ਉਡੀਕ ਕਰ ਕੇ ਖ਼ੁਸ਼ ਹਾਂ: ਵਾਣੀ

flimy-duniya1ਕਰੀਬ ਤਿੰਨ ਸਾਲ ਬਾਅਦ ਵੱਡੇ ਪਰਦੇ ‘ਤੇ ਵਾਪਸੀ ਕਰਨ ਵਾਲੀ ਅਭਿਨੇਤਰੀ ਵਾਣੀ ਕਪੂਰ ਨੇ ਕਿਹਾ ਹੈ ਕਿ ਫ਼ਿਲਮ ਨਿਰਮਾਤਾ ਆਦਿੱਤਿਆ ਚੋਪੜਾ ਨੇ ਉਸ ਨੂੰ ਸਹੀ ਫ਼ਿਲਮ ਮਿਲਣ ਤਕ ਉਡੀਕ ਕਰਨ ਲਈ ਕਿਹਾ ਸੀ। ਵਾਣੀ ਨੇ ਆਦਿੱਤਿਆ ਚੋਪੜਾ ਦੀ ਪ੍ਰੋਡਕਸ਼ਨ ਵਾਲੀ ਫ਼ਿਲਮ ‘ਸ਼ੁੱਧ ਦੇਸੀ ਰੋਮਾਂਸ’ ਨਾਲ ਫ਼ਿਲਮਾਂ ‘ਚ ਕਦਮ ਰੱਖਿਆ ਸੀ। ਉਸ ਨਾਲ ਸੁਸ਼ਾਂਤ ਸਿੰਘ ਰਾਜਪੂਤ ਨੇ ਕੰਮ ਕੀਤਾ ਸੀ ਜਦਕਿ ਉਸ ਦੀ ਆਉਣ ਵਾਲੀ ਦੂਸਰੀ ਫ਼ਿਲਮ ‘ਬੇਫ਼ਿਕਰੇ’ ਦਾ ਨਿਰਦੇਸ਼ਨ ਆਦਿੱਤਿਆ ਨੇ ਖ਼ੁਦ ਕੀਤਾ ਹੈ। ਵਾਣੀ ਨੇ ਫ਼ਿਲਮ ਦੇ ਇੱਕ ਗੀਤ ਰਿਲੀਜ਼ ਮੌਕੇ ਕਿਹਾ, ‘ਮੈਂ ਕਿਸੇ ਚੰਗੀ ਫ਼ਿਲਮ ਦੀ ਉਡੀਕ ਵਿੱਚ ਸੀ। ਫ਼ਿਲਮਾਂ ‘ਚ ਦੇਰੀ ਨਾਲ ਆਉਣ ਦਾ ਕਾਰਨ ਆਦਿੱਤਿਆ ਚੋਪੜਾ ਹਨ। ਉਨ੍ਹਾਂ ਇੱਕ ਕਲਾਕਾਰ ਦੇ ਰੂਪ ਵਿੱਚ ਮੈਨੂੰ ਸਥਾਪਿਤ ਕਰਨ ਵਾਲੀ ਫ਼ਿਲਮ ਮਿਲਣ ਤਕ ਉਡੀਕ ਕਰਨ ਨੂੰ ਕਿਹਾ ਸੀ। ਆਦਿੱਤਿਆ ਨੂੰ ਇਹ ਫ਼ਿਲਮ ਬਣਾਉਣ ‘ਚ ਦੋ ਸਾਲ ਦਾ ਸਮੇਂ ਲੱਗ ਗਿਆ ਪਰ ਮੈਂ ਉਡੀਕ ਕਰਕੇ ਖ਼ੁਸ਼ ਹਾਂ।’ ਜ਼ਿਕਰਯੋਗ ਹੈ ਕਿ ਇਸ ਰੋਮਾਂਸ ਡਰਾਮਾ ਫ਼ਿਲਮ ਵਿੱਚ ਵਾਣੀ ਨਾਲ ਰਣਵੀਰ ਸਿੰਘ ਦੀ ਜੋੜੀ ਹੈ। ‘ਬਾਜੀਰਾਵ ਮਸਤਾਨੀ’ ਦੇ ਹੀਰੋ ਨਾਲ ਪਹਿਲੀ ਵਾਰੀ ਕੰਮ ਕਰਨ ਵਾਲੀ ਵਾਣੀ ਨੇ ਕਿਹਾ ਕਿ ਰਣਵੀਰ ਨਾਲ ਕੰਮ ਕਰਨਾ ਬਹੁਤ ਮਜ਼ੇਦਾਰ ਰਿਹਾ।