ਈ. ਵੀ. ਐੱਮਜ਼. ਦੀ ਸੁਰੱਖਿਆ ‘ਤੇ ਲਾਏ ਲੰਗੂਰਾਂ ਦੇ ਮਾਲਕ ਦੀ ਸ਼ੱਕੀ ਹਾਲਾਤ ‘ਚ ਮੌਤ

ਮੇਰਠ— ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲੇ ‘ਚ ਈ. ਵੀ. ਐੱਮਜ਼. ਦੀ ਸੁਰੱਖਿਆ ‘ਚ ਲਾਏ ਲੰਗੂਰਾਂ ਦੇ ਮਾਲਕ ਦੀ ਸ਼ੱਕੀ ਹਾਲਾਤ ‘ਚ ਮੌਤ ਹੋ ਗਈ। ਪੁਲਸ ਨੇ ਇਸ ਘਟਨਾ ਨੂੰ ਹਾਦਸਾ ਦੱਸਿਆ ਹੈ, ਜਦਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਹੱਤਿਆ ਦਾ ਦੋਸ਼ ਲਗਾਇਆ ਹੈ। ਪਰਤਾਪੁਰ ਥਾਣੇ ਦੇ ਅਧਿਕਾਰੀਆਂ ਅਨੁਸਾਰ ਮ੍ਰਿਤਕ ਦਾ ਨਾਂ ਕ੍ਰਿਸ਼ਨਲਾਲ (60) ਹੈ ਅਤੇ ਉਹ ਥਾਣਾ ਮੈਡੀਕਲ ਖੇਤਰ ਦਾ ਰਹਿਣ ਵਾਲਾ ਸੀ। ਪੁਲਸ ਨੇ ਕਿਹਾ ਕਿ ਕ੍ਰਿਸ਼ਨਲਾਲ ਨੂੰ ਉਨ੍ਹਾਂ ਦੇ ਦੋ ਲੰਗੂਰਾਂ ਨਾਲ ਕਤਾਈ ਮਿੱਲ ‘ਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਰੱਖੀਆਂ ਗਈਆਂ ਈ. ਵੀ. ਐੱਮਜ਼. ਦੀ ਸੁਰੱਖਿਆ ਲਈ ਰੱਖਿਆ ਗਿਆ ਸੀ। ਮਿੱਲ ‘ਚ ਵੀਰਵਾਰ ਨੂੰ ਜਦੋਂ ਕ੍ਰਿਸ਼ਨਲਾਲ ਨਹੀਂ ਮਿਲਿਆ ਤਾਂ ਉਸ ਦੀ ਭਾਲ ਕੀਤੀ ਗਈ। ਪੁਲਸ ਨੇ ਦੱਸਿਆ ਕਿ ਕਈ ਘੰਟਿਆਂ ਬਾਅਦ ਉਸ ਦੀ ਲਾਸ਼ ਮਿੱਲ ਦੇ ਗਟਰ ਅੰਦਰੋਂ ਮਿਲੀ। ਮ੍ਰਿਤਕ ਦੇ ਪਰਿਵਾਰ ਨੇ ਹੱਤਿਆ ਦੇ ਅਧਾਰ ‘ਤੇ ਕਈ ਸ਼ੱਕੀ ਵਿਆਕਤੀਆਂ ਵਿਰੁੱਧ ਰਿਪੋਰਟ ਦਰਜ ਕਰਵਾਈ ਹੈ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।
ਮੇਰਠ ‘ਚ 11 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਈਆਂ ਸਨ। ਚੋਣਾ ਤੋਂ ਬਾਅਦ ਸਾਰੀਆਂ ਈ. ਵੀ. ਐੱਮਜ਼. ਨੂੰ ਪਰਤਾਪੁਰ ਸਥਿਤ ਕਤਾਈ ਮਿੱਲ ‘ਚ ਬਣਾਏ ਗਏ ਸਟੋਰਿੰਗ ਰੂਮ ‘ਚ ਸੀ. ਸੀ. ਟੀ. ਵੀ. ਕੈਮਰਿਆਂ ਦੀ ਨਗਰਾਨੀ ‘ਚ ਰੱਖਿਆ ਗਿਆ ਸੀ। ਇੱਥੇ ਬਾਂਦਰ ਸੀ. ਸੀ. ਟੀ. ਵੀ. ਕੈਮਰਿਆਂ ਦਾ ਨੁਕਸਾਨ ਕਰਦੇ ਹਨ, ਇਸ ਲਈ ਲੰਗੂਰ ਮਾਲਕ ਕ੍ਰਿਸ਼ਨਲਾਲ ਨੂੰ ਉਸ ਦੇ ਲੰਗੂਰਾਂ ਦੇ ਨਾਲ ਇੱਥੇ ਰੱਖਿਆ ਗਿਆ ਸੀ।