ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1419

ਸਾਨੂੰ ਕਦੇ ਵੀ ਇਹ ਕਿੱਦਾਂ ਪਤਾ ਲੱਗ ਸਕਦੈ ਕਿ ਅਸੀਂ ਚੰਗਾ ਫ਼ੈਸਲਾ ਲੈ ਰਹੇ ਹਾਂ ਜਾਂ ਮਾੜਾ? ਸਾਡੀ ਕਿਹੜੀ ਕਾਬਲੀਅਤ ਸਾਨੂੰ ਨਿਰਣੇ ਕਰਨ ਦੇ ਯੋਗ ਬਣਾਉਂਦੀ ਹੈ? ਇਹ ਪਤਾ ਲਗਾਉਣ ਦਾ ਇੱਕੋ-ਇੱਕ ਢੰਗ ਹੈ ਆਪਣੀ ਕਿਸੇ ਚੋਣ ਨੂੰ ਪਰਖਣਾ। ਜਿਵੇਂ-ਜਿਵੇਂ ਸਾਡੀਆਂ ਕਾਰਵਾਈਆਂ ਦੇ ਸਿੱਟੇ ਖ਼ੁਦ ਨੂੰ ਜ਼ਾਹਿਰ ਕਰਦੇ ਨੇ, ਸਾਨੂੰ ਦੇਖਣਾ ਪੈਂਦੈ ਕਿ ਚੀਜ਼ਾਂ ਕਿਵੇਂ ਮਹਿਸੂਸ ਹੋ ਰਹੀਆਂ ਹਨ। ਸਾਨੂੰ ਇਸ ਗੱਲੋਂ ਵੀ ਸਾਵਧਾਨ ਰਹਿਣਾ ਚਾਹੀਦੈ ਕਿ ਅਸੀਂ ਨਤੀਜਿਆਂ ‘ਤੇ ਪਹੁੰਚਣ ਦੀ ਕਾਹਲ ਨਾ ਕਰੀਏ। ਫ਼ਾਇਦੇ ਪਹੁੰਚਾਉਣ ਤੋਂ ਪਹਿਲਾਂ, ਤਬਦੀਲੀ ਅਕਸਰ ਨਾਕਾਰਾਤਮਕ ਪ੍ਰਤੀਕਿਰਿਆ ਪੈਦਾ ਕਰਦੀ ਹੈ। ਹਾਲ ਹੀ ‘ਚ ਤੁਸੀਂ ਕੋਈ ਕਦਮ ਚੁੱਕਣ ਜਾਂ ਨਾ ਚੁੱਕਣ ਦੇ ਸਾਕਾਰਾਤਮਕ ਅਤੇ ਨਾਕਾਰਾਤਮਕ ਪਹਿਲੂਆਂ ਨੂੰ ਵਿਚਾਰਨ ‘ਚ ਬਹੁਤ ਸਮਾਂ ਬੀਤਾਇਐ। ਕੀ ਤੁਹਾਨੂੰ ਉਨ੍ਹਾਂ ਦਲੀਲਾਂ ਨੂੰ ਸੁੱਚਮੁੱਚ ਮੁੜ ਵਿਚਾਰਨ ਦੀ ਕੋਈ ਲੋੜ ਹੈ?

ਕੀ ਤੁਸੀਂ TV ਦੇਖਦੇ ਹੋ? ਮੈਨੂੰ ਪੱਕਾ ਯਕੀਨ ਹੈ ਜ਼ਰੂਰ ਦੇਖਦੇ ਹੋਵੋਗੇ। ਕੀ ਤੁਸੀਂ ਟੈਲੀਵਿਯਨ ‘ਤੇ ਆਪਣੇ ਜੀਵਨ ਦੀ ਕਹਾਣੀ ਦੇਖਣਾ ਪਸੰਦ ਕਰੋਗੇ? ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਕੀ ਤੁਸੀਂ ਉਸ ਨੂੰ ਦੇਖ ਕੇ ਮੰਤਰਮੁਗਧ ਹੋਵੋਗੇ ਜਾਂ ਬੋਰ? ਕੀ ਤੁਸੀਂ ਮਾਣਮੱਤਾ ਮਹਿਸੂਸ ਕਰ ਕੇ ਦਮਕੋਗੇ ਜਾਂ ਸ਼ਰਮਿੰਦਗੀ ਨਾਲ ਝੁੱਕ ਜਾਓਗੇ? ਹੁਣ ਤਕ ਦੀ ਕਹਾਣੀ ਬਾਰੇ ਤਾਂ ਤੁਸੀਂ ਬਹੁਤਾ ਕੁਝ ਨਹੀਂ ਕਰ ਸਕਦੇ, ਪਰ ਤੁਸੀਂ ਘੱਟੋਘੱਟ ਇਹ ਸੁਨਿਸ਼ਚਿਤ ਕਰ ਸਕਦੇ ਹੋ ਕਿ ਇਸ ਅਫ਼ਸਾਨੇ ਨੂੰ ਇੱਕ ਖ਼ੂਬਸੂਰਤ ਮੋੜ ਦੇ ਕੇ ਚੰਗੇ ਅੰਜਾਮ ਤਕ ਪਹੁੰਚਾਇਆ ਜਾਵੇ। ਵੱਡੀਆਂ ਚੋਣਾਂ ਅਤੇ ਵਿਕਲਪਾਂ ਨੂੰ ਤੋਲਦਿਆਂ, ਕੇਵਲ ਆਪਣੀਆਂ ਫ਼ੌਰੀ ਲੋੜਾਂ ਬਾਰੇ ਨਾ ਸੋਚੋ, ਆਉਣ ਵਾਲੀਆਂ ਪੀੜ੍ਹੀਆਂ ਦੇ ਨਜ਼ਰੀਏ ਤੋਂ ਵੀ ਦੇਖੋ। ਉਸ ਨੂੰ ਹਾਸਿਲ ਕਰਨ ਦੀ ਕੋਸ਼ਿਸ਼ ਕਰੋ ਜਿਸ ‘ਤੇ, ਭਵਿੱਖ ‘ਚ ਲੰਬੇ ਸਮੇਂ ਤਕ, ਤੁਸੀਂ ਗਰਵ ਮਹਿਸੂਸ ਕਰ ਕੇ ਖ਼ੁਸ਼ ਹੋ ਸਕੋ।

ਨੌਜਵਾਨ ਪਾਠਕ ਸ਼ਾਇਦ ਇਸ ਖ਼ਿਆਲ ਨੂੰ ਸਮਝਣ ‘ਚ ਮੁਸ਼ਕਿਲ ਮਹਿਸੂਸ ਕਰਨ, ਪਰ ਇੱਕ ਵੇਲੇ, ਜਦੋਂ ਲੋਕ ਇੱਕ-ਦੂਜੇ ਨੂੰ ਕੁਝ ਲਿਖਣਾ ਚਾਹੁੰਦੇ ਸਨ, ਉਹ ਟੈਕਸਟ ਮੈਸੇਜ ਜਾਂ ਈਮੇਲਾਂ ਨਹੀਂ ਸਨ ਭੇਜਦੇ ਸਗੋਂ ਉਹ ਸਿਆਹੀ, ਕਾਗ਼ਜ਼ ਅਤੇ ਲਿਫ਼ਾਫ਼ਿਆਂ ‘ਚ ਪਾ ਕੇ ਚਿੱਠੀਆਂ ਭੇਜਦੇ ਸਨ। ਅਜਿਹੇ ਸੁਨੇਹਿਆਂ ਨੂੰ ਭੇਜਣ ‘ਚ ਕਈ-ਕਈ ਦਿਨ ਲੱਗ ਜਾਇਆ ਕਰਦੇ ਸਨ। ਸ਼ਬਦ ਉਨ੍ਹੀਂ ਦਿਨੀਂ ਬਹੁਤ ਮੱਧਮ ਰਫ਼ਤਾਰ ‘ਤੇ ਚੱਲਦਾ ਸੀ। ਕਈ ਲੋਕ ਕਹਿੰਦੇ ਨੇ ਕਿ ਉਹ ਭਲੇ ਵੇਲੇ ਸਨ; ਕਾਹਲ ਕਰਨ ਦੀ ਬਹੁਤੀ ਲੋੜ ਨਹੀਂ ਸੀ ਹੁੰਦੀ, ਆਰਾਮ ਨਾਲ ਕਾਰਜ ਨੇਪਰੇ ਚਾੜ੍ਹੇ ਜਾ ਸਕਦੇ ਸਨ ਉਨ੍ਹੀਂ ਦਿਨੀਂ। ਹੁਣ ਵੀ, ਚੀਜ਼ਾਂ ਓਨੀ ਤੇਜ਼ੀ ਨਾਲ ਨਹੀਂ ਵਾਪਰਦੀਆਂ ਜਿੰਨਾ ਅਸੀਂ ਕਈ ਵਾਰ ਸੋਚ ਲੈਂਦੇ ਹਾਂ। ਨਾਜ਼ੁਕ ਮਸਲਿਆਂ ਨਾਲ ਨਜਿੱਠਣ ਲੱਗਿਆਂ ਲੋੜੀਂਦਾ ਵਕਤ ਲਓ। ਇਸ ਨਾਲ ਕੋਈ ਨੁਕਸਾਨ ਨਹੀਂ ਹੋਣ ਲੱਗਾ।

ਲੋਕ ਖਿਝ ਚੜ੍ਹਾਉਂਦੇ ਨੇ। ਉਨ੍ਹਾਂ ਨੂੰ ਅਕਸਰ ਇਸ ਗੱਲ ਦਾ ਕੋਈ ਅਹਿਸਾਸ ਵੀ ਨਹੀਂ ਹੁੰਦਾ ਕਿ ਉਹ ਕਿੰਨੇ ਖਿਝਾਊ ਬਣ ਰਹੇ ਹਨ। ਇਹ ਇੱਕ ਹੋਰ ਕਾਰਨ ਹੈ ਕਿ ਉਹ ਇੰਨੀ ਖਿੱਝ ਚੜ੍ਹਾਉਂਦੇ ਨੇ! ਪਰ ਕਸੂਰ ਕਿਸ ਦਾ ਹੈ ਜੇ ਅਸੀਂ ਖ਼ੁਦ ਨੂੰ ਇੰਨਾ ਖਿਝਣ ਦੀ ਇਜਾਜ਼ਤ ਦੇ ਦੇਈਏ ਕਿ ਉਨ੍ਹਾਂ ਯੋਜਨਾਵਾਂ ਅਤੇ ਮਸਲਿਆਂ ‘ਤੇ ਆਪਣਾ ਧਿਆਨ ਹੀ ਕੇਂਦ੍ਰਿਤ ਨਾ ਕਰ ਸਕੀਏ ਜਿਨ੍ਹਾਂ ਦਾ ਸਾਡੀ ਜ਼ਿੰਦਗੀ ‘ਚ ਸੱਚਮੁੱਚ ਕੋਈ ਮਹੱਤਵ ਹੈ? ਮੈਂ ਇਹ ਸੁਝਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਕਿ ਤੁਸੀਂ ਇੱਕ ਮੱਛੀ ਵਾਂਗ ਹੋ ਪਰ ਜੇ ਤੁਸੀਂ ਹੁੰਦੇ, ਤੁਹਾਡੇ ਸਾਹਮਣੇ ਦੋ ਸਿੱਧੀਆਂ ਚੋਣਾਂ ਹੋਣੀਆਂ ਸਨ। ਚਾਰੇ ਦੇ ਚੱਕਰ ‘ਚ ਕੁੰਡੀ ‘ਚ ਫ਼ੱਸ ਜਾਓ ਜਾਂ ਤੈਰ ਕੇ ਨਹਿਰ ਦੇ ਮੁਸ਼ਕਿਲ ਭਾਗ ‘ਚੋਂ ਨਿਕਲੋ ਅਤੇ ਤਾਜ਼ੇ ਪਾਣੀਆਂ ‘ਚ ਤਾਰੀਆਂ ਲਾਓ।

ਹਰ ਕੋਈ ਜਾਣਦੈ ਕਿ ਤੁਸੀਂ ਪ੍ਰਮਾਣਿਤ ਤੌਰ ‘ਤੇ ਕੋਈ ਨਜੂਮੀ ਜਾਂ ਜੋਤਸ਼ੀ ਨਹੀਂ, ਪਰ ਤੁਹਾਡੀ ਅੰਤਰ-ਦ੍ਰਿਸ਼ਟੀ ਕਾਫ਼ੀ ਪ੍ਰਬਲ ਹੈ। ਤੁਹਾਡੀਆਂ ਭਾਵਨਾਵਾਂ ‘ਤੇ ਯਕੀਨ ਕੀਤਾ ਜਾਣਾ ਚਾਹੀਦਾ ਹੈ ਅਤੇ ਤੁਹਾਡੇ ਅੰਦਾਜ਼ਿਆਂ ‘ਤੇ ਕਾਰਵਾਈ ਹੋਣੀ ਚਾਹੀਦੀ ਹੈ। ਪਰ ਤੁਹਾਡੀ ਸ਼ਖ਼ਸੀਅਤ ਦਾ ਤਰਕਸ਼ੀਲ ਪਾਸਾ ਉਨ੍ਹਾਂ ਸੁਝਾਵਾਂ ਨੂੰ ਰੱਦ ਕਰਦਾ ਹੈ ਜਿਹੜੇ ਕਿਸੇ ਤਰਕਸੰਗਤ ਵਿਆਖਿਆ ‘ਤੇ ਖਰੇ ਨਾ ਉਤਰ ਸਕਣ। ਤੁਹਾਨੂੰ, ਦਰਅਸਲ, ਲੱਗਦਾ ਹੈ ਕਿ ਜੇ ਕਿਸੇ ਦਲੀਲ ਨੂੰ ਠੋਸ ਜਾਣਕਾਰੀ ਨਾਲ ਸਾਬਿਤ ਨਾ ਕੀਤਾ ਜਾ ਸਕੇ, ਉਹ ਝੂਠੀ ਹੈ। ਮੈਨੂੰ ਇਸ ਬਾਰੇ ਪੱਕਾ ਤਾਂ ਨਹੀਂ ਪਤਾ ਕਿ ਤੁਸੀਂ ਖ਼ੁਦ ਨੂੰ ਉਹ ਕਰਨ ਲਈ ਕਿਵੇਂ ਮਨਾਓਗੇ ਜੋ ਤੁਹਾਡਾ ਦਿਲ ਚਾਹੁੰਦੈ ਕਿ ਤੁਸੀਂ ਪਛਾਣੋ ਅਤੇ ਉਸ ਬਾਰੇ ਕੁਝ ਕਰੋ, ਪਰ ਮੈਂ ਇਹ ਜ਼ਰੂਰ ਸੋਚਦਾਂ ਕਿ ਅਜਿਹਾ ਕਰਨ ਦੀ ਕੋਸ਼ਿਸ਼ ਕਰਨਾ ਇੱਕ ਚੰਗਾ ਖ਼ਿਆਲ ਹੈ।