ਲੰਡਨ: ਇੰਗਲੈਂਡ ਦੇ ਸਾਬਕਾ ਕਪਤਾਨ ਕੇਵਿਨ ਪੀਟਰਸਨ ਦਾ ਮੰਨਣਾ ਹੈ ਕਿ ਇੰਗਲੈਂਡ ਦੀ ਮੌਜੂਦਾ ਟੀਮ ਵਿੱਚ 2010 ਦੀ ਵਿਸ਼ਵ ਕੱਪ ਸਫ਼ਲਤਾ ਨੂੰ ਦੁਹਰਾਉਣ ਦੀ ਸਮਰੱਥਾ ਨਹੀਂ ਹੈ ਅਤੇ ਉਹ ਭਾਰਤ ਵਿੱਚ ਚੱਲ ਰਹੇ ਟਵੰਟੀ-20 ਵਿਸ਼ਵ ਕੱਪ ਦੇ ਸੈਮੀਫ਼ਾਈਨਲ ਤਕ ਦਾ ਵੀ ਸਫ਼ਰ ਤਹਿ ਨਹੀਂ ਕਰ ਸਕੇਗੀ।
ਪੀਟਰਸਨ ਨੇ ਕਿਹਾ ਕਿ ਟੀਮ 2010 ਦੀ ਸਫ਼ਲਤਾ ਨੂੰ ਦੁਹਰਾਉਣ ਵਿੱਚ ਨਾਕਾਮ ਰਹੇਗੀ ਕਿਉਂਕਿ ਇਸ ‘ਚ ਕਈ ਅਜਿਹੇ ਖਿਡਾਰੀ ਹਨ, ਜੋ ਉਥੋਂ ਦੇ ਹਾਲਾਤ ਤੋਂ ਜਾਣੂ ਨਹੀਂ ਹਨ ਤੇ ਹਾਲ ਹੀ ਵਿੱਚ ਟੀਮ ਦਾ ਪ੍ਰਦਰਸ਼ਨ ਵੀ ਉਸ ਲਾਇਕ ਨਹੀਂ ਰਿਹਾ ਹੈ।
ਉਸ ਨੇ ਕਿਹਾ ਕਿ ਇਸ ਵਾਰ ਟਵੰਟੀ-20 ਵਿਸ਼ਵ ਕੱਪ ਭਾਰਤ, ਵੈਸਟਇੰਡੀਜ਼, ਦੱਖਣੀ ਅਫ਼ਰੀਕਾ ਅਤੇ ਆਸਟ੍ਰੇਲੀਆ ‘ਚੋਂ ਹੀ ਕੋਈ ਇਕ ਟੀਮ ਜਿੱਤ ਸਕਦੀ ਹੈ। ਇੰਗਲੈਂਡ ਦੀ ਟੀਮ 2010 ‘ਚ ਟਵੰਟੀ-20 ਵਿਸ਼ਵ ਕੱਪ ਆਪਣੇ ਨਾਂ ਕਰ ਚੁੱਕੀ ਹੈ ਪਰ ਉਸ ਤੋਂ ਬਾਅਦ ਟੀਮ ਇਕ ਵੀ ਵਾਰ ਫ਼ਾਈਨਲ ‘ਚ ਨਹੀਂ ਪਹੁੰਚੀ ਅਤੇ 2015 ਦੇ ਇਕ ਦਿਨਾ ਵਿਸ਼ਵ ਕੱਪ ਵਿੱਚ ਵੀ ਟੀਮ ਨਾਕਆਊਟ ਰਾਊਂਡ ਤਕ ਵੀ ਨਹੀਂ ਸੀ ਪਹੁੰਚ ਸਕੀ।












