ਆਪਣੀ ਦੂਸਰੀ ਕਿਤਾਬ ‘ਦਿ ਲੇਜੰਡ ਆਫ਼ ਲਕਸ਼ਮੀ ਪ੍ਰਸਾਦ’ ਦੀ ਘੁੰਡਚੁਕਾਈ ਸਮਾਗਮ ਵਿੱਚ ਲੇਖਿਕਾ ਅਤੇ ਸਾਬਕਾ ਅਭਿਨੇਤਰੀ ਟਵਿੰਕਲ ਖ਼ਨਾ ਨੇ ਕਿਹਾ ਕਿ ਉਸ ਦੇ ਪਤੀ ਅਕਸ਼ੈ ਨੂੰ ਉਸ ‘ਤੇ ਸਭ ਤੋਂ ਜ਼ਿਆਦਾ ਮਾਣ ਹੈ। ਟਵਿੰਕਲ ਨੇ ਬੀਤੇ ਦਿਨੀਂ ਮੁੰਬਈ ਵਿੱਚ ਆਪਣੀ ਕਿਤਾਬ ਲਾਂਚਿੰਗ ਮੌਕੇ ਕਿਹਾ, ‘ਇਹ ਕਿਤਾਬ ਅਕਸ਼ੈ ਨੂੰ ਸਮਰਪਿਤ ਹੈ। ਉਹ ਮੇਰੇ ਸਭ ਤੋਂ ਵੱਡੇ ਪ੍ਰਸ਼ੰਸਕ ਅਤੇ ਸਭ ਤੋਂ ਵੱਡੇ ਸਹਿਯੋਗੀ ਹਨ। ਹੋਰਾਂ ਤੋਂ ਕਿਤੇ ਜ਼ਿਆਦਾ ਉਨ੍ਹਾਂ ਨੂੰ ਮੇਰੇ ਕੰਮ ‘ਤੇ ਮਾਣ ਹੈ, ਇਸ ਲਈ ਮੈਂ ਬਹੁਤ ਖ਼ੁਸ਼ਕਿਸਮਤ ਹਾਂ ਕਿ ਅਜਿਹਾ ਸ਼ਖ਼ਸ ਮੇਰੀ ਜ਼ਿੰਦਗੀ ਵਿੱਚ ਹੈ।’ ਕਿਤਾਬ ਰਿਲੀਜ਼ ਕਰਨ ਦੀ ਰਸਮ ਕਰਣ ਜੌਹਰ ਨੇ ਅਦਾ ਕੀਤੀ। ਪ੍ਰੋਗਰਾਮ ਵਿੱਚ ਸ਼ਬਾਨਾ ਆਜ਼ਮੀ, ਰਣਬੀਰ ਕਪੂਰ ਅਤੇ ਆਲੀਆ ਭੱਟ ਵਰਗੇ ਕਈ ਕਲਾਕਾਰ ਹਾਜ਼ਰ ਸਨ। ਸ਼ਬਾਨਾ ਨੇ ਟਵਿੰਕਲ ਦੀ ਸ਼ਲਾਘਾ ਕਰਦਿਆਂ ਕਿਹਾ, ‘ਮੈਨੂੰ ਲਗਦਾ ਹੈ ਕਿ ਟਵਿੰਕਲ ਬਹੁਤ ਹੀ ਖ਼ਾਸ ਲੇਖਿਕਾ ਹੈ। ਉਸ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਜਿਨ੍ਹਾਂ ਵਿਸ਼ਿਆਂ ਨੂੰ ਵਰਜਿਤ ਸਮਝਿਆ ਜਾਂਦਾ ਹੈ, ਟਵਿੰਕਲ ਉਨ੍ਹਾਂ ਵਿਸ਼ਿਆਂ ਨੂੰ ਬਹੁਤ ਸਹਿਜ ਤੇ ਹਾਸਪੂਰਨ ਢੰਗ ਨਾਲ ਬਿਆਨ ਕਰ ਦਿੰਦੀ ਹੈ।’











