ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1473

ਜਿਵੇਂ ਕਿ ਤੁਸੀਂ ਨੋਟਿਸ ਕੀਤਾ ਹੀ ਹੋਣੈ, ਮੈਂ ਕਦੇ ਵੀ ਜੂਏ ਬਾਰੇ ਕਿਸੇ ਨੂੰ ਕੋਈ ਸਲਾਹ ਨਹੀਂ ਦਿੰਦਾ। ਮੈਂ ਲੋਕਾਂ ਨੂੰ ਇਹ ਨਹੀਂ ਕਹਿੰਦਾ ਫ਼ਿਰਦਾ, ”ਤੁਸੀਂ ਖ਼ੁਸ਼ਕਿਸਮਤ ਸਾਬਿਤ ਹੋਵੋਗੇ, ਸੋ ਜਾਓ ਅਤੇ ਜਾ ਕੇ ਸ਼ਰਤਾਂ ਲਗਾਓ।” ਬਹੁਤ ਹੀ ਘੱਟ, ਜੇ ਕਦੇ ਹੋਵੇ ਵੀ ਤਾਂ, ਕੋਈ ਵਿਅਕਤੀ ਐਨਾ ਜ਼ਿਆਦਾ ਕਿਸਮਤਵਾਲਾ ਹੋ ਸਕਦਾ ਹੈ ਕਿ ਉਹ ਜਿਸ ਮਰਜ਼ੀ ਸ਼ੈਅ ‘ਤੇ ਦਾਅ ਲਗਾਵੇ, ਜਿੱਤ ਜਾਵੇ। ਸੂਝ ਦੀ ਠੀਕ ਵਰਤੋਂ ਅਤੇ ਭਰੋਸੇਯੋਗ ਜਾਣਕਾਰੀ ਦੀ ਪ੍ਰਾਪ੍ਰਤੀ ਕਿਸਮਤ ਲਈ ਹਮੇਸ਼ਾ ਮਦਦਗਾਰ ਅਤੇ ਪ੍ਰੇਰਨਾਸ੍ਰੋਤ ਸਾਬਿਤ ਹੁੰਦੇ ਹਨ। ਜੇ ਤੁਹਾਡੇ ਕੋਲ ਉਹ ਸਭ ਕੁਝ ਮੌਜੂਦ ਹੈ ਤਾਂ ਤੁਸੀਂ ਵਧੀਆ ਕਾਰਗੁਜ਼ਾਰੀ ਦਿਖਾ ਸਕਦੇ ਹੋ, ਫ਼ਿਰ ਭਾਵੇਂ ਤੁਸੀਂ ਕਿਸਮਤ ਦੇ ਮਾਮਲੇ ‘ਚ ਥੋੜ੍ਹੇ ਊਣੇ ਵੀ ਕਿਉਂ ਨਾ ਹੋਵੋ। ਅਤੇ ਇਹ ਇੱਕ ਅਜਿਹਾ ਤੱਥ ਹੈ ਜਿਸ ਦੇ ਸੱਚ ਹੋਣ ਦਾ ਮੈਂ ਤੁਹਾਡੇ ਨਾਲ ਵਾਅਦਾ ਕਰ ਸਕਦਾਂ। ਤੁਹਾਡੀ ਕਿਸਮਤ ਬੇਸ਼ੱਕ ਜਿਹੋ ਜਿਹੀ ਮਰਜ਼ੀ ਹੋਵੇ, ਤੁਹਾਡੇ ਕੋਲ ਉਹ ਬਾਕੀ ਸਾਰੇ ਗੁਣ ਮੌਜੂਦ ਹਨ ਜਿਹੜੇ ਸਫ਼ਲਤਾ ਹਾਸਿਲ ਕਰਨ ਲਈ ਤੁਹਾਨੂੰ ਚਾਹੀਦੇ ਨੇ।

ਬਹੁਤੇ ਲੋਕ ਪੈਸੇ ਜ਼ਾਇਆ ਕਰਨ ਬਾਰੇ ਵਕਤ ਜ਼ਾਇਆ ਕਰਨ ਤੋਂ ਵੱਧ ਫ਼ਿਕਰਮੰਦ ਦਿਖਦੇ ਨੇ। ਇਨ੍ਹਾਂ ਦੋ ਪਦਾਰਥਾਂ ‘ਚੋਂ, ਪਰ, ਕਿਹੜੀ ਚੀਜ਼ ਵਧੇਰੇ ਕੀਮਤੀ ਹੈ? ਜਦੋਂ ਕਿ ਨਕਦ ਨੂੰ ਗੁਆਉਣਾ ਬਿਨਾ ਸ਼ੱਕ ਮੁਮਕਿਨ ਹੈ, ਪਰ ਵਕਤ ਬਾਰੇ ਇਹ ਕਹਿਣਾ ਬਹਿਸ ਦਾ ਇੱਕ ਮੁੱਦਾ ਹੋ ਸਕਦੈ ਕਿ ਉਸ ਦੀ ਕਦੇ ਵੀ ਸੱਚਮੁੱਚ ਦੁਰਵਰਤੋਂ ਸੰਭਵ ਹੈ। ਹਾਲ ਹੀ ‘ਚ ਤੁਸੀਂ ਇਸ ਬਾਰੇ ਲੋੜੋਂ ਵੱਧ ਚਿੰਤਤ ਰਹੇ ਹੋ ਕਿ ਕਿਸੇ ਸੰਵੇਦਨਸ਼ੀਲ ਸਥਿਤੀ ‘ਚ ਕਰਨ ਵਾਲੀ ਸਹੀ ਗੱਲ ਕਿਹੜੀ ਹੈ। ਹੁਣ ਇਹ ਬਹੁਤ ਜ਼ਰੂਰੀ ਹੈ ਕਿ ਕੀ ਸੱਚਮੁੱਚ ਮਹੱਤਵਪੂਰਨ ਹੈ ਬਾਰੇ ਤੁਸੀਂ ਆਪਣਾ ਮਨ ਬਦਲ ਲਵੋ। ਇਹ ਕਿਸੇ ਵੀ ਸ਼ੈਅ ਦੀ ਬਰਬਾਦੀ ਨਹੀਂ। ਇਹ ਤਾਂ ਸਗੋਂ ਚੰਗਾ ਹੈ।

ਇੱਕ ਆਜ਼ਾਦ ਸਮਾਜ ‘ਚ ਵੀ ਕੁਝ ਖ਼ਿਆਲ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਇਜ਼ਹਾਰ ਕਰਨਾ ਸਹੀ ਨਹੀਂ ਹੁੰਦਾ। ਕੁਝ ਅਜਿਹੇ ਕਥਨ ਜਿਹੜੇ ਜੇ ਤੁਸੀਂ ਵਿਅਕਤ ਕਰ ਦਿੱਤੇ ਤਾਂ ਉਹ ਤੁਹਾਡੇ ਮੁਲਾਂਕਣ ਦਾ ਇੱਕ ਬਹੁਤ ਵੱਡਾ ਕਾਰਨ ਬਣ ਸਕਦੇ ਹਨ। ਪਰ ਕੋਈ ਵੀ ਵਿਧਾਨਕ ਸਮੂਹ, ਚਾਹੇ ਉਹ ਕਿੰਨਾ ਵੀ ਅੱਤਿਆਚਾਰੀ ਕਿਉਂ ਨਾ ਹੋਵੇ, ਲੋਕਾਂ ਨੂੰ ਕਦੇ ਵੀ ਕੁਝ ਖ਼ਾਸ ਵਿਚਾਰ ਸੋਚਣ ਤੋਂ ਰੋਕ ਨਹੀਂ ਸਕਿਆ। ਸਾਡੇ ਦਿਮਾਗ਼ ਦੇ ਇਕਾਂਤ ‘ਚ ਕੀ ਵਾਪਰਦਾ ਹੈ, ਉਹ ਪਵਿੱਤਰ ਹੈ। ਜਾਂ, ਘੱਟਘੱਟ, ਸਿਧਾਂਤਕ ਰੂਪ ‘ਚ ਤਾਂ ਉਹ ਹੈ। ਅਜੀਬ ਗੱਲ ਹੈ, ਕੁਝ ਅਜਿਹੇ ਖ਼ਿਆਲ ਹਨ ਜਿਨ੍ਹਾਂ ਬਾਰੇ ਅਸੀਂ ਸੋਚਦੇ ਹਾਂ ਕਿ ਸਾਨੂੰ ਉਨ੍ਹਾਂ ਨੂੰ ਆਪਣੇ ਜ਼ਹਿਨ ‘ਚ ਸੱਦਾ ਦੇਣ ਦੀ ਵੀ ਹਿੰਮਤ ਨਹੀਂ ਕਰਨੀ ਚਾਹੀਦੀ। ਕੀ ਅਜਿਹਾ ਹੋ ਸਕਦੈ ਕਿ ਉਨ੍ਹਾਂ ‘ਚੋਂ ਹੀ ਇੱਕ ਜਾਂ ਦੋ ਇਸ ਵੇਲੇ ਉਸ ਪ੍ਰਗਤੀ ਨੂੰ ਰੋਕ ਰਹੇ ਹੋਣ ਜਿਸ ਦੇ ਤੁਸੀਂ ਹੱਕਦਾਰ ਹੋ?

ਕੁਝ ਲੋਕ ਇੱਕ ਚੰਗੀ ਬਹਿਸ ਪਸੰਦ ਕਰਦੇ ਨੇ। ਉਨ੍ਹਾਂ ਨੂੰ ਕਹੋ ਆਸਮਾਨ ਨੀਲਾ ਹੈ, ਅਤੇ ਉਹ ਇਹ ਸਿੱਧ ਕਰਨ ਦਾ ਕੋਈ ਰਾਹ ਲੱਭ ਲੈਣਗੇ ਕਿ ਅਸਲ ‘ਚ ਉਸ ਦਾ ਤਾਂ ਕੋਈ ਰੰਗ ਹੈ ਹੀ ਨਹੀਂ ਅਤੇ ਨੀਲੇ ਰੰਗ ਦਾ ਉਹ ਸਿਰਫ਼ ਇੱਕ ਪ੍ਰਭਾਵ ਜਿਹਾ ਛੱਡਦਾ ਹੈ। ਜੇ, ਪਰ, ਤੁਸੀਂ ਉਨ੍ਹਾਂ ਨੂੰ ਇਹੋ ਦਲੀਲ ਦਿਓ, ਉਹ ਜਵਾਬ ਦੇਣਗੇ ਕਿ ਜੇਕਰ ਇਹ ਨੀਲੇ ਰੰਗ ਦਾ ਦਿੱਖਦੈ ਤਾਂ ਫ਼ਿਰ ਇਹ ਨੀਲਾ ਹੀ ਹੈ, ਅਤੇ ਤੁਸੀਂ ਕੇਵਲ ਵਾਲ ਦੀ ਖੱਲ ਉਤਾਰਣ ਦੀ ਕੋਸ਼ਿਸ਼ ਕਰ ਰਹੇ ਹੋ। ਹੁਣ ਮੈਂ ਇਹ ਮਸ਼ਵਰਾ ਹਰਗਿਜ਼ ਨਹੀਂ ਦੇ ਰਿਹਾ ਕਿ ਤੁਹਾਡੇ ਜਾਣੂਆਂ ‘ਚੋਂ ਕਿਸੇ ਵਿਅਕਤੀ ‘ਚ ਇੰਨਾ ਜ਼ਿਆਦਾ ਵਿਰੋਧੀ ਹੋਣ ਦਾ ਰੁਝਾਨ ਹੈ। ਨਾ ਹੀ ਮੈਂ ਇਹ ਕਹਿਣ ਦਾ ਸੁਪਨਾ ਲੈ ਸਕਦਾਂ ਕਿ ਕਦੇ-ਕਦੇ, ਤੁਸੀਂ ਖ਼ੁਦ ਵੀ ਗੁੰਝਲਦਾਰ ਸਾਬਿਤ ਹੋ ਸਕਦੇ ਹੋ। ਪਰ ਜੇ ਤੁਸੀਂ ਕਿਸੇ ਝਗੜੇ ਤੋਂ ਦੂਰ ਚਲੇ ਜਾਓ, ਤੁਸੀਂ ਇੱਕ ਵੱਡੇ ਮੌਕੇ ਦੇ ਨੇੜੇ ਪਹੁੰਚ ਸਕਦੇ ਹੋ।

ਇੰਝ ਲੱਗਦੈ ਤੁਸੀਂ ਲੜਨ ਲਈ ਜੰਗਾਂ, ਸਾਬਿਤ ਕਰਨ ਲਈ ਮੁੱਦੇ ਅਤੇ ਪੂਰੇ ਕਰਨ ਲਈ ਏਜੰਡੇ ਲਗਾਤਾਰ ਲੱਭਦੇ ਰਹਿੰਦੇ ਹੋ। ਇਹ ਸਭ ਕੁਝ, ਕਿਸੇ ਨਾ ਕਿਸੇ ਢੰਗ ਨਾਲ, ਤਾਕਤ ਦੇ ਵਿਸ਼ੇ ‘ਤੇ ਆਧਾਰਿਤ ਹੈ। ਮਿਲੀ ਹੋਈ ਤਾਕਤ, ਦਿੱਤੀ ਗਈ ਤਾਕਤ, ਚਾਹੀਦੀ ਤਾਕਤ, ਉਪਲਬਧ ਤਾਕਤ। ਜੇ ਤੁਸੀਂ ਸਹੀ ਚੋਣਾਂ ਕਰਨ ਬਾਰੇ ਨਿਸ਼ਚਿਤ ਹੋਣਾ ਚਾਹੁੰਦੇ ਹੋ – ਬਿਲਕੁਲ ਹੀ ਵੱਖਰੀ ਕਿਸਮ ਦੀ ਤਾਕਤ ‘ਤੇ ਆਪਣਾ ਸਾਰਾ ਧਿਆਨ ਕੇਂਦ੍ਰਿਤ ਕਰੋ। ਕਿਸੇ ਦੇ ਦੁਖਾਂ ਦਾ ਨਿਵਾਰਣ ਕਰਨ ਦੀ ਤਾਕਤ। ਦਿਆਲੂ ਹੋਣ ਦੀ ਤਾਕਤ। ਉਹ ਤਾਕਤ ਜਿਹੜੀ ਤਾਕਤ ਤਿਆਗਣ ਨਾਲ ਨਸੀਬ ਹੁੰਦੀ ਹੈ। ਕਿਸੇ ਨੂੰ ਕੋਈ ਤੁੱਛ ਜੰਗ ਜਿੱਤਣ ਦੇਣ ਦੀ ਤਾਕਤ ਜਦੋਂ ਕਿ ਤੁਸੀਂ ਉਸ ਤੋਂ ਵੀ ਕਿਤੇ ਵੱਧ ਅਹਿਮ ਮੁਹਿੰਮ ‘ਤੇ ਫ਼ੋਕੱਸ ਕਰ ਰਹੇ ਹੋ। ਵੱਡੇ ਬਣੋ!