ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1478

ਕੀ ਇਸ ਧਰਤੀ ਗ੍ਰਹਿ ‘ਤੇ ਕਿਸੇ ਵੀ ਚੀਜ਼ ਦੀ ਕੋਈ ਤੁਕ ਬਣਦੀ ਹੈ? ਅਸੀਂ ਇੱਥੇ ਇਸ ਕਰ ਕੇ ਨਹੀਂ ਆਏ ਕਿਉਂਕਿ ਕਿਸੇ ਕਮੇਟੀ ਨੇ ਕੋਈ ਮੀਟਿੰਗ ਕਰ ਕੇ ਸਾਡੀ ਇੱਥੇ ਆਮਦ ਬਾਬਤ ਇੱਕ ਸੂਝਵਾਨ ਯੋਜਨਾ ਤਿਆਰ ਕੀਤੀ ਸੀ। ਅਸੀਂ ਅਜਿਹੇ ਸ਼ਰੀਰਾਂ ‘ਚ ਰਹਿੰਦੇ ਹਾਂ ਜਿਹੜੇ ਹੈੱਲਥ ਐਂਡ ਸੇਫ਼ਟੀ ਮਹਿਕਮੇ ਵਲੋਂ ਪ੍ਰਵਾਨਿਤ ਹੀ ਨਹੀਂ, ਅਤੇ ਅਸੀਂ ਆਪਣੇ ਬਹੁਤੇ ਅਹਿਮ ਫ਼ੈਸਲੇ ਗ਼ੈਰਵਾਜਿਬ ਲੋੜਾਂ ਅਤੇ ਭੈਆਂ ਦੇ ਆਧਾਰ ‘ਤੇ ਕਰਦੇ ਹਾਂ। ਇਸ ਵਕਤ ਤੁਸੀਂ ਸਨਕੀ ਅਤੇ ਵਹਿਮੀ ਬਣਨ ਦੇ ਹੱਕਦਾਰ ਹੋ। ਤੁਸੀਂ ਜੋ ਮਹਿਸੂਸ ਕਰ ਰਹੇ ਹੋ, ਉਸ ਨੂੰ ਮਹਿਸੂਸ ਕਰਨ ਅਤੇ ਜੋ ਚਾਹੁੰਦੇ ਹੋ, ਉਸ ਨੂੰ ਚਾਹੁਣ ਦੇ ਵੀ ਹੱਕਦਾਰ ਹੋ। ਕੀ ਤੁਸੀਂ ਉਸ ਨੂੰ ਹਾਸਿਲ ਕਰ ਪਾਓਗੇ? ਖ਼ੈਰ, ਇਹ ਸ਼ਾਇਦ ਇਸ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਉਸ ਨੂੰ ਸੱਚਮੁੱਚ ਕਿੰਨੀ ਸ਼ਿੱਦਤ ਨਾਲ ਚਾਹੁੰਦੇ ਹੋ!
ਜਿਵੇਂ-ਜਿਵੇਂ ਸਾਡੀ ਉਮਰ ਵਧਦੀ ਹੈ, ਕੀ ਅਸੀਂ ਵਧੇਰੇ ਸਮਝਦਾਰ ਬਣਦੇ ਜਾਂਦੇ ਹਾਂ? ਇਹ ਕਲਪਨਾ ਕਰਨਾ ਚੰਗਾ ਲਗਦਾ ਹੈ ਕਿ ਇਸ ਪ੍ਰਸ਼ਨ ਦਾ ਉੱਤਰ ਹਾਂ ਹੈ। ਸਾਡੇ ‘ਚੋਂ ਕੁੱਝ, ਪਰ, ਕਦੇ ਵੀ ਕੁੱਝ ਨਾ ਸਿੱਖਣ ਦੀ ਚੋਣ ਕਰਦੇ ਨੇ। ਅਸੀਂ ਉਨ੍ਹਾਂ ਹੀ ਪੁਰਾਣੇ ਚੱਕਰਾਂ ‘ਚ ਗੇੜੇ ਲਗਾਉਂਦੇ ਰਹਿੰਦੇ ਹਾਂ, ਉਹੀ ਪੁਰਾਣੇ ਨਾਟਕ ਖੇਡਦੇ ਹਾਂ, ਉਹੀ ਪੁਰਾਣੇ ਸਿਧਾਂਤਾਂ ਦਾ ਪ੍ਰੀਖਣ ਕਰਦੇ ਹਾਂ; ਫ਼ਿਰ ਵੀ ਉਨ੍ਹਾਂ ਸਬੂਤਾਂ ਨੂੰ ਕਬੂਲ ਕਰਨ ਤੋਂ ਇਨਕਾਰੀ ਹੁੰਦੇ ਹਾਂ ਜਿਹੜੇ ਸਾਡੇ ਤਜਰਬੇ ਸਾਡੇ ਸਾਹਮਣੇ ਪੇਸ਼ ਕਰਦੇ ਨੇ। ਜਿਵੇਂ-ਜਿਵੇਂ ਸਾਡੀ ਉਮਰ ਵਧਦੀ ਹੈ, ਅਸੀਂ ਵਧੇਰੇ ਤਜਰਬੇਕਾਰ ਹੁੰਦੇ ਜਾਂਦੇ ਹਾਂ, ਪਰ ਸਮਝਦਾਰ ਬਣਨ ਲਈ ਤਜਰਬੇ ਦੇ ਨਾਲ-ਨਾਲ ਕਿਸੇ ਹੋਰ ਸ਼ੈਅ ਦੀ ਵੀ ਲੋੜ ਹੁੰਦੀ ਹੈ: ਸਹਿਮਤੀ ਦੀ। ਤੁਸੀਂ ਇਸ ਵਕਤ ਸਿੱਖਣ ਲਈ ਤਿਆਰ ਹੋ। ਸੋ ਤੁਸੀਂ ਕਿਸੇ ਮਸਲੇ ਨੂੰ ਹੱਲ ਕਰਨ ਲਈ ਵੀ ਤਿਆਰ ਹੋ! ਹੁਣ ਇਹ ਸਾਬਿਤ ਹੋ ਚੁੱਕਾ ਹੈ ਕਿ ਤੁਸੀਂ ਉਸ ਤੋਂ ਕਿਤੇ ਵੱਧ ਸਮਝਦਾਰ ਹੋ ਜਿੰਨਾ ਤੁਹਾਨੂੰ ਪਤਾ ਸੀ!
ਮਾਹਿਰਾਂ ਨੂੰ ਇਹ ਐਕਟਿੰਗ ਕਰਨ ਅਤੇ ਬੋਲਣ ਦੇ ਪੈਸੇ ਮਿਲਦੇ ਹਨ ਕਿ ਉਨ੍ਹਾਂ ਨੂੰ ਸਾਰੇ ਜਵਾਬ ਪਤਾ ਹਨ। ਜੇਕਰ ਉਹ ਇਹ ਖੇਡ ਸੁਰੱਖਿਅਤ ਢੰਗ ਨਾਲ ਨਾ ਖੇਡਣ ਤਾਂ ਉਹ ਬਹੁਤ ਕੁੱਝ ਗੁਆ ਸਕਦੇ ਨੇ। ਇਸ ਕਾਰਨ ਉਹ ਅਜਿਹੀ ਸਲਾਹ ਦਿੰਦੇ ਨੇ ਜਿਹੜੀ ਜੇ ਗ਼ਲਤ ਵੀ ਸਾਬਿਤ ਹੋ ਜਾਵੇ ਤਾਂ ਉਨ੍ਹਾਂ ਲਈ ਬਹੁਤੀ ਮੁਸ਼ਕਿਲ ਨਹੀਂ ਖੜ੍ਹੀ ਕਰੇਗੀ। ਅਕਸਰ, ਪਰ, ਉਹ ਪ੍ਰਤੱਖ ਨੂੰ ਅਣਗੌਲਿਆ ਕਰ ਦਿੰਦੇ ਹਨ, ਜਾਂ ਨਿਕੰਮੇ ਕਹਿ ਕੇ ਉਨ੍ਹਾਂ ਵਿਚਾਰਾਂ ਨੂੰ ਨਕਾਰ ਦਿੰਦੇ ਹਨ ਜਿਹੜੇ ਬਸ ਥੋੜ੍ਹੀ ਜਿਹੀ ਤਜਰਬੇਕਾਰੀ ਅਤੇ ਮਾੜੇ-ਮੋਟੇ ਜੁਗਾੜੂਪੁਣੇ ਨਾਲ ਸਫ਼ਲ ਹੋ ਜਾਣੇ ਸਨ। ਤੁਹਾਡੀ ਨਿੱਜੀ ਜ਼ਿੰਦਗੀ ਵਿਚਲੀ ਕਿਸੇ ਸਥਿਤੀ ਬਾਰੇ ਮਾਹਿਰਾਨਾ ਰਾਏ ਕੀ ਹੈ? ਜੇਕਰ ਉਹ ਤੁਹਾਡੀ ਖ਼ੁਦ ਦੀ ਸਲਾਹ ਨਹੀਂ ਤਾਂ ਫ਼ਿਰ ਮਾਮਲੇ ਨੂੰ ਇਹ ਕਹਿ ਕੇ ਟਾਲੋ ਨਾ ਕਿ ਤੁਹਾਡੀ ਜਗ੍ਹਾ ‘ਤੇ ਕੋਈ ਹੋਰ ਸਿਆਣਾ ਵਿਅਕਤੀ ਹੁੰਦਾ ਤਾਂ ਕੀ ਕਰਦਾ!
ਬਿਹਤਰੀਨ ਸ਼ੈਅ ਤਕ ਪਹੁੰਚਣ ਦੀ ਹਰ ਹਾਲਤ ‘ਚ ਕੋਸ਼ਿਸ਼ ਕਰੋ, ਪਰ ਇਸ ਗੱਲ ਨੂੰ ਧਿਆਨ ‘ਚ ਰੱਖਿਓ ਕਿ ਬਿਹਤਰੀਨ ਚੀਜ਼ ਹਮੇਸ਼ਾ ਪਹੁੰਚ ‘ਚੋਂ ਬਾਹਰ ਨਹੀਂ ਹੁੰਦੀ। ਅਸੀਂ ਅਕਸਰ ਭਰਮਾਊ ਟੀਚਿਆਂ ਨੂੰ ਮਨਪਸੰਦ ਸਮਝਣ ਦੀ ਗ਼ਲਤੀ ਕਰ ਬੈਠਦੇ ਹਾਂ। ਜੇ ਕੋਈ ਸ਼ੈਅ ਦੁਰਲੱਭ ਹੈ, ਅਸੀਂ ਸੋਚਦੇ ਹਾਂ, ਉਹ ਜ਼ਰੂਰ ਕੀਮਤੀ ਹੋਵੇਗੀ। ਹਮੇਸ਼ਾ ਅਜਿਹਾ ਨਹੀਂ ਹੁੰਦਾ। ਜੀਵਨ ਵਿਚਲੀਆਂ ਕੁੱਝ ਬਹੁਤ ਹੀ ਨਫ਼ੀਸ ਚੀਜ਼ਾਂ ਕੇਵਲ ਮੁਫ਼ਤ ਹੀ ਨਹੀਂ; ਉਹ ਠੀਕ ਸਾਡੇ ਨੱਕ ਹੇਠ ਬਹੁਤਾਤ ‘ਚ ਪਈਆਂ ਹੁੰਦੀਆਂ ਹਨ। ਅਕਸਰ, ਜੋ ਸਾਨੂੰ ਸਭ ਤੋਂ ਵੱਧ ਚਾਹੀਦਾ ਹੁੰਦੈ, ਉਹ ਕੋਈ ਵਸਤੂ, ਕੋਈ ਸ਼ੈਅ ਜਾਂ ਹਾਲਤ ‘ਚ ਕੋਈ ਤਬਦੀਲੀ ਨਹੀਂ ਹੁੰਦੀ; ਉਹ ਹੁੰਦੀ ਹੈ ਉਸ ਲਈ ਸ਼ੁਕਰਗ਼ੁਜ਼ਾਰ ਹੋਣ ਦੀ ਕਾਬਲੀਅਤ ਜੋ ਸਾਧਾਰਣ ਪਰ ਇੱਕ ਸ਼ਾਨਦਾਰ ਤੋਹਫ਼ਾ ਹੈ। ਤੁਹਾਡੇ ਲਈ ਖ਼ੁਸ਼ ਹੋਣ ਲਈ ਢੇਰਾਂ ਕਾਰਨ ਹੋਣਗੇ।
ਖ਼ੁਦ ‘ਤੇ ਸ਼ੱਕ ਕਿਓਂ? ਆਨੰਦ ਅਤੇ ਸੰਤੁਸ਼ਟੀ ਦੇ ਹੱਕਦਾਰ ਹੋਣ ਦੇ ਆਪਣੇ ਹੱਕ ‘ਤੇ ਸਵਾਲ ਕਿਓਂ? ਅਤੇ ਇਹ ਸ਼ੰਕਾ ਕਿਓਂ, ਇੱਕ ਪਲ ਲਈ ਵੀ, ਕਿ ਤੁਹਾਨੂੰ ਉਸ ਦਾ ਤਜਰਬਾ ਹਾਸਿਲ ਨਹੀਂ ਹੋਣ ਵਾਲਾ? ਨਿਰਸੰਦੇਹ ਹਾਲ ਹੀ ‘ਚ ਜ਼ਿੰਦਗੀ ਦੇ ਆਪਣੇ ਉਤਰਾ-ਚੜ੍ਹਾ ਰਹੇ ਨੇ। ਬਿਨਾਂ ਉਨ੍ਹਾਂ ਉਤਰਾਵਾਂ ਦੇ, ਚੜ੍ਹਾਵਾਂ ਦਾ ਕੋਈ ਅਰਥ ਹੀ ਨਹੀਂ ਰਹਿ ਜਾਂਦਾ। ਤੁਸੀਂ ਖ਼ੁਦ ਨੂੰ ਬਾਰ-ਬਾਰ ਯਕੀਨ ਦਿਵਾਏ ਜਾਣ ਲਈ ਸੱਚਮੁੱਚ ਦੀ ਇੱਕ ਭੁੱਖ ਵਿਕਸਿਤ ਕਰ ਲਈ ਹੈ। ਇਹ ਵੀ ਸਪੱਸ਼ਟ ਹੋ ਚੁੱਕੈ ਕਿ ਤੁਹਾਨੂੰ ਉਹ ਭਰੋਸਾ ਓਦੋਂ ਤਕ ਹਾਸਿਲ ਨਹੀਂ ਹੋਣ ਵਾਲਾ ਜਦੋਂ ਤਕ ਤੁਸੀਂ ਸਿਆਣਪ ਦੇ ਆਪਣੇ ਭੰਡਾਰ ਨੂੰ ਹੋਰ ਡੂੰਘਾ ਨਹੀਂ ਖੰਘਾਲਦੇ। ਪਰ ਧੁਰ ਅੰਦਰ, ਤੁਹਾਨੂੰ ਪਤੈ ਕਿ ਇਸ ਵਕਤ ਕੀ ਚਾਹੀਦਾ ਹੈ। ਅਤੇ ਤੁਹਾਨੂੰ ਇਹ ਵੀ ਪਤੈ ਕਿ ਉਸ ਨੂੰ ਵਰਤਾਉਣਾ ਕਿਵੇਂ ਹੈ।