤ ਕੋਲ ਇੱਕ ਦਿਨ ਵੀ ਨਹੀਂ ਹੋਵੇਗਾ। ਹੁਣ ਦੇਖਣਾ ਪਵੇਗਾ ਕਿ ਬੋਰਡ ਦੇ ਵਿਰੋਧ ਤੋਂ ਬਾਅਦ ਏਸ਼ੀਆ ਕੱਪ ਸਕੈਜੂਅਲ ‘ਚ ਕੋਈ ਤਬਦੀਲੀ ਕੀਤੀ ਜਾਂਦੀ ਹੈ ਜਾਂ ਨਹੀਂ।












