ਕੀ ਤੁਹਾਡੇ ਦਿਮਾਗ਼ ‘ਤੇ ਕੋਈ ਬਹੁਤ ਵੱਡਾ ਬੋਝ ਹੈ? ਕੀ ਤੁਸੀਂ ਬਹੁਤ ਜ਼ਿਆਦਾ ਤਨਾਅ ਵਿੱਚ ਹੋ? ਕੀ ਇੰਝ ਲੱਗਦੈ ਕਿ ਸਥਿਤੀਆਂ ਨਾਲ ਨਜਿੱਠਣਾ ਓਨਾ ਹੀ ਜ਼ਿਆਦਾ ਮੁਸ਼ਕਿਲ ਹੁੰਦਾ ਜਾ ਰਿਹੈ ਜਿੰਨਾ ਤੁਸੀਂ ਕਿਸੇ ਮਸਲੇ ਨੂੰ ਸੁਲਝਾਉਣ ਦੀ ਜਾਂ ਕਿਸੇ ਵਿਚਾਰ ਦੇ ਵਖਰੇਵੇਂ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਕਰਦੇ ਹੋ? ਜੀਵਨ ਅਕਸਰ ਸਾਨੂੰ ਚੈਲੇਂਜ ਕਰਦਾ ਰਹਿੰਦੈ। ਅਸੀਂ ਕੁੜ੍ਹਦੇ ਰਹਿਣਾ ਚੁਣ ਸਕਦੇ ਹਾਂ ਜਾਂ ਬਹਾਦਰੀ ਨਾਲ ਉਸ ਲਈ ਡੱਟ ਸਕਦੇ ਹਾਂ ਜਿਸ ਲਈ ਖੜ੍ਹਨ ਦੀ ਬੇਨਤੀ ਸਾਰੀ ਕਾਇਨਾਤ ਸਾਨੂੰ ਕਰ ਰਹੀ ਹੈ। ਇਹ ਅੰਦਾਜ਼ੇ ਲਗਾਉਂਦੇ ਰਹਿਣ ਵਿੱਚ ਆਪਣਾ ਵਕਤ ਜ਼ਾਇਆ ਨਾ ਕਰੋ ਕਿ ਕੋਈ ਚੀਜ਼ ਗ਼ਲਤ ਤਾਂ ਨਹੀਂ ਹੋ ਗਈ ਅਤੇ ਜੇ ਹੋ ਗਈ ਹੈ ਤਾਂ ਕਿਵੇਂ ਜਾਂ ਕਿਉਂ। ਆਪਣੇ ਆਪ ਨੂੰ ਕੇਵਲ ਇੰਨਾ ਪੁੱਛੋ ਕਿ ਉਹ ਕਿਹੜੇ ਉਸਾਰੂ ਕਦਮ ਹਨ ਜਿਹੜੇ ਚੁੱਕੇ ਜਾ ਸਕਦੇ ਹਨ, ਫ਼ਿਰ ਸਹੀ ਉਦੇਸ਼ ਨੂੰ ਹਾਸਿਲ ਕਰਨ ਲਈ ਬਿਹਤਰੀਨ ਰਵੱਈਏ ਨਾਲ ਅੱਗੇ ਵਧੋ।
ਵਚਨਬਧਤਾਵਾਂ ਸਾਨੂੰ ਸ਼ਕਤੀ ਅਤੇ ਸਥਿਰਤਾ ਦਿੰਦੀਆਂ ਹਨ। ਇਹ ਦਿਮਾਗ਼ੀ ਸੰਤੁਲਨ ਵੀ ਦਿੰਦੀਆਂ ਹਨ ਕਿਉਂਕਿ ਇਹ ਸਾਨੂੰ ਇਹ ਦੇਖਣ ਵਿੱਚ ਮਦਦ ਕਰਦੀਆਂ ਹਨ ਕਿ ਅਸੀਂ ਕਿੱਥੇ ਖੜ੍ਹੇ ਹਾਂ ਅਤੇ ਸਾਡੀਆਂ ਪ੍ਰਾਥਮਿਕਤਾਵਾਂ ਕਿੱਥੇ ਪਈਆਂ ਹਨ। ਹਾਲਾਂਕਿ ਇਹ ਸੱਚ ਹੈ ਕਿ ਅਸੀਂ ਕਈ ਵਾਰ ਉਨ੍ਹਾਂ ਸਥਿਤੀਆਂ ਵੱਲ ਦੇਖਦੇ ਹਾਂ ਜਿਨ੍ਹਾਂ ਤੋਂ ਅਸੀਂ ਆਪਣੇ ਆਪ ਨੂੰ ਛੁਡਵਾ ਨਹੀਂ ਸਕਦੇ ਅਤੇ ਮਹਿਸੂਸ ਕਰਦੇ ਹਾਂ ਕਿ ਅਸੀਂ ਲਾਭਪਾਤਰ ਹੋਣ ਨਾਲੋਂ ਵੱਧ ਪੀੜਤ ਹਾਂ। ਜੇਕਰ ਤੁਸੀਂ ਆਪਣੀ ਨਿੱਜੀ ਜ਼ਿੰਦਗੀ ਵਿਚਲੀ ਕਿਸੇ ਸਥਿਤੀ ਦਾ ਵਿਰੋਧ ਕਰਨ ਵਿੱਚ ਬਹੁਤ ਜ਼ਿਆਦਾ ਸ਼ਕਤੀ ਖਪਾ ਦਿੱਤੀ ਤਾਂ ਤੁਸੀਂ ਉਸ ਬਾਰੇ ਕੁਝ ਉਸਾਰੂ ਕਰ ਸਕਣ ਦੀ ਆਪਣੀ ਕਾਬਲੀਅਤ ਦਾ ਸਮਝੌਤਾ ਕਰ ਰਹੇ ਹੋਵੋਗੇ।
ਕੀ ਤੁਹਾਡੇ ਦਿਮਾਗ਼ ਵਿੱਚ ਕੋਈ ਬਹੁਤ ਵਧੀਆ ਫ਼ੁਰਨਾ ਫ਼ੁਰਿਐ? ਕੀ ਇਹ ਉਸ ਬਾਰੇ ਕੁਝ ਕਰਨ ਦਾ ਵਕਤ ਹੈ? ਕੀ ਜੇ ਤੁਸੀਂ ਇਸ ਬਾਬਤ ਕੁਝ ਕੀਤਾ ਤਾਂ ਤੁਹਾਨੂੰ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ? ਜੇਕਰ ਹਾਂ ਤਾਂ ਇਹ ਵਿਰੋਧ ਕਿੱਥੋਂ ਆਵੇਗਾ? ਕੀ ਕੋਈ ਦੂਸਰਾ ਇਸ ਨੂੰ ਅਪ੍ਰਵਾਨ ਕਰ ਦੇਵੇਗਾ? ਜਾਂ ਇਹ ਤੁਹਾਡੀ ਖ਼ੁਦ ਦੀ ਸਵੈ-ਵਿਸ਼ਵਾਸ ਦੀ ਕਮੀ ਹੈ ਜਿਹੜੀ ਤੁਹਾਨੂੰ ਪਿੱਛੇ ਖਿੱਚਦੀ ਹੈ? ਜਦੋਂਕਿ ਸਾਡੇ ਲਈ ਆਪਣੇ ਆਪ ਵਿੱਚ ਵਿਸ਼ਵਾਸ ਰੱਖਣਾ ਅਤੇ ਜੋ ਅਸੀਂ ਹਾਸਿਲ ਕਰ ਸਕਦੇ ਹਾਂ ਉਸ ਵਿੱਚ ਭਰੋਸਾ ਦਿਖਾਉਣਾ ਹਮੇਸ਼ਾ ਜ਼ਰੂਰੀ ਹੁੰਦੈ, ਤੁਹਾਡੇ ਲਈ ਇਹ ਖ਼ਾਸ ਤੌਰ ‘ਤੇ ਮਹੱਤਵਪੂਰਨ ਹੈ। ਜੇਕਰ ਤੁਸੀਂ ਠੰਡਾ ਅਤੇ ਡੂੰਘਾ ਸਾਹ ਭਰ ਕੇ ਉਸ ‘ਤੇ ਆਪਣਾ ਧਿਆਨ ਕੇਂਦ੍ਰਿਤ ਕਰ ਸਕੋ ਜੋ ਪਿੱਛਾ ਕਰਨ ਯੋਗ ਲੱਗਦਾ ਹੈ ਤਾਂ ਤੁਸੀਂ ਇਹ ਦੇਖ ਕੇ ਹੈਰਾਨ ਹੋਵੋਗੇ ਕਿ ਸਫ਼ਲਤਾ ਦੇ ਕਿੰਨਾ ਨੇੜੇ ਢੁੱਕਿਆ ਜਾ ਸਕਦੈ।
ਲੋਕਾਂ ਨੂੰ ਆਪਣੇ ਬਾਰੇ – ਅਤੇ ਦੂਸਰਿਆਂ ਬਾਰੇ ਵੀ – ਚੰਗਾ ਸੋਚਣਾ ਆਸਾਨ ਲੱਗਦੈ ਜੇ ਉਹ ਕੁਝ ਕੁ ਕੁਦਰਤੀ ਨੁਕਸਾਂ ਨੂੰ ਨਜ਼ਰਅੰਦਾਜ਼ ਕਰ ਸਕਣ। ਅਜਿਹੀਆਂ ਨੀਤੀਆਂ ਤਾਂ ਹੀ ਕਾਰਾਮਦ ਸਾਬਿਤ ਹੁੰਦੀਆਂ ਹਨ ਜੇਕਰ ਪ੍ਰਤੱਖ ਨੂੰ ਲੁਕੋਇਆ ਜਾ ਸਕਦਾ ਹੋਵੇ! ਜੇਕਰ ਅਸੀਂ ਮੁਆਫ਼ ਕਰਨ ਦੀ ਕਲਾ ਸਿੱਖ ਲਈਏ ਤਾਂ ਇਹ ਸਾਡੇ ਲਈ ਸਿਹਤਮੰਦ ਹੈ। ਆਪਣੇ ਆਪ ਨੂੰ ਓਦੋਂ ਮੁਆਫ਼ ਕਰ ਪਾਉਣਾ ਜਦੋਂ ਅਸੀਂ ਉਨ੍ਹਾਂ ਔਗੁਣਾਂ ਦਾ ਮੁਜ਼ਾਹਰਾ ਕਰੀਏ ਜਿਨ੍ਹਾਂ ਤੋਂ ਅਸੀਂ ਹਾਲੇ ਵੱਡੇ ਹੋਣਾ ਹੈ, ਸਾਡੇ ਸਵੈਮਾਣ ਨੂੰ ਸੰਤੁਲਿਤ ਰੱਖਣ ਵਿੱਚ ਸਾਡੀ ਮਦਦ ਕਰਦਾ ਹੈ। ਆਪਣੇ ਪਿਆਰਿਆਂ ਲਈ ਅਜਿਹਾ ਹੀ ਕਰ ਕੇ, ਅਸੀਂ ਆਪਣੇ ਰਿਸ਼ਤਿਆਂ ਨੂੰ ਵੀ ਸਥਿਰ ਰੱਖ ਸਕਦੇ ਹਾਂ। ਜਿਹੜਾ ਆਦਰਸ਼ ਤੁਹਾਡੀ ਨਿੱਜੀ ਜ਼ਿੰਦਗੀ ਵਿੱਚ ਸਹੀ ਮਾਇਨੇ ਵਿੱਚ ਕੋਈ ਕੀਮਤ ਰੱਖਦੈ, ਉਹ ਹੈ ਇਮਾਨਦਾਰੀ।
ਜਦੋਂ ਵੀ ਅਸੀਂ ਉਹ ਕਰ ਦਿੰਦੇ ਹਾਂ ਜਿਸ ਦੀ ਸਾਡੇ ਤੋਂ ਉਮੀਦ ਕੀਤੀ ਜਾਂਦੀ ਹੈ ਤਾਂ ਅਸੀਂ ਉਮੀਦਾਂ ਦਾ ਪੱਧਰ ਵੀ ਵਧਾ ਦਿੰਦੇ ਹਾਂ। ਅਸੀਂ ਆਪਣੀ ਉਸ ਸਮਝ ਦੇ ਗ਼ੁਲਾਮ ਬਣ ਜਾਂਦੇ ਹਾਂ ਜੋ ਅਸੀਂ ਸਮਝਦੇ ਹਾਂ ਕਿ ਦੂਸਰੇ ਲੋਕ ਸਾਡੇ ਬਾਰੇ ਸੋਚਦੇ ਹਨ। ਜੇਕਰ ਅਸੀਂ ਜਾਣਬੁਝ ਕੇ ਵੀ ਗ਼ਲਤ ਤਰੀਕੇ ਨਾਲ ਵਿਹਾਰ ਕਰੀਏ ਤਾਂ ਸਾਨੂੰ ਸਨਕੀ ਹੋਣ ਦੀ ਆਪਣੀ ਸਾਖ ਅਨੁਸਾਰ ਹੀ ਰਹਿਣਾ ਪੈਂਦੈ! ਵੱਖੋ ਵੱਖਰੇ ਲੋਕਾਂ ਦੇ ਅੱਡੋ ਅੱਡ ਵਿਚਾਰ ਹਨ ਕਿ ਤੁਹਾਨੂੰ ਖ਼ੁਦ ਨੂੰ ਦਰਪੇਸ਼ ਚੁਣੌਤੀਆਂ ਦਾ ਜਵਾਬ ਕਿਸ ਤਰ੍ਹਾਂ ਦੇਣਾ ਚਾਹੀਦੈ। ਤੁਸੀਂ ਸਲਾਹ ਨੂੰ (ਅਤੇ ਤੁਹਾਨੂੰ ਅਜਿਹਾ ਕਰ ਲੈਣਾ ਚਾਹੀਦੈ) ਸੁਣ ਸਕਦੇ ਹੋ। ਤੁਸੀਂ ਵਿਚਾਰਾਂ ਪ੍ਰਤੀ ਸੰਵੇਦਨਸ਼ੀਲ ਵੀ ਹੋ ਸਕਦੇ ਹੋ। ਪਰ ਕੇਵਲ ਤੁਹਾਨੂੰ ਹੀ ਪਤੈ ਕਿ ਸੱਚਮੁੱਚ ਕੀ ਸਹੀ ਹੈ ਅਤੇ ਕਿਉਂ।