ਉਮੀਦ ਹੈ ਰਿਸ਼ਭ ਦਾ ਹਸ਼ਰ ਪਾਰਥਿਵ ਵਰਗਾ ਨਹੀਂ ਹੋਵੇਗਾ: ਕਿਰਮਾਨੀ

ਨਵੀਂ ਦਿੱਲੀ: ਭਾਰਤ ਦੇ ਮਹਾਨ ਵਿਕਟਕੀਪਰ ਸਈਅਦ ਕਿਰਮਾਨੀ ਦਾ ਮੰਨਣਾ ਹੈ ਕਿ ਯੁਵਾ ਰਿਸ਼ਭ ਪੰਤ ਨੂੰ ਘਰੇਲੂ ਕ੍ਰਿਕਟ ‘ਚ ਜ਼ਿਆਦਾ ਖੇਡਣ ਦੇਣਾ ਚਾਹੀਦਾ ਹੈ ਅਤੇ ਪਾਰਥਿਵ ਪਟੇਲ ਵਰਗਾ ਉਸ ਦਾ ਹਸ਼ਰ ਨਹੀਂ ਹੋਣਾ ਚਾਹੀਦਾ ਹੈ ਜਿਸ ਨੂੰ ਸਿਰਫ਼ 17 ਸਾਲਾਂ ਦੀ ਉਮਰ ‘ਚ ਰਾਸ਼ਟਰੀ ਟੀਮ ‘ਚ ਉਤਾਰ ਦਿੱਤਾ ਗਿਆ। ਕਿਰਮਾਨੀ ਨੇ ਪੱਤਰਕਾਰਾਂ ਨੂੰ ਕਿਹਾ, ”ਹਰ ਕੋਈ ਸਚਿਨ ਤੇਂਦੁਲਕਰ ਨਹੀਂ ਹੈ ਜੋ 16 ਸਾਲ ਦੀ ਉਮਰ ‘ਚ ਸਫ਼ਲ ਹੋ ਜਾਵੇ। ਹਰ ਕੋਈ ਅਜਿਹਾ ਨਹੀਂ ਹੈ। ਪਾਰਥਿਵ ਨੂੰ ਇੰਨੀ ਛੇਤੀ ਨਹੀਂ ਉਤਰਨਾ ਚਾਹੀਦਾ ਸੀ। ਰਿਸ਼ਭ ਪ੍ਰਤਿਭਾਸ਼ਾਲੀ ਹੈ ਪਰ ਉਸ ਨੂੰ ਪੂਰੀ ਤਰ੍ਹਾਂ ਤਰਾਸ਼ਨਾ ਚਾਹੀਦਾ ਹੈ। ਉਸ ਦਾ ਹਸ਼ਰ ਪਾਰਥਿਵ ਦੀ ਤਰ੍ਹਾਂ ਨਹੀਂ ਹੋਣਾ ਚਾਹੀਦਾ ਹੈ।”
ਪਾਰਥਿਵ ਨੇ 2002 ‘ਚ ਆਸਟਰੇਲੀਆ ਦੇ ਖਿਲਾਫ਼ ਕੌਮਾਂਤਰੀ ਕ੍ਰਿਕਟ ‘ਚ ਡੈਬਿਊ ਕੀਤਾ ਅਤੇ 16 ਸਾਲਾਂ ‘ਚ ਸਿਰਫ਼ 65 ਕੌਮਾਂਤਰੀ ਮੈਚ ਖੇਡੇ ਹਨ। ਮਹਿੰਦਰ ਸਿੰਘ ਧੋਨੀ ਦੇ ਬਾਅਦ ਭਾਰਤ ਦੇ ਅਗਲੇ ਵਿਕਟਕੀਪਰ ਮੰਨੇ ਜਾਣ ਵਾਲੇ ਪੰਤ ਚਾਰ ਟੀ-20 ਮੈਚਾਂ ‘ਚ ਪ੍ਰਭਾਵਿਤ ਨਹੀਂ ਕਰ ਸਕੇ।