ਕੀ ਤੁਸੀਂ ਕਦੇ ਨੋਟਿਸ ਕੀਤੈ ਕਿ ਜਦੋਂ ਅਸੀਂ ਲੋਕਾਂ ਨਾਲ ਚੰਗੀ ਤਰ੍ਹਾਂ ਪੇਸ਼ ਆਉਂਦੇ ਹਾਂ, ਉਹ ਵੀ ਬਦਲੇ ‘ਚ ਸਾਡੇ ਪ੍ਰਤੀ ਵਧੀਆ ਵਤੀਰਾ ਅਪਨਾਉਂਦੇ ਹਨ? ਜਦੋਂ ਅਸੀਂ ਦੂਸਰਿਆਂ ‘ਚ ਵਿਸ਼ਵਾਸ ਦਿਖਾਉਂਦੇ ਹਾਂ, ਉਹ ਇਸ ਨੂੰ ਮਹਿਸੂਸ ਕਰ ਲੈਂਦੇ ਹਨ ਅਤੇ ਸਾਡੇ ਯਕੀਨ ਨੂੰ ਉਚਿਤ ਸਾਬਿਤ ਕਰਨ ਲਈ ਬਹੁਤ ਉਤਸੁਕ ਹੁੰਦੇ ਹਨ। ਜਦੋਂ ਅਸੀਂ ਸਨੇਹੀ ਅਤੇ ਰਹਿਮਦਿਲ ਹੁੰਦੇ ਹਾਂ, ਸਾਨੂੰ ਉਹੀ ਵਾਪਿਸ ਮਿਲਦੈ ਜੋ ਅਸੀਂ ਦੂਸਰਿਆਂ ਨੂੰ ਦਿੰਦੇ ਹਾਂ। ਘੱਟੋਘੱਟ ਆਮ ਤੌਰ ‘ਤੇ ਅਜਿਹ ਹੁੰਦਾ ਹੈ। ਮਨੁੱਖੀ ਨਸਲ ਦਾ 99.9 ਪ੍ਰਤੀਸ਼ਤ ਹਿੱਸਾ ਚੰਗੇ ਅਤੇ ਸ਼ਾਨਦਾਰ ਲੋਕਾਂ ਦਾ ਹੈ। ਜੇਕਰ ਅਸੀਂ ਆਪਣਾ ਸਾਰਾ ਵਕਤ ਆਪਣੇ ਵਿਚਾਰਾਂ ਦਾ ਉਸ 0.01 ਪ੍ਰਤੀਸ਼ਤ ਸਨਮੁੱਖ ਬਚਾਅ ਕਰਨ ‘ਚ ਜ਼ਾਇਆ ਕਰਾਂਗੇ, ਅਸੀਂ ਕੇਵਲ ਖ਼ੁਦ ਨੂੰ ਉਸ ਤਨਾਅ ਮੁਕਤ, ਆਕਰਸ਼ਕ ਖ਼ੁਸ਼ਨੁਮਾ ਮਿਜਾਜ਼ ਤੋਂ ਵਾਂਝਿਆਂ ਰੱਖਾਂਗੇ ਜਿਹੜਾ ਕੇਵਲ ਸਾਡੇ ਹੱਕ ‘ਚ ਹੀ ਭੁਗਤ ਸਕਦੈ। ਦਿਲਾਂ ਦੇ ਸਾਰੇ ਮਾਮਲਿਆਂ ‘ਚ ਤੁਹਾਨੂੰ ਸਿਰਫ਼ ਇਹੀ ਗੱਲ ਚੇਤੇ ਰੱਖਣ ਦੀ ਲੋੜ ਹੈ। ਕੋਸ਼ਿਸ਼ ਕਰ ਦੇ ਦੇਖੋ। ਤੁਹਾਨੂੰ ਸਭ ਸਪੱਸ਼ਟ ਹੋ ਜਾਵੇਗਾ!
ਤੁਹਾਨੂੰ ਕਿਸ ਚੀਜ਼ ਦਾ ਇੰਤਜ਼ਾਰ ਹੈ? ਅਤੇ ਕਿਹੜੀ ਸ਼ੈਅ ਤੁਹਾਡੇ ਇੰਤਜ਼ਾਰ ‘ਚ ਬੈਠੀ ਹੈ? ਅਤੇ ਕਿਉਂ, ਜੇਕਰ ਉਹ ਤੁਹਾਡਾ ਇੰਤਜ਼ਾਰ ਕਰ ਰਹੀ ਹੈ, ਉਹ ਤੁਹਾਡੀ ਭਾਲ ‘ਚ ਬਾਹਰ ਨਹੀਂ ਆਉਂਦੀ? ਕਿਉਂਕਿ ਉਸ ਨੂੰ ਪਤੈ ਕਿ, ਇੱਕ ਦਿਨ, ਤੁਸੀਂ ਉਸ ਤਕ ਪਹੁੰਚ ਕਰੋਗੇ। ਕੀ ਤੁਹਾਨੂੰ ਇਸ ਉਦਾਹਰਣ ਦੀ ਨਕਲ ਕਰਨੀ ਚਾਹੀਦੀ ਹੈ? ਇਹ ਸ਼ਾਇਦ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਤੁਹਾਨੂੰ ਕੀ ਲੱਗਦੈ ਕਿ ਤੁਹਾਡੇ ਰਸਤੇ ‘ਚ ਅੱਗੇ ਕੀ ਪਿਐ। ਜੀਵਨ ਦਾ ਅੰਤ ਕੇਵਲ ਇਸ ਗੱਲ ‘ਚ ਨਹੀਂ ਕਿ ਸਾਡੇ ਸਾਰਿਆਂ ਦੇ ਭਵਿੱਖਾਂ ‘ਚ ਕੀ ਪਿਐ। ਸਕੂਨ, ਪ੍ਰਵਾਨਗੀ, ਡੂੰਘਾ ਅਤੇ ਕਦੇ ਨਾ ਡੋਲਣ ਵਾਲੇ ਅਥਾਹ ਪਿਆਰ ਅਤੇ ਵਿਸ਼ਵਾਸ ਦੀ ਸ਼ੁਰੂਆਤ ਵੀ ਕੁੱਝ ਕੁ ਸੱਚੀਆਂ ਸੰਭਾਵਨਾਵਾਂ ਹਨ।
ਉਸ ਚੀਜ਼ ਦੀ ਗੱਲ ਕਿਉਂ ਕਰਨੀ ਜਿਸ ਬਾਰੇ ਕੋਈ ਵੀ ਬਹਿਸ ਨਾ ਕਰਨ ‘ਚ ਹੀ ਭਲਾ ਹੋਵੇ? ਉਸ ਦੀ ਚਿੰਤਾ ਕਿਉਂ ਕਰਨੀ ਜਿਸ ਦੀ ਬਹੁਤੀ ਅਹਿਮੀਅਤ ਨਾ ਹੋਵੇ? ਸੁੱਤੇ ਹੋਏ ਕੁੱਤਿਆਂ ਨੂੰ ਕਿਉਂ ਜਗਾਉਣਾ? ਵਿਵਾਦਗ੍ਰਸਤ ਵਿਸ਼ਿਆਂ ਨੂੰ ਕਿਉਂ ਉਭਾਰਣਾ? ਕੁੱਝ ਲੋਕ ਸੋਚਦੇ ਨੇ ਕਿ ਅਸੀਂ ਪੇਚੀਦਾ ਮਸਲਿਆਂ ਬਾਰੇ ਗੋਲ-ਮੋਲ ਗੱਲਾਂ ਕਰ ਕੇ, ਉਨ੍ਹਾਂ ਤੋਂ ਟਾਲਾ ਵੱਟ ਕੇ, ਅਸੀਂ ਕੇਵਲ ਭਵਿੱਖ ਲਈ ਮੁਸੀਬਤ ਨੂੰ ਜਮ੍ਹਾ ਕਰਦੇ ਹਾਂ। ਕਈ ਵਾਰ, ਇਹ ਸੱਚ ਵੀ ਹੋ ਸਕਦੈ। ਪਰ ਤੁਹਾਡੇ ਲਈ ਨਹੀਂ। ਆਪਣੀ ਭਾਵਨਾਤਮਕ ਜ਼ਿੰਦਗੀ ‘ਚ ਘੱਟੋਘੱਟ, ਤੁਸੀਂ ਅੱਗੇ ਲਿਖੇ ਅਨਸੁਾਰ ਆਰਾਮ ਨਾਲ ਕੰਮ ਕਰ ਸਕਦੇ ਹੋ: ਜੇਕਰ ਕੋਈ ਸੰਭਾਵੀ ਮਸਲਾ ਹੈ, ਉਸ ਨੂੰ ਅਣਗੌਲਿਆਂ ਕਰਨ ਦੀ ਕੋਸ਼ਿਸ਼ ਕਰੋ। ਜੇ ਉਹ ਸੱਚਮੁੱਚ ਕਿਤੇ ਵੀ ਜਾਂਦਾ ਨਹੀਂ ਜਾਪਦਾ, ਉਸ ਨਾਲ ਆਹਿਸਤਾ-ਆਹਿਸਤਾ, ਮਲਕੜੇ ਜਿਹੇ ਨਜਿੱਠੋ।
ਤੁਹਾਡੇ ਦਿਲ ‘ਚ ਕਿਸੇ ਜਗ੍ਹਾ, ਇੱਕ ਸ਼ਾਂਤਮਈ, ਸਕੂਨ ਦੇਣ ਵਾਲੀ, ਸਨੇਹੀ ਅਤੇ ਪ੍ਰੇਮਮਈ ਆਵਾਜ਼ ਗਾ ਰਹੀ ਹੈ। ਅਤੇ ਤੁਹਾਡੇ ਸਿਰ ‘ਚ ਕਿਤੇ, ਬਹੁਤ ਉੱਚਾ ਅਤੇ ਖਰੂਦੀ ਚੀਖ ਚਿਹਾੜਾ ਸੁਣਾਈ ਦੇ ਰਿਹੈ। ਤੁਸੀਂ ਉਨ੍ਹਾਂ ਦੋਹਾਂ ‘ਚੋਂ ਕਿਸ ਨੂੰ ਸੁਣਨਾ ਪਸੰਦ ਕਰੋਗੇ? ਫ਼ਿਰ ਕਿਉਂ, ਵਧੇਰੇ ਨਾਕਾਤਮਕ ਕਿਸਮ ਦੇ ਇਜ਼ਹਾਰ ਨੂੰ ਇੰਨਾ ਜ਼ਿਆਦਾ ਆਕਰਸ਼ਣ ਹਾਸਿਲ ਕਰਨ ਦੀ ਆਗਿਆ ਦੇਣੀ? ਤੁਹਾਡੇ ਕੋਲ ਇੱਕ ਚੋਣ ਮੌਜੂਦ ਹੈ। ਇਸ ਵਕਤ, ਚੋਣ ਕਰਨ ਦੇ ਆਪਣੇ ਉਸ ਅਧਿਕਾਰ ਨੂੰ ਕਬੂਲਣ ਅਤੇ ਵਰਤਣ ਦੀ ਲੋੜ ਵੀ ਬਹੁਤ ਪ੍ਰਬਲ ਹੈ। ਤੁਸੀਂ ਜੀਵਨ ਕੋਲੋਂ ਬਹੁਤ ਕੁੱਝ ਹਾਸਿਲ ਕਰ ਸਕਦੇ ਹੋ ਸਿਰਫ਼ ਜੇ ਤੁਸੀਂ ਇਸ ਵਕਤ ਆਪਣੇ ਦਿਲ ਨੂੰ ਪ੍ਰਾਥਮਿਕਤਾਵਾਂ ਦੀ ਆਪਣੀ ਸੂਚੀ ‘ਚ ਉੱਪਰਲਾ ਸਥਾਨ ਦੇਣ ਦੀ ਖ਼ੁਦ ਨੂੰ ਇਜਾਜ਼ਤ ਦੇ ਦਿਓ।
ਕਹਿੰਦੇ ਹਨ, ”ਜੋ ਕੁੱਝ ਵੀ ਤੁਹਾਨੂੰ ਬਰਬਾਦ ਨਹੀਂ ਕਰਦਾ ਤੁਹਾਨੂੰ ਤਾਕਤਵਰ ਬਣਾਉਂਦੈ।”ਪਰ ਕੀ ਇਹ ਸੱਚ ਹੈ? ਕੁੱਛ ਸਥਿਤੀਆਂ ਸਾਡੀ ਪੂਰੀ ਸੱਤਿਆ ਨਿਚੋੜ ਲੈਂਦੀਆਂ ਹਨ। ਉਹ ਸ਼ਾਇਦ ਸਾਨੂੰ ਤਬਾਹ ਤਾਂ ਨਾ ਕਰਨ, ਪਰ ਉਹ ਸਾਡੀ ਤਾਕਤ ਵਧਾਉਂਦੀਆਂ ਵੀ ਨਹੀਂ। ਤਾਕਤਵਰ ਅਸੀਂ ਕੇਵਲ ਤਾਂ ਹੀ ਬਣਦੇ ਹਾਂ ਜੇ ਅਸੀਂ ਖ਼ੁਦ ਨੂੰ ਉਨ੍ਹਾਂ ਤੋਂ ਆਜ਼ਾਦ ਕਰ ਲਈਏ। ਜਾਂ ਤਾਂ ਸਾਨੂੰ ਆਪਣੇ ਹਾਲਾਤ ਬਦਲਣੇ ਪੈਣੇ ਹਨ, ਜਾਂ ਫ਼ਿਰ ਘੱਟੋਘੱਟ ਉਸ ਢੰਗ ਨੂੰ ਬਦਲਣਾ ਪੈਣੈ ਜਿਸ ਤਰ੍ਹਾਂ ਅਸੀਂ ਉਨ੍ਹਾਂ ਭਾਵਨਾਤਮਕ ਕਾਰਕਾਂ ਨਾਲ ਨਜਿੱਠਦੇ ਹਾਂ ਜਿਹੜੇ ਸਾਨੂੰ ਨਿਰਉਤਸਾਹਿਤ ਕਰਦੇ ਹਨ। ਇਸ ਵੇਲੇ ਤੁਹਾਡੇ ਕੋਲ ਬਹੁਤ ਸ਼ਕਤੀਸ਼ਾਲੀ ਬਣਨ ਅਤੇ ਹੋਰ ਵੀ ਖ਼ੁਸ਼ ਹੋਣ ਦਾ ਇੱਕ ਮੌਕਾ ਹੈ। ਉਸ ਮੌਕੇ ਨੂੰ ਬੋਚਣ ਲਈ ਉਸ ਹਿੰਮਤ ਦੀ ਲੋੜ ਹੈ ਜਿਸ ਦੀ ਤੁਹਾਡੇ ਉੱਪਰ ਬਹੁਤਾਤ ‘ਚ ਬਖ਼ਸ਼ਿਸ਼ ਹੋ ਰਹੀ ਹੈ।














