ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1372

ਥੋੜ੍ਹੀ ਜਿਹੀ ਚੰਗੀ ਕਿਸਮਤ ਕਈ ਵਾਰ ਸਾਨੂੰ ਬਹੁਤ ਦੂਰ ਤਕ ਲੈ ਕੇ ਜਾਂਦੀ ਹੈ, ਖ਼ਾਸਕਰ, ਉਦਾਹਰਣ ਦੇ ਤੌਰ ‘ਤੇ, ਜਦੋਂ ਅਸੀਂ ਸਫ਼ਲ਼ਤਾ ਤੋਂ ਕੇਵਲ ਵਾਲ ਦੀ ਖੱਲ ਜਿੰਨੀ ਦੂਰੀ ‘ਤੇ ਹੋਈਏ … ਜਾਂ ਫ਼ਿਰ ਅਸਫ਼ਲਤਾ ਤੋਂ। ਪਰ ਆਪਣੇ ਆਪ ਨੂੰ ਇੰਨੀ ਖ਼ਤਰਨਾਕ ਸਥਿਤੀ ‘ਚ ਪਹੁੰਚਾਉਣ ਲਈ ਤੁਸੀਂ ਜ਼ਰੂਰ ਕੁੱਝ ਜੋਖ਼ਮ ਭਰੇ ਕਦਮ ਚੁੱਕੇ ਹੋਣਗੇ। ਜਦੋਂ ਅਸੀਂ ਆਪਣੀ ਕਿਸਮਤ ਨੂੰ ਬਹੁਤ ਖਿੱਚਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਫ਼ਿਰ ਉਸ ਕਾਰਨ ਪੈਦਾ ਹੋਣ ਵਾਲੇ ਤਨਾਅ ਲਈ ਵੀ ਅਸੀਂ ਖ਼ੁਦ ਹੀ ਜ਼ਿੰਮੇਵਾਰ ਹੁੰਦੇ ਹਾਂ। ਤੁਹਾਨੂੰ ਨਿਰਸੰਦੇਹ ਕਿਸੇ ਮਦਦਗ਼ਾਰ ਹੱਥ ਦੀ ਲੋੜ ਹੈ। ਪਰ ਕੀ ਤੁਸੀਂ ਉਸ ਦੇ ਹੱਕਦਾਰ ਹੋ? ਖ਼ੈਰ, ‘ਹੱਕਦਾਰ’ ਇੱਕ ਦੁਨਿਆਵੀ ਖ਼ਿਆਲ ਹੈ। ਜੰਨਤ ‘ਚ, ਕਦੇ ਵੀ, ਕਿਸੇ ਬਾਰੇ ਅਜਿਹੇ ਫ਼ੈਸਲੇ ਨਹੀਂ ਕੀਤੇ ਜਾਂਦੇ।

ਆਪਣੇ ਸਾਥੀ ਦਾ ਹੱਥ ਫ਼ੜੋ। ਡਾਂਸ ਕਰਨ ਲਈ ਤਿਆਰ ਹੋ ਜਾਓ। ਕੀ ਕਿਹਾ ਤੁਹਾਡੇ ਕੋਲ ਹੱਥ ਫ਼ੜਨ ਲਈ ਕੋਈ ਸਾਥੀ ਨਹੀਂ? ਫ਼ਿਰ ਵੀ ਡਾਂਸ ਕਰੋ। ਇੱਕ ਅਜਿਹੇ ਬੰਦੇ ਦੀ ਆਜ਼ਾਦ ਸੋਚ ਆਪਣੇ ਮਨ ‘ਚ ਵਸਾ ਕੇ ਕਰੋ ਜਿਸ ਨੂੰ ਇਹ ਭਲੀ ਪ੍ਰਕਾਰ ਪਤਾ ਹੋਵੇ ਕਿ ਅਸੀਂ ਕਦੇ ਵੀ ਸੱਚਮੁੱਚ ਇਕੱਲੇ ਨਹੀਂ ਹੁੰਦੇ ਕਿਉਂਕਿ ਸਾਡੇ ਸਭ ਦੇ ਦਿਲਾਂ ਅੰਦਰ ਸਿਰਜਣਹਾਰੇ ਦੀ ਅੰਤਰਯਾਮੀ ਆਤਮਾ ਵੱਸਦੀ ਹੈ। ਅਤੇ ਅਕਸਰ, ਇਸ ਸੰਸਾਰ ‘ਚ ਉਨ੍ਹਾਂ ਤੋਂ ਜ਼ਿਆਦਾ ਇਕੱਲਾ ਹੋਰ ਕੋਈ ਵੀ ਨਹੀਂ ਜਿੰਨੇ ਉਹ ਲੋਕ ਹੁੰਦੇ ਹਨ ਜਿਹੜੇ ਕਿਸੇ ਮੁਸ਼ਕਿਲ ਰਿਸ਼ਤੇ ‘ਚ ਇੰਨਾ ਗੁਆਚ ਜਾਂਦੇ ਹਨ ਕਿ ਆਪਣੇ ਅੰਦਰਲੀ ਪਰਮਆਤਮਾ ਨੂੰ ਉਹ ਸਿਆਣ ਹੀ ਨਹੀਂ ਪਾਉਂਦੇ … ਜਾਂ ਕਿਸੇ ਹੋਰ ਦੀ ਅੰਦਰਲੀ ਨੂੰ। ਆਹ ਰਿਹਾ ਜੇ ਕਿਸੇ ਪੁਰਾਣੀ ਰੁਕਾਵਟ ਨੂੰ ਨੱਚ ਕੇ ਪਰੇ ਭਜਾਉਣ ਅਤੇ ਸੰਪੂਰਨਤਾ ਦੇ ਤਾਜ਼ੇ ਪੜਾਅ ਵੱਲ ਪੋਲੇ ਕਦਮੀਂ ਪਰ ਬਹਾਦਰੀ ਨਾਲ ਅੱਗੇ ਵਧਣ ਦਾ ਤੁਹਾਡਾ ਅਰਸ਼ੀ ਸੱਦਾ।

ਜੇਕਰ ਤੁਸੀਂ ਕੋਈ ਬਹੁਤੇ ਵੱਡੇ ਖ਼ਤਰਨਾਕ ਕਾਰਨਾਮੇ ਨੂੰ ਅੰਜਾਮ ਦੇਣ ਦੇ ਮੂਡ ‘ਚ ਨਹੀਂ ਤਾਂ ਆਪਣੀ ਸਾਰੀ ਜ਼ਿੰਦਗੀ ਤੁਸੀਂ ਟੈਲੇਵਿਯਨ ਦੇਖਦੇ ਹੋਏ ਵੀ ਬਿਤਾ ਸਕਦੇ ਹੋ। ਜਿੰਨਾ ਚਿਰ ਤੁਹਾਡੇ ਕੋਲ ਬੈਠਣ ਲਈ ਇੱਕ ਕੁਰਸੀ ਹੈ ਅਤੇ ਦਬਾਉਣ ਲਈ ਇੱਕ ਰਿਮੋਟ ਕੰਟਰੋਲ, ਤੁਹਾਨੂੰ ਹੋਰ ਕੀ ਚਾਹੀਦਾ ਹੋ ਸਕਦੈ? ਸ਼ਾਇਦ, ਸਹੀ ਮਾਅਨੇ ਦੀ ਜ਼ਿੰਦਗੀ ਨੂੰ ਛੱਡ ਕੇ ਹੋਰ ਕੁੱਝ ਵੀ ਨਹੀਂ। ਮਸਲਾ ਇਹ ਹੈ, ਜਦੋਂ ਅਸੀਂ ਜ਼ਿੰਦਗੀ ਲੱਭਣ ਨਿਕਲ ਪੈਂਦੇ ਹਾਂ, ਅਸੀਂ ਲਗਭਗ ਹਮੇਸ਼ਾ ਉਸ ਦੇ ਨਾਲ ਥੋੜੀ ਟੈਨਸ਼ਨ ਵੀ ਸਹੇੜ ਲਿਆਉਂਦੇ ਹਾਂ। ਫ਼ਿਰ ਅਸੀਂ ਕੇਵਲ TV ਉੱਪਰ ਕੋਈ ਡਰਾਮਾ ਦੇਖ ਹੀ ਨਹੀਂ ਰਹੇ ਹੁੰਦੇ ਸਗੋਂ ਉਸ ਨੂੰ ਜੀਅ ਰਹੇ ਹੁੰਦੇ ਹਾਂ। ਪਰ ਡਰਾਮਿਆਂ ‘ਚ ਵੀ ਤਾਂ ਕਈ ਵਾਰ ਖ਼ੁਸ਼ੀਆਂ ਭਰਪੂਰ ਅੰਤ ਦੇਖਣ ਨੂੰ ਮਿਲ ਜਾਂਦੇ ਹਨ। ਹੋ ਸਕਦੈ ਕਿ ਤੁਹਾਡੇ ਭਾਵਨਾਤਮਕ ਜੀਵਨ ‘ਚ ਇਸ ਵਕਤ ਸਭ ਕੁੱਝ ਉਲਟਾ-ਪੁਲਟਾ ਹੋ ਰਿਹਾ ਹੋਵੇ, ਪਰ ਇਸ ਦਾ ਨਤੀਜਾ ਫ਼ਿਰ ਵੀ ਉਤਸ਼ਾਹਜਨਕ ਹੀ ਨਿਕਲੇਗਾ। ਨਾਟਕ ਤੋਂ ਡਰੋ ਨਾ।

ਕੀ ਤੁਸੀਂ ਚਾਹੁੰਦੇ ਹੋ ਕਿ ਚੀਜ਼ਾਂ ਹਮੇਸ਼ਾ ਇੱਕੋ ਤਰ੍ਹਾਂ ਦੀਆਂ ਹੀ ਬਣੀਆਂ ਰਹਿਣ? ਫ਼ਿਰ ਤੁਸੀਂ ਆਪਣੇ ਕਿਸੇ ਰਿਸ਼ਤੇ ਦੇ ਕਿਸੇ ਅਹਿਮ ਖੇਤਰ ‘ਚ ਆਉਣ ਵਾਲੀ ਸੰਭਾਵੀ ਤਬਦੀਲੀ ਨੂੰ ਲੈ ਕੇ ਚਿੰਤਤ ਕਿਉਂ ਹੋ? ਇਸ ਵਕਤ ਤੁਹਾਡੇ ਦਿਲ ਅੰਦਰ ਡੂੰਘੇ ਵਲਵਲੇ ਪਨਪ ਰਹੇ ਹਨ। ਉਨ੍ਹਾਂ ਦੀ ਹੋਂਦ ਮੁਨਾਸਿਬ ਹੈ। ਨਾ ਤਾਂ ਉਨ੍ਹਾਂ ਤੋਂ ਡਰਨ ਦੀ ਲੋੜ ਹੈ ਅਤੇ ਨਾ ਹੀ ਉਨ੍ਹਾਂ ਨੂੰ ਅਣਗੌਲਿਆਂ ਕਰਨ ਦੀ। ਤੁਸੀਂ ਉਹ ਬਣਨਾ ਸ਼ੁਰੂ ਹੋ ਗਏ ਹੋ ਜੋ ਬਣਨ ਦੀ ਸ਼ਾਨਦਾਰ ਸੰਭਾਵਨਾ ਤੁਹਾਡੇ ਅੰਦਰ ਹਮੇਸ਼ਾ ਤੋਂ ਹੀ ਮੌਜੂਦ ਸੀ। ਜੇਕਰ ਤੁਸੀਂ ਕਿਸੇ ਪੱਖੋਂ ਵੀ ਅਸਹਿਜ ਮਹਿਸੂਸ ਕਰੋ ਤਾਂ ਚਿੰਤਾ ਕਰਨ ਦੀ ਲੋੜ ਨਹੀਂ। ਤੁਸੀਂ ਕੇਵਲ ਕਿਸੇ ਸਾਕਾਰਾਤਮਕ ਨਿੱਜੀ ਪ੍ਰਕਿਰਿਆ ਦੇ ਸ਼ੁਰੂ ‘ਚ ਮਹਿਸੂਸ ਹੋਣ ਵਾਲੀ ਆਰਜ਼ੀ ਪੀੜਾ ਨੂੰ ਮਹਿਸੂਸ ਕਰ ਰਹੇ ਹੋ, ਠੀਕ ਉਸੇ ਤਰ੍ਹਾਂ ਜਿਵੇਂ ਬੱਚੇ ਦੰਦ ਕੱਢਣ ਦੀ ਪ੍ਰਕਿਰਿਆ ਦੇ ਸ਼ੁਰੂ ‘ਚ ਕਰਦੇ ਹਨ। ਵਕਤ ਨਾਲ, ਸਭ ਗੁਜ਼ਰ ਜਾਵੇਗਾ।

ਕੋਈ ਚੰਗੀ ਖ਼ਬਰ ਕਦੋਂ ਚੰਗੀ ਨਹੀਂ ਹੁੰਦੀ? ਜਦੋਂ ਤੁਸੀਂ ਇਹ ਸੋਚ ਕੇ ਸਬਰ ਕਰ ਲਵੋ ਕਿ ਉਹ ਕਦੇ ਵੀ ਨਹੀਂ ਆਵੇਗੀ ਅਤੇ ਕਈ ਤਰ੍ਹਾਂ ਦੀਆਂ ਹੋਰ ਬਦਲਵੀਆਂ ਯੋਜਨਾਵਾਂ ਵੀ ਤਿਆਰ ਕਰ ਲਈਆਂ ਹੋਣ। ਜਦੋਂ ਤੁਹਾਡੇ ਜੀਵਨ ‘ਚ ਕਿਸੇ ਵੀ ਸ਼ਾਨਦਾਰ ਸ਼ੈਅ ਲਈ ਕੋਈ ਜਗ੍ਹਾ ਹੀ ਨਹੀਂ ਹੁੰਦੀ ਕਿਉਂਕਿ ਉਹ ਸਥਾਨ ਹੁਣ ਕਿਸੇ ਦੂਸਰੇ ਦਰਜੇ ਦੀਆਂ ਚੀਜ਼ਾਂ ਨਾਲ ਭਰ ਚੁੱਕੈ। ਇਸ ਵਕਤ ਜੋ ਕੁੱਝ ਵੀ ਤੁਹਾਡੀ ਜ਼ਿੰਦਗੀ ‘ਚ ਵਾਪਰ ਰਿਹੈ, ਉਹ ਦਰਅਸਲ ਬਿਹਤਰੀਨ ਹੈ। ਪਰ ਜੇਕਰ ਇਹ ਤੁਹਾਡੇ ਉਸ ਖ਼ਿਆਲ ਨਾਲ ਮੇਲ ਨਹੀਂ ਖਾਂਦਾ ਜੋ ਤੁਸੀਂ ਸੋਚਦੇ ਹੋ ਇਸ ਵਕਤ ਹੋਣਾ ਚਾਹੀਦੈ ਤਾਂ ਤੁਹਾਨੂੰ ਕੇਵਲ ਜੋ ਹੋਣਾ ਚਾਹੀਦੈ ਉਸ ਬਾਰੇ ਆਪਣਾ ਵਿਚਾਰ ਬਦਲਣ ਦੀ ਜ਼ਰੂਰਤ ਹੈ! ਸਰਬਓਤਮ ਦੀ ਆਸ ਰੱਖੋ। ਆਪਣੇ ਦਿਲ ਦੇ ਧੁਰ ਅੰਦਰ, ਤੁਹਾਨੂੰ ਪਤੈ ਕਿ ਤੁਸੀਂ ਉਸ ਦੇ ਹੱਕਦਾਰ ਵੀ ਹੋ।