ਇੰਗਲੈਂਡ ਦੌਰੇ ‘ਤੇ ਕੋਹਲੀ ਲਈ ਐਂਡਰਸਨ ਹੋ ਸਕਦੈ ਖਤਰਨਾਕ

ਚੇਨਈ: ਵਿਰਾਟ ਕੋਹਲੀ 2014 ਦੇ ਆਪਣੇ ਬੁਰੇ ਸੁਪਨੇ ਵਰਗੇ ਇੰਗਲੈਂਡ ਦੌਰੇ ਦੇ ਮੁਕਾਬਲੇ ਹੁਣ ਕਾਫ਼ੀ ਜ਼ਿਆਦਾ ਤਜਰਬੇਕਾਰ ਖਿਡਾਰੀ ਹੈ, ਪਰ ਆਸਟਰੇਲੀਆ ਦੇ ਮਹਾਨ ਤੇਜ਼ ਗੇਂਦਬਾਜ਼ ਗਲੈਨ ਮੈਕਗ੍ਰਾ ਦਾ ਕਹਿਣਾ ਹੈ ਕਿ ਫ਼ਾਰਮ ‘ਚ ਚੱਲ ਰਿਹਾ ਤੇਜ਼ ਗੇਂਦਬਾਜ਼ ਜੇਮਜ਼ ਐਂਡਰਸਨ ਇਸ ਵਾਰ ਵੀ ਭਾਰਤੀ ਕਪਤਾਨ ਲਈ ਮੁਸ਼ਕਿਲਾਂ ਪੈਦਾ ਕਰ ਸਕਦਾ ਹੈ।ਮੈਕਗ੍ਰਾ ਨੇ ਕਿਹਾ ਕਿ ਕੋਹਲੀ ਹੁਣ 2014 ਦੇ ਮੁਕਾਬਲੇ ਕਾਫ਼ੀ ਤਜਰਬੇਕਾਰ ਅਤੇ ਵਿਸ਼ਵ ਦੇ ਟੌਪ ਦੇ ਬੱਲੇਬਾਜ਼ਾਂ ‘ਚੋਂ ਇੱਕ ਹੈ। ਇਸ ‘ਚ ਵੀ ਕੋਈ ਸ਼ੱਕ ਨਹੀਂ ਕਿ ਉਹ ਵਿਸ਼ਵ ਕ੍ਰਿਕਟ ‘ਚ ਚੋਟੀ ਦਾ ਬੱਲੇਬਾਜ਼ ਹੈ, ਪਰ ਇੰਗਲੈਂਡ ਦੇ ਹਾਲਾਤ ਕਾਫ਼ੀ ਮੁਸ਼ਕਿਲ ਹੁੰਦੇ ਹਨ। ਜਦੋਂ ਤੁਹਾਡੇ ਖ਼ਿਲਾਫ਼ ਜਿਮੀ ਐਂਡਰਸਨ ਵਰਗਾ ਗੇਂਦਬਾਜ਼ ਹੁੰਦਾ ਹੈ ਤਾਂ ਮੁਕਾਬਲਾ ਕਾਫ਼ੀ ਸਖ਼ਤ ਹੋ ਜਾਂਦਾ ਹੈ। ਤੁਹਾਨੂੰ ਸਖ਼ਤ ਮਿਹਨਤ ਲਈ ਤਿਆਰ ਰਹਿਣਾ ਹੋਵੇਗਾ, ਅਤੇ ਮੈਂ ਇਹ ਮੁਕਾਬਲਾ ਦੇਖਣ ਲਈ ਕਾਫ਼ੀ ਉਤਾਵਲਾ ਹਾਂ।
ਇਸ ਤੋਂ ਇਲਾਵਾ ਮੈਕਗ੍ਰਾ ਨੇ ਇਹ ਵੀ ਕਿਹਾ ਕਿ ਕੇਵਲ ਕੋਹਲੀ ‘ਤੇ ਨਿਰਭਰ ਰਹਿਣਾ ਬੇਵਕੁਫ਼ੀ ਹੋਵੇਗੀ। ਜੇਕਰ ਕੋਹਲੀ ਆਪਣਾ ਪ੍ਰਦਰਸ਼ਨ ਕਰਨ ‘ਚ ਅਸਫ਼ਲ ਰਿਹਾ ਤਾਂ ਹੋਰ ਖਿਡਾਰੀਆਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ। ਭਾਰਤੀ ਟੀਮ ‘ਚ ਹੋਰ ਵੀ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਭ ਨੂੰ ਹੈਰਾਨ ਕੀਤਾ ਹੈ। ਜੇਕਰ ਭਾਰਤੀ ਟੀਮ ਕੇਵਲ ਇੱਕ ਹੀ ਖਿਡਾਰੀ ‘ਤੇ ਨਿਰਭਰ ਕਰਦੀ ਹੈ ਤਾਂ ਉਹ ਗ਼ਲਤੀ ਕਰ ਰਹੀ ਹੋਵੇਗੀ।
ਦੱਸ ਦਈਏ ਕਿ ਚੇਤੇਸ਼ਵਰ ਪੁਜਾਰਾ ਇੰਗਲੈਂਡ ‘ਚ ਚਾਰ ਵਨਡੇ ਮੈਚਾਂ ਦੌਰਾਨ ਕੋਈ ਖ਼ਾਸ ਪ੍ਰਦਰਸ਼ਨ ਨਹੀਂ ਕਰ ਸੱਕਿਆ, ਪਰ ਮੈਕਗ੍ਰਾ ਦਾ ਕਹਿਣਾ ਹੈ ਕਿ ਉਥੇ ਰਹਿਣ ਦਾ ਤਜਰਬਾ ਵੀ ਫ਼ਾਇਦੇਮੰਦ ਹੋ ਸਕਦਾ ਹੈ। ਪੁਜਾਰਾ ਸਕੋਰ ਨਹੀਂ ਬਣਾ ਸਕਣ ਦੇ ਬਾਵਜੂਦ ਉਥੇ ਹੀ ਹੈ। ਉਥੇ ਦੇ ਹਾਲਾਤ ‘ਚ ਖੇਡਣ ਨਾਲ ਹੀ ਮੈਨੂੰ ਲਗਦਾ ਹੈ ਕਿ ਉਸ ਨੂੰ ਮਦਦ ਮਿਲੇਗੀ। ਗੇਂਦਬਾਜ਼ੀ ਵਿਭਾਗ ਦੇ ਬਾਰੇ ਪੁੱਛਣ ‘ਤੇ ਮੈਕਗ੍ਰਾ ਨੇ ਭਰੋਸਾ ਜਤਾਇਆ ਕਿ ਤੇਜ਼ ਗੇਂਦਬਾਜ਼ ਭੁਵਨੇਸ਼ਰ ਕੁਮਾਰ ਅਤੇ ਜਸਪ੍ਰੀਤ ਬੁਮਰਾਹ ਆਪਣੀ ਛਾਪ ਛੱਡਣਗੇ।