ਇੱਕ ਰੋਗ ਹੈ ਮੂੰਹ ਦੀ ਬਦਬੂ

ਮੂੰਹ ਦੀ ਬਦਬੂ ਇੱਕ ਰੋਗ ਹੈ ਜਿਸ ਨੂੰ ਮੈਡੀਕਲ ਭਾਸ਼ਾ ਵਿੱਚ ਹੈਲੇਟੌਸਿਸ ਆਖਿਆ ਜਾਂਦਾ ਹੈ। ਇਸ ਰੋਗ ਵਿੱਚ ਵਿਅਕਤੀ ਦੇ ਮੂੰਹ ਜਾਂ ਨੱਕ ਵਿੱਚੋਂ ਦੁਰਗੰਧ/ਬਦਬੂ ਆਉਣ ਲੱਗਦੀ ਹੈ। ਇਸ ਨੂੰ ਬੁਰਸ਼ ਜਾਂ ਫ਼ਲੌਸਿੰਗ, ਆਦਿ ਨਾਲ ਹਟਾਉਣਾ ਅਸੰਭਵ ਹੋ ਜਾਂਦਾ ਹੈ।
ਅਸਲ ਵਿੱਚ ਮੂੰਹ ‘ਚੋਂ ਆਉਣ ਵਾਲੀ ਬਦਬੂ ਅੰਨ-ਕਣਾਂ ਦੀ ਸੜਨ ਤੋਂ ਪੈਦਾ ਹੋਣ ਵਾਲੇ ਬੈਕਟੀਰੀਆ ਕਾਰਨ ਪਨਪਦੀ ਹੈ। ਇਹ ਬੈਕਟੀਰੀਆ ਚਬਾਉਣ ਵਾਲੇ ਦੰਦਾਂ ਤੋਂ ਦੂਰ ਮਸੂੜਿਆਂ ਅਤੇ ਜੀਭ ਦੇ ਬਿਲਕੁਲ ਪਿਛਲੇ ਹਿੱਸੇ ਵਿੱਚ, ਜਿੱਥੇ ਸਾਡੀ ਪਹੁੰਚ ਘੱਟ ਹੁੰਦੀ ਹੈ, ਵਿਕਸਿਤ ਹੋ ਕੇ ਮੂੰਹ ਨੂੰ ਬਦਬੂ ਨਾਲ ਭਰ ਦਿੰਦਾ ਹੈ।
ਕਾਰਨ: ਚਕਿੱਤਸਾ ਪ੍ਰਣਾਲੀ ਇਸ ਦੇ ਕਾਰਨਾਂ ਨੂੰ ਦੋ ਹਿੱਸਿਆਂ ਵਿੱਚ ਵੰਡਦੀ ਹੈ – ਮੈਡੀਕਲ ਅਤੇ ਡੈਂਟਲ
ਮੈਡੀਕਲ: ਇੱਥੇ ਕੁੱਝ ਅਜਿਹੇ ਮੈਡੀਕਲ ਕਾਰਨ ਦੱਸੇ ਜਾ ਰਹੇ ਹਨ ਜਿਨ੍ਹਾਂ ਦੀ ਵਜ੍ਹਾ ਤੋਂ ਮੂੰਹ ‘ਚੋਂ ਬਦਬੂ ਆਉਂਦੀ ਹੈ, ਪਰ ਕੇਵਲ 10 ਪ੍ਰਤੀਸ਼ਤ ਲੋਕਾਂ ਦੀ ਹੀ ਬਦਬੂ ਦਾ ਕਾਰਨ ਹੇਠ ਲਿਖੇ ਅਨੁਸਾਰ ਹੋ ਸਕਦਾ ਹੈ:
ੰ ਸਾਇਨਸ ਇਨਫ਼ੈਕਸ਼ਨ ਜਾਂ ਐਲਰਜੀ ਕਾਰਨ ਹੋਣ ਵਾਲੀ ਸਰਦੀ।
ੰ ਟੌਂਸਿਲਜ਼ ‘ਚ ਇਨਫ਼ੈਕਸ਼ਨ ਕਾਰਨ।
ੰ ਫ਼ੇਫ਼ੜੇ, ਗੁਰਦੇ ਅਤੇ ਜਿਗਰ ਦੀਆਂ ਬਿਮਾਰੀਆਂ ਕਾਰਨ।
ੰ ਖ਼ੂਨ ਦੀ ਖ਼ਰਾਬੀ ਵੀ ਇਸ ਰੋਗ ਦਾ ਇੱਕ ਕਾਰਨ ਹੋ ਸਕਦਾ ਹੈ।
ੰ ਸ਼ੱਕਰ ਰੋਗ ਕਾਰਨ ਵੀ ਇਹ ਰੋਗ ਹੋ ਸਕਦਾ ਹੈ।
ੰ ਹੌਰਮੋਨਜ਼ ਵਿੱਚ ਪਰਿਵਰਤਨ, ਆਦਿ।
ਡੈਂਟਲ: ਕਈ ਵਾਰ ਦੰਦਾਂ ਦੀ ਖ਼ਰਾਬੀ ਵੀ ਇਸ ਰੋਗ ਦਾ ਕਾਰਨ ਬਣਦੀ ਹੈ ਜੋ ਇਸ ਪ੍ਰਕਾਰ ਹੈ:
ੰ ਮਸੂੜਿਆਂ ਆਦਿ ਦਾ ਰੋਗੀ ਹੋਣਾ।
ੰ ਦੰਦਾਂ ਦੀ ਬਹੁਤ ਜ਼ਿਆਦਾ ਸੜਨ।
ੰ ਦੰਦ ਆਦਿ ਕਢਵਾਉਣ ਮਗਰੋਂ ਖਾਣਾ ਪੂਰੀ ਤਰ੍ਹਾਂ ਹਜ਼ਮ ਨਾ ਹੋਣਾ।
ੰ ਮਸੂੜਿਆਂ ਆਦਿ ਦੀ ਸਰਜਰੀ/ਚੀੜ-ਫ਼ਾੜ ਸਮੇਂ ਲਾਰ ਗ੍ਰੰਥੀਆਂ ਦੇ ਨਿਕਲ ਜਾਣ ਕਾਰਨ ਵੀ ਮੂੰਹ ‘ਚੋਂ ਬਦਬੂ ਆਉਣ ਲੱਗ ਜਾਂਦੀ ਹੈ।
ੰ ਮੂੰਹ ਦੇ ਅੰਦਰ ਕਿਸੇ ਤਰ੍ਹਾਂ ਦੀ ਇਨਫ਼ੈਕਸ਼ਨ ਜਾਂ ਛਾਲਾ ਹੋਣਾ।
ੰ ਮੂੰਹ ਜਾਂ ਜੀਭ ਦੀ ਪੂਰੀ ਤਰ੍ਹਾਂ ਸਫ਼ਾਈ ਨਾ ਹੋਣ ਕਾਰਨ ਵੀ ਇਹ ਸਮੱਸਿਆ ਆ ਸਕਦੀ ਹੈ।
ਇਲਾਜ ਅਤੇ ਉਪਾਅ: ਜੇਕਰ ਮੂੰਹ ਦੀ ਦੁਰਗੰਧ ਦਾ ਕਾਰਨ ਮੈਡੀਕਲ ਹੈ ਤਾਂ ਤੁਸੀਂ ਆਪਣੇ ਡੈਂਟਿਸਟ ਪਾਸ ਜਾਓ। ਉਹ ਇਸ ਦੇ ਜ਼ਰੂਰ ਉਪਾਅ ਦੱਸੇਗਾ ਜਿਸ ਨਾਲ ਤੁਹਾਡੇ ਇਸ ਰੋਗ ਦਾ ਇਲਾਜ ਹੋ ਸਕੇ। ਇੱਥੇ ਕੁੱਝ ਅਜਿਹੇ ਹੱਲ/ਉਪਾਅ ਦੱਸੇ ਜਾ ਰਹੇ ਹਨ ਜਿਸ ਨਾਲ ਤੁਹਾਡੇ ਇਸ ਰੋਗ ਦਾ ਇਲਾਜ ਹੋ ਸਕੇ।
ੰ ਜਿੱਥੋਂ ਤਕ ਇਸ ਰੋਗ ਦੇ ਕਾਰਨ ਦਾ ਸਬੰਧ ਹੈ, ਉਹ ਦੰਦਾਂ ‘ਤੇ ਨਿਤਾਪ੍ਰਤੀ ਜੰਮਣ ਵਾਲੀ ਮੈਲ ਦੀ ਪਰਤ ਵਿੱਚ ਛਿਪੇ ਕੀਟਾਣੂਆਂ ਆਦਿ ਦੇ ਕਾਰਨ ਦੰਦਾਂ ਵਿੱਚ ਪੈਦਾ ਹੋਣ ਵਾਲੀ ਜਲਨ/ਸੜਨ ਹੈ। ਦੰਦਾਂ ਦੀ ਸਫ਼ਾਈ ਰੋਜ਼ ਨਾ ਹੋਣ ਕਾਰਨ ਮੈਲ ਦੀ ਪਰਤ ਜੰਮ ਕੇ ਕਾਲੀ ਪੈ ਜਾਂਦੀ ਹੈ। ਫ਼ਿਰ ਇਸ ਨੂੰ ਸਾਫ਼ ਕਰਨਾ ਆਸਾਨ ਨਹੀਂ। ਇਸ ਲਈ ਡਾਕਟਰ ਕੋਲ ਜਾਣਾ ਪਵੇਗਾ। ਉਹ ਆਪਣੇ ਅਲਟਰਾਸੌਨਿਕ ਸਕੇਲਰ ਵਰਗੇ ਯੰਤਰ ਨਾਲ ਇਸ ਮੈਲ ਦੀ ਪਰਤ ਨੂੰ ਉਤਾਰੇਗਾ।
ੰ ਰੋਜ਼ਾਨਾ ਨਿਯਮ ਨਾਲ ਬੁਰਸ਼ ਅਤੇ ਫ਼ਲੌਸਿੰਗ ਆਦਿ ਕਰ ਕੇ ਵੀ ਇਸ ਰੋਗ ਤੋਂ ਬਚਿਆ ਜਾ ਸਕਦਾ ਹੈ।
ੰ ਉਹੀ ਟੂਥ ਪੇਸਟ ਵਰਤੋ ਜਿਸ ਵਿੱਚ ਫ਼ਲੋਰਾਈਡ ਹੋਵੇ। ਇਸ ਨਾਲ ਸੜਾਂਦ ਪੈਦਾ ਨਹੀਂ ਹੁੰਦੀ।
ੰ ਦੰਦ ਸਾਫ਼ ਕਰਨ ਤੋਂ ਬਾਅਦ ਇੱਕ-ਦੋ ਘੁੱਟ ਮਾਊਥਵਾਸ਼ ਦੇ ਲਓ। ਇਸ ਨੂੰ ਘੱਟੋ-ਘੱਟ ਦੋ ਮਿੰਟ ਤਕ ਮੂੰਹ ਵਿੱਚ ਭਰ ਕੇ ਰੱਖੋ। ਮਾਊਥਵਾਸ਼ ਸਿੱਧਾ ਬੋਤਲ ਤੋਂ ਨਾ ਲਓ ਕਿਉਂਕਿ ਅਜਿਹਾ ਕਰਨ ਨਾਲ ਤੁਹਾਡੀ ਲਾਰ ਬਾਕੀ ਦੇ ਮਾਊਥਵਾਸ਼ ਨੂੰ ਖ਼ਰਾਬ ਕਰ ਦੇਵੇਗੀ।
ੰ ਜੇਕਰ ਨਕਲੀ ਦੰਦ ਲਗਵਾਏ ਹੋਏ ਹਨ ਤਾਂ ਰਾਤ ਨੂੰ ਇਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਕੇ ਰੱਖੋ।
ੰ ਹਰ ਖਾਣਾ ਖਾਣ ਤੋਂ ਬਾਅਦ ਬੁਰਸ਼ ਜ਼ਰੂਰ ਕਰੋ। ਇਹ ਪੇਸਟ ਦੇ ਬਗੈਰ ਵੀ ਕੀਤਾ ਜਾ ਸਕਦਾ ਹੈ।
ਕੁੱਝ ਹੋਰ ਗੱਲਾਂ: ਜੇਕਰ ਕੋਈ ਮਸੂੜਿਆਂ ਆਦਿ ਦਾ ਰੋਗ ਹੈ ਅਤੇ ਬੁਰਸ਼ ਨਹੀਂ ਹੁੰਦਾ ਤਾਂ ਵਾਟਰ ਪਿੱਕ ਦਾ ਇਸਤੇਮਾਲ ਕਰ ਸਕਦੇ ਹੋ। ਵਾਟਰ ਪਿੱਕ ‘ਚੋਂ ਨਿਕਲਣ ਵਾਲਾ ਤੇਜ਼ ਪਾਣੀ ਜਾਂ ਮਾਊਥਵਾਸ਼ ਦੰਦਾਂ ਵਿੱਚ ਫ਼ਸੇ ਅੰਨ-ਕਣਾਂ ਨੂੰ ਧੋ ਦਿੰਦਾ ਹੈ ਜਿਨ੍ਹਾਂ ਕਾਰਨ ਮੂੰਹ ‘ਚੋਂ ਬਦਬੂ ਆਉਂਦੀ ਹੈ।
ੰ ਸਿਰਫ਼ ਉਸੇ ਟੂਥ ਪੇਸਟ ਨਾਲ ਬੁਰਸ਼ ਕਰੋ ਜਿਹੜਾ ਫ਼ਲੋਰਾਈਡ ਸਹਿਤ ਹੋਵੇ।
ੰ ਜ਼ਿਆਦਾ ਮਿੱਠੇ ਵਾਲੀਆਂ ਚੀਜ਼ਾਂ ਅਤੇ ਸ਼ਰਬਤ ਤੋਂ ਪ੍ਰਹੇਜ਼ ਕਰੋ।
ੰ ਦੰਦਾਂ ਜਾਂ ਮੂੰਹ ਦੇ ਕਿਸੇ ਵੀ ਰੋਗ ਦੇ ਮਾਹਿਰ ਡਾਕਟਰ ਤੋਂ ਉਚਿਤ ਇਲਾਜ ਕਰਵਾਓ।
ਉੱਪਰ ਲਿਖੀਆਂ ਵਿਧੀਆਂ ਨੂੰ ਵਰਤ ਕੇ ਤੁਸੀਂ ਮੂੰਹ ਦੀ ਬਦਬੂ ਤੋਂ ਕਾਫ਼ੀ ਹੱਦ ਤਕ ਛੁਟਕਾਰਾ ਪਾ ਸਕਦੇ ਹੋ।

ਸੁਖਮੰਦਰ ਸਿੰਘ ਤੂਰ