ਨਵੀਂ ਦਿੱਲੀ : ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਮੰਗਲਵਾਰ ਸਵੇਰੇ ਉਸ ਵੇਲੇ ਵੱਡਾ ਹਾਦਸਾ ਟਲ ਗਿਆ, ਜਦੋਂ ਲੇਹ ਜਾ ਰਹੇ ਸਪਾਈਸਜੈੱਟ ਦੇ ਇੱਕ ਜਹਾਜ਼ ਦੀ ਇੰਜਣ ਵਿੱਚ ਨੁਕਸ ਪੈਣ ਕਾਰਨ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਜਹਾਜ਼ ਵਿੱਚ 140 ਤੋਂ ਵੱਧ ਯਾਤਰੀ ਸਵਾਰ ਸਨ, ਜੋ ਸੁਰੱਖਿਅਤ ਦੱਸੇ ਜਾ ਰਹੇ ਹਨ। ਇਸ ਘਟਨਾ ਨਾਲ ਜਹਾਜ਼ ਵਿਚ ਸਵਾਰ ਯਾਤਰੀਆਂ ਦੇ ਸਾਹ ਸੁੱਕ ਗਏ।
ਉਡਾਣ ਭਰਨ ਦੇ ਕੁਝ ਮਿੰਟਾਂ ਬਾਅਦ ਹੋਈ ਤਕਨੀਕੀ ਖ਼ਰਾਬੀ
ਜਾਣਕਾਰੀ ਮੁਤਾਬਕ ਸਪਾਈਸਜੈੱਟ ਦੀ ਫਲਾਈਟ SG 123 ਨੇ ਸਵੇਰੇ 6:50 ਵਜੇ ਦਿੱਲੀ ਤੋਂ ਲੇਹ ਲਈ ਉਡਾਣ ਭਰੀ ਸੀ। ਅਜੇ ਜਹਾਜ਼ ਹਵਾ ਵਿੱਚ ਹੀ ਸੀ ਕਿ ਪਾਇਲਟ ਨੂੰ ਇੰਜਣ ਵਿੱਚ ਤਕਨੀਕੀ ਖ਼ਰਾਬੀ ਦਾ ਪਤਾ ਲੱਗਿਆ। ਖ਼ਤਰੇ ਨੂੰ ਭਾਪਦਿਆਂ ਪਾਇਲਟ ਨੇ ਤੁਰੰਤ ਦਿੱਲੀ ਵਾਪਸ ਮੁੜਨ ਦਾ ਫੈਸਲਾ ਕੀਤਾ ਅਤੇ ਸਵੇਰੇ ਕਰੀਬ 7:15 ਵਜੇ ਹਵਾਈ ਅੱਡੇ ‘ਤੇ ਜਹਾਜ਼ ਨੂੰ ਸੁਰੱਖਿਅਤ ਉਤਾਰ ਲਿਆ। ਸਪਾਈਸਜੈੱਟ ਦੇ ਬੁਲਾਰੇ ਨੇ ਦੱਸਿਆ ਕਿ ਇੰਜਣ ਵਿੱਚ ਤਕਨੀਕੀ ਖ਼ਰਾਬੀ ਜ਼ਰੂਰ ਆਈ ਸੀ, ਪਰ ਇੰਜਣ ਨੂੰ ਅੱਗ ਲੱਗਣ ਵਰਗੀ ਕੋਈ ਘਟਨਾ ਨਹੀਂ ਵਾਪਰੀ। ਉਨ੍ਹਾਂ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਜਹਾਜ਼ ਨੂੰ ਵਾਪਸ ਉਤਾਰਿਆ ਗਿਆ।
ਮੁਸਾਫ਼ਰਾਂ ਵਿੱਚ ਦਹਿਸ਼ਤ ਦਾ ਮਾਹੌਲ
ਦੂਜੇ ਪਾਸੇ ਜਹਾਜ਼ ਦੇ ਲੈਂਡ ਹੁੰਦੇ ਹੀ ਸਾਰੇ ਯਾਤਰੀਆਂ ਅਤੇ ਕਰੂ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਸੂਤਰਾਂ ਅਨੁਸਾਰ ਜਦੋਂ ਜਹਾਜ਼ ਦੇ ਵਾਪਸ ਮੁੜਨ ਦੀ ਘੋਸ਼ਣਾ ਹੋਈ ਤਾਂ ਮੁਸਾਫ਼ਰਾਂ ਵਿੱਚ ਦਹਿਸ਼ਤ ਫੈਲ ਗਈ। ਹਾਲਾਂਕਿ, ਪਾਇਲਟ ਦੀ ਸੂਝ-ਬੂਝ ਨਾਲ ਇੱਕ ਵੱਡਾ ਹਾਦਸਾ ਹੋਣੋਂ ਬਚ ਗਿਆ। ਏਅਰਲਾਈਨ ਹੁਣ ਯਾਤਰੀਆਂ ਨੂੰ ਦੂਜੇ ਜਹਾਜ਼ ਰਾਹੀਂ ਭੇਜਣ ਦੇ ਪ੍ਰਬੰਧ ਕਰ ਰਹੀ ਹੈ। ਡੀਜੀਸੀਏ (DGCA) ਵੱਲੋਂ ਇਸ ਤਕਨੀਕੀ ਨੁਕਸ ਦੀ ਜਾਂਚ ਕੀਤੇ ਜਾਣ ਦੀ ਸੰਭਾਵਨਾ ਹੈ।















