ਨਵੀਂ ਦਿੱਲੀ— ਉਤਰਾਖੰਡ ਦੇ ਮੁੱਖਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਪੌੜੀ ਗੜਵਾਲ ‘ਚ ਐਤਵਾਰ ਸਵੇਰੇ ਹੋਏ ਬੱਸ ਹਾਦਸੇ ‘ਚ ਮਰਨ ਵਾਲੇ ਲੋਕਾਂ ਦੇ ਪਰਿਵਾਰਕ ਮੈਬਰਾਂ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਇਲਾਵਾ ਇਸ ਹਾਦਸੇ ‘ਚ ਜ਼ਖਮੀ ਹੋਏ ਲੋਕਾਂ ਨੂੰ 50 ਹਜ਼ਾਰ ਰੁਪਏ ਦੀ ਰਾਸ਼ੀ ਦੀ ਮਦਦ ਦਾ ਐਲਾਨ ਕੀਤਾ ਹੈ। ਸੀ.ਐਮ ਨੇ ਟਵਿੱਟਰ ਦੇ ਜ਼ਰੀਏ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਜੇਕਰ ਜ਼ਰੂਰਤ ਪਏ ਤਾਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਤੱਕ ਪੁੱਜਣ ‘ਚ ਹੈਲੀਕਾਪਟਰ ਦੀ ਮਦਦ ਲਈ ਜਾਵੇ।
ਐਤਵਾਰ ਸਵੇਰੇ ਪੌੜੀ ਜਿਲੇ ਦੇ ਧੂਮਾਕੋਟ ਨੇੜੇ ਇਕ ਬੱਸ ਡੂੰਘੀ ਖੱਡ ‘ਚ ਡਿੱਗ ਗਈ। ਜਿਸ ਨਾਲ 45 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸਾਰੇ ਯਾਤਰੀ ਨੇੜੇ ਦੇ ਪਿੰਡ ਤੋਂ ਜਾਗਰਨ ਦੇਖ ਕੇ ਵਾਪਸ ਜਾ ਰਹੇ ਸਨ। ਬੱਸ ਭੋਆਨ ਪਿੰਡ ਤੋਂ ਰਾਮਗੜ੍ਹ ਵੱਲ ਜਾ ਰਹੀ, ਉਦੋਂ ਬੱਸ ਹਾਦਸਾ ਹੋ ਗਿਆ। ਮੀਡੀਆ ਰਿਪੋਰਟ ਮੁਤਾਬਕ ਬੱਸ ‘ਚ ਕੁੱਲ 50 ਲੋਕ ਸਵਾਰ ਸਨ, ਜਿਸ ‘ਚ 45 ਲੋਕਾਂ ਦੀ ਮੌਤ ਹੋ ਗਈ ਜਦਕਿ ਹੋਰ ਜ਼ਖਮੀ ਹਨ। ਸੀ.ਐਮ ਰਾਵਤ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਤੁਰੰਤ ਪ੍ਰਸ਼ਾਸਨ ਨੂੰ ਰਾਹਤ ਪਹੁੰਚਾਉਣ ਦੇ ਨਿਰਦੇਸ਼ ਦਿੱਤੇ ਹਨ। ਰਾਵਤ ਨੇ ਗ੍ਰਹਿਮੰਤਰੀ ਰਾਜਨਾਥ ਸਿੰਘ ਤੋਂ ਵੀ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ। ਰਾਵਤ ਨੇ ਟਵੀਟ ਪੇਜ਼ ‘ਤੇ ਲਿਖਿਆ ਕੇਂਦਰੀ ਗ੍ਰਹਿਮੰਤਰੀ ਸ਼੍ਰੀ ਰਾਜਨਾਥ ਸਿੰਘ ਜੀ ਨੂੰ ਹਾਦਸੇ ਦੇ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਨੇ ਹਰ ਪ੍ਰਕਾਰ ਦੀ ਮਦਦ ਦਾ ਭਰੋਸਾ ਦਿੱਤਾ ਹੈ।















