ਈਡੀ ਦੇ ਸੰਮਨ ‘ਤੇ ਦੂਜੀ ਵਾਰ ਵੀ ਪੇਸ਼ ਨਹੀਂ ਹੋਏ ਰਣਇੰਦਰ

1ਜਲੰਧਰ: ਪੰਜਾਬ ਕਾਂਗਰਸ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਪੁੱਤਰ ਰਣਿੰਦਰ ਸਿੰਘ ਅੱਜ ਵੀ ਈਡੀ ਸਾਹਮਣੇ ਪੇਸ਼ ਨਹੀਂ ਹੋਏ। ਉਨ੍ਹਾਂ ਰੀਓ ਉਲੰਪਿਕ ਦੀਆਂ ਤਿਆਰੀਆਂ ਚ ਰੁੱਝੇ ਹੋਣ ਦਾ ਹਵਾਲਾ ਦਿੰਦਿਆਂ ਪੇਸ਼ੀ ਤੋਂ ਛੋਟ ਮੰਗੀ ਹੈ। ਈਡੀ ਨੇ ਰਣਇੰਦਰ ਨੂੰ ਅੱਜ 14 ਜੁਲਾਈ ਨੂੰ ਜਲੰਧਰ ਦਫਤਰ ‘ਚ ਪੇਸ਼ ਹੋਣ ਲਈ ਕਿਹਾ ਸੀ। ਇਸ ਤੋਂ ਪਹਿਲਾਂ ਪਿਛਲੀ ਵਾਰ ਉਨ੍ਹਾਂ ਮੈਡੀਕਲ ਅਧਾਰ ‘ਤੇ ਪੇਸ਼ੀ ਤੋਂ ਛੋਟ ਮੰਗੀ ਸੀ। ਇੰਨਫੋਰਸਮੈਂਟ ਡਾਇਰੈਕਟੋਰੇਟ ਨੇ ਰਣਇੰਦਰ ਸਿੰਘ ਨੂੰ ਫੇਮਾ (ਫੋਰਨ ਐਕਸਚੇਂਜ ਮੈਨੇਜਮੇਂਟ ਐਕਟ) ਤਹਿਤ ਗੜਬੜੀਆਂ ਦੇ ਚੱਲਦੇ ਸੰਮਨ ਕੀਤਾ ਸੀ।
ਈਡੀ ਦੇ ਸਹਾਇਕ ਡਾਇਰੈਕਟਰ ਅਜੇ ਸਿੰਘ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਈਡੀ ਨੇ ਰਣਇੰਦਰ ਦੀ ਵਿਦੇਸ਼ਾਂ ‘ਚ ਜਾਇਦਾਦ ਦੇ ਵੇਰਵੇ ਅਤੇ ਹਵਾਲਾ ਰਾਹੀਂ ਹੋਈ ਪੈਸੇ ਦੀ ਅਦਲਾ-ਬਦਲੀ ਦੇ ਇਲਜ਼ਾਮਾਂ ਬਾਰੇ ਪੁੱਛਗਿੱਛ ਕਰਨੀ ਹੈ। ਉਨ੍ਹਾਂ ਨੂੰ ਆਪਣੇ ਨਿੱਜੀ ਵਿੱਤੀ ਦਸਤਾਵੇਜ਼ਾਂ ਸਮੇਤ ਆਉਣ ਲਈ ਕਿਹਾ ਗਿਆ ਸੀ। ਸਾਬਕਾ ਮੰਤਰੀ ਪਰਨੀਤ ਕੌਰ ਨੇ ਕਿਹਾ ਸੀ ਕਿ ਉਨ੍ਹਾਂ ਦਾ ਬੇਟਾ ਰਣਇੰਦਰ ਸਿੰਘ ਇਨਫੋਸਮੈਂਟ ਡਾਇਰੈਕਟੋਰੇਟ (ਈ.ਡੀ.) ਸਾਹਮਣੇ ਪੇਸ਼ ਹੋਣਗੇ। ਪਰ ਉਹ ਨਹੀਂ ਹੋਏ।
ਪਰਨੀਤ ਕੌਰ ਨੇ ਕਿਹਾ ਸੀ ਕਿ ਇਹ ਪੂਰਾ ਮਾਮਲਾ ਸਿਆਸੀ ਬਦਲਾਖੋਰੀ ਦਾ ਹੈ। ਜਿਵੇਂ-ਜਿਵੇਂ ਚੋਣਾਂ ਨੇੜੇ ਆਉਣਗੀਆਂ ਇਹ ਮਾਮਲਾ ਤੂਲ ਫੜੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਚਾਈ ਜਲਦ ਹੀ ਸਾਹਮਣੇ ਆ ਜਾਏਗੀ।