ਰੂਪਨਗਰ – ਦਿਨ-ਬ-ਦਿਨ ਵੱਧ ਰਿਹਾ ਸ਼ੋਰ ਪ੍ਰਦੂਸ਼ਣ ਅੱਜਕਲ ਲੋਕਾਂ ਲਈ ਸਿਰਦਰਦੀ ਦਾ ਕਾਰਨ ਬਣਦਾ ਜਾ ਰਿਹਾ ਹੈ। ਸਵੇਰ ਹੁੰਦਿਆਂ ਹੀ ਲਾਊਡ ਸਪੀਕਰਾਂ ਰਾਹੀਂ ਪ੍ਰਚਾਰ ਕੀਤਾ ਜਾਂਦਾ ਹੈ ਤੇ ਕਈ ਸਥਾਨਾਂ ‘ਤੇ ਕਥਿਤ ਲਾਪ੍ਰਵਾਹੀ ਵਰਤੀ ਜਾ ਰਹੀ ਹੈ, ਜਿਸ ਦਾ ਖਮਿਆਜ਼ਾ ਆਲੇ-ਦੁਆਲੇ ਰਹਿੰਦੇ ਲੋਕਾਂ ਤੇ ਸਕੂਲਾਂ ‘ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਦੇ ਰੂਪ ‘ਚ ਭੁਗਤਣਾ ਪੈਂਦਾ ਹੈ। ਇਸ ਸੰਬੰਧ ‘ਚ ਪਿੰਡ ਛੋਟੀ ਹਵੇਲੀ ਨਿਵਾਸੀ ਕਾਮਰੇਡ ਗੁਰਨਾਮ ਸਿੰਘ ਨੇ ਜ਼ਿਲਾ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ।
ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਜ਼ਿਲੇ ‘ਚ ਸ਼ੋਰ ਪ੍ਰਦੂਸ਼ਣ ਐਕਟ ਅਧੀਨ ਧਾਰਾ 144 ਲਾਗੂ ਕੀਤੀ ਗਈ ਹੈ ਪਰ ਇਸ ‘ਤੇ ਕਿਸੇ ਵੀ ਤਰ੍ਹਾਂ ਨਾਲ ਅਮਲ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿੰਡ ‘ਚ ਗੁਰਦੁਆਰਾ ਸਾਹਿਬ ਵਿਖੇ ਰੋਜ਼ਾਨਾ ਸਵੇਰੇ 4 ਵਜੇ ਤੋਂ 7 ਵਜੇ ਤੱਕ ਲਾਊਡ ਸਪੀਕਰ ਦੀ ਵਰਤੋਂ ਉੱਚੀ ਆਵਾਜ਼ ‘ਚ ਕੀਤੀ ਜਾਂਦੀ ਹੈ ਤੇ ਬਜ਼ੁਰਗਾਂ, ਮਰੀਜ਼ਾਂ ਤੇ ਪੜ੍ਹਾਈ ਕਰਦੇ ਬੱਚਿਆਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਮੱਸਿਆ ਸੰਬੰਧੀ ਪਿੰਡ ਦੇ ਸਰਪੰਚ ਨੂੰ ਲਿਖਤੀ ਰੂਪ ‘ਚ ਵੀ ਸੂਚਿਤ ਕਰ ਚੁੱਕੇ ਹਾਂ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਿਯਮਾਂ ਖਿਲਾਫ ਲਾਊਡ ਸਪੀਕਰਾਂ ਦੀ ਉੱਚੀ ਆਵਾਜ਼ ‘ਚ ਵਰਤੋਂ ਕਰਨ ਵਾਲਿਆਂ ਖਿਲਾਫ ਉਚਿਤ ਕਾਰਵਾਈ ਅਮਲ ‘ਚ ਲਿਆਂਦੀ ਜਾਵੇ।















