ਇਹ ਸੰਸਾਰ ਸ਼ਾਨਦਾਰ ਵਿਅਕਤੀਆਂ ਨਾਲ ਭਰਿਆ ਪਿਐ। ਸੰਤਾਂ-ਮਹਾਤਮਾਵਾਂ, ਫ਼ਰਿਸ਼ਤਿਆਂ, ਨੇਕਦਿਲ ਤੇ ਦਿਆਲੂ ਰੂਹਾਂ ਅਤੇ ਪ੍ਰਤਿਭਾਸ਼ਾਲੀ ਸ਼ਖ਼ਸੀਅਤਾਂ; ਸਿਆਣੇ, ਪ੍ਰੇਮੀ, ਭੱਦਰ ਅਤੇ ਮਿਹਰਬਾਨ ਲੋਕਾਂ ਨਾਲ। ਹੈ ਕਿ ਨਹੀਂ? ਜੇ ਤੁਸੀਂ ਇਸ ਨੂੰ ਮੂਰਖਾਂ, ਉੱਲੂਬਾਟਿਆਂ ਅਤੇ ਗਧਿਆਂ ਨਾਲ ਭਰਿਆ ਹੋਇਆ ਕਹਿਣਾ ਪਸੰਦ ਕਰਦੇ ਹੋ ਤਾਂ ਫ਼ਿਰ ਗੱਲ ਹੋਰ ਹੈ। ਪਰ ਅਸਲ ‘ਚ, ਇਹ ਸਾਰੇ ਇੱਕੋ ਥਾਲੀ ਦੇ ਚੱਟੇ ਵੱਟੇ ਹਨ। ਸਾਡੇ ਸਭ ਦੇ ਆਪੋ-ਆਪਣੇ ਗੁਣ ਅਤੇ ਔਗੁਣ ਹਨ। ਪਰ ਜਦੋਂ ਅਸੀਂ ਇਹ ਸਮਝਣ ਦੀ ਚੇਤਨ ਕੋਸ਼ਿਸ਼ ਕਰਦੇ ਹਾਂ ਕਿ ਉਹ ਕਿਹੜੀ ਸ਼ੈਅ ਹੈ ਜਿਹੜੀ ਕਿਸੇ ਹੋਰ ਨੂੰ ਖ਼ਾਸ ਅਤੇ ਸ਼ਾਨਦਾਰ ਬਣਾਉਂਦੀ ਹੈ, ਅਸੀਂ ਖ਼ੁਦ ਵੀ ਸ਼ਾਨਦਾਰ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੇ ਹਾਂ! ਜੇਕਰ ਤੁਸੀਂ ਸਫ਼ਲਤਾ ਚਾਹੁੰਦੇ ਹੋ ਤਾਂ ਫ਼ਿਰ ਇਹੋ ਇੱਕੋ-ਇੱਕ ਚੀਜ਼ ਹੈ ਜਿਹੜੀ ਤੁਹਾਨੂੰ ਚੇਤੇ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਪੁਰਾਤਤਵ ਵਿਗਿਆਨ ਦਾ ਕੋਈ ਭਵਿੱਖ ਨਹੀਂ। ਉਹ ਸਾਨੂੰ ਕੇਵਲ ਸਾਡੇ ਅਤੀਤ ਬਾਰੇ ਦਸਦਾ ਹੈ। ਜੇ ਤੁਸੀਂ ਕੁਝ ਇੰਨਾ ਜ਼ਿਆਦਾ ਮਹੱਤਵਪੂਰਣ ਖੋਜ ਲਿਆਓ ਕਿ ਉਹ ਹਰ ਸ਼ੈਅ ਬਾਰੇ ਤੁਹਾਡੀ ਸਮਝ ਹੀ ਬਦਲ ਦੇਵੇ ਤਾਂ ਫ਼ਿਰ ਗੱਲ ਦੂਸਰੀ ਹੈ। ਪਰ, ਕੁੱਲ ਮਿਲਾ ਕੇ, ਅਜਿਹੀਆਂ ਖੋਜਾਂ ਟੁਕੜਿਆਂ ‘ਚ ਹੀ ਮਿਲਦੀਆਂ ਹਨ, ਸੋ ਜੇਕਰ ਤੁਸੀਂ ਉਨ੍ਹਾਂ ਸਾਰੇ ਟੁੱਕੜਿਆਂ ਨੂੰ ਇੱਕ ਪੀਸ ਬਣਾਉਣ ‘ਚ ਕਾਮਯਾਬ ਵੀ ਹੋ ਜਾਓ ਤਾਂ ਤੁਹਾਨੂੰ ਬਹੁਤ ਘੱਟ ਕੁਝ ਵੀ ਮੁਕੰਮਲ ਰੂਪ ‘ਚ ਮਿਲਦੈ। ਤੁਹਾਡਾ ਇੱਕ ਹਿੱਸਾ ਇਸ ਵਕਤ ਮੁੜ ਕੇ ਪਿੱਛੇ ਦੇਖਣਾ ਚਾਹੁੰਦੈ। ਪਰ ਕਿਉਂ? ਤੁਸੀਂ ਉਸ ਤੋਂ ਕੀ ਸਿੱਖ ਜਾਂ ਖੱਟ ਸਕਦੇ ਹੋ? ਇਸ ਦੀ ਬਜਾਏ, ਅੱਗੇ ਕਿਉਂ ਨਾ ਦੇਖਿਆ ਜਾਵੇ? ਇੰਝ ਕਰ ਕੇ, ਤੁਸੀਂ ਉਮੀਦ ਦੀ ਉਸ ਨਵੀਂ ਲਹਿਰ ਨੂੰ ਖ਼ੁਸ਼ਆਮਦੀਦ ਕਹਿ ਸਕੋਗੇ ਜਿਹੜੀ ਵਹਿ ਕੇ ਤੁਹਾਡੇ ਜੀਵਨ ‘ਚ ਆਉਣ ਵਾਲੀ ਹੈ।
ਕੁਝ ਲੋਕ ਅਸੰਵੇਦਨਸ਼ੀਲ ਪੈਦਾ ਹੁੰਦੇ ਨੇ, ਕੁਝ ਆਹਿਸਤਾ-ਆਹਿਸਤਾ ਖ਼ੁਦ ਨੂੰ ਆਪਣੀਆਂ ਭਾਵਨਾਵਾਂ ਤੋਂ ਵੱਖ ਕਰ ਲੈਣਾ ਸਿੱਖ ਲੈਂਦੇ ਨੇ ਅਤੇ ਕੁਝ ਬੇਰਹਿਮ ਰਵੱਈਏ ਦਾ ਪਾਤਰ ਬਣਾਏ ਜਾਣ ਤੋਂ ਬਾਅਦ ਮੋਟੀਆਂ ਚਮੜੀਆਂ ਉਗਾ ਲੈਂਦੇ ਨੇ। ਤੁਸੀਂ ਇੱਕ ਅਜਿਹੀ ਸਥਿਤੀ ਨਾਲ ਦੋ-ਚਾਰ ਹੋ ਜਿਹੜੀ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ ਜੇ ਤੁਸੀਂ ਉਸ ਨੂੰ ਅਜਿਹਾ ਕਰਨ ਦੀ ਆਗਿਆ ਦਿੱਤੀ ਤਾਂ। ਉਕਸਾਊ ਜਾਂ ਬਦਸਲੂਕੀ ਵਰਗੀ ਦਿਖਣ ਵਾਲੀ ਕਿਸੇ ਵੀ ਚੀਜ਼ ਪ੍ਰਤੀ ਆਪਣੀ ਪ੍ਰਬਲ ਪ੍ਰਤੀਕਿਰਿਆ ‘ਤੇ ਕਾਬੂ ਪਾਉਣਾ ਮੁਸ਼ਕਿਲ ਹੋ ਸਕਦੈ ਪਰ, ਖ਼ੁਦ ਨੂੰ ਸੁਰੱਖਿਅਤ ਕਰਨ ਅਤੇ ਸੰਭਾਵੀ ਅਨਿਆਂ ਨੂੰ ਵਾਪਰਣੋਂ ਰੋਕਣ ਲਈ, ਅਜਿਹੇ ਜਵਾਬ ਤੋਂ ਉੱਪਰ ਉੱਠ ਕੇ ਸੋਚਣ ਦੀ ਕੋਸ਼ਿਸ਼ ਕਰੋ। ਜਿੰਨਾ ਜ਼ਿਆਦਾ ਤੁਸੀਂ ਸਮਝ ਜਾਓਗੇ, ਓਨਾ ਹੀ ਸਭ ਖ਼ੁਸ਼ ਹੋਣਗੇ।
ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜਿਹੜੀਆਂ ਅਸੀਂ ਕਰ ਸਕਦੇ ਸਾਂ ਜਾਂ ਕਰ ਦਿੱਤੀਆਂ ਹੁੰਦੀਆਂ। ਉਨ੍ਹਾਂ ਬਾਰੇ ਕਦੇ ਕਦਾਈਂ ਸੋਚਣਾ ਕੋਈ ਮਾੜੀ ਗੱਲ ਨਹੀਂ। ਪਰ ਜਦੋਂ ਗੱਲ ਸਾਡੀਆਂ ਭਾਵਨਾਵਾਂ ਦੀ ਆਉਂਦੀ ਹੈ, ਸਾਨੂੰ ਹਮੇਸ਼ਾ ਉਨ੍ਹਾਂ ਚੀਜ਼ਾਂ ‘ਤੇ ਹੀ ਜ਼ੋਰ ਦਿੰਦੇ ਰਹਿਣ ਤੋਂ ਗੁਰੇਜ਼ ਕਰਨਾ ਚਾਹੀਦੈ ਜੋ ਅਸੀਂ ਸੋਚਦੇ ਹਾਂ ਕਿ ਸਾਨੂੰ ਕਰਨੀਆਂ ਚਾਹੀਦੀਆਂ ਸਨ। ਅਫ਼ਸੋਸ ਕਰਨਾ ਸਭ ਤੋਂ ਵੱਧ ਅਫ਼ਸੋਸਨਾਕ ਹੈ। ਦੋਸ਼ੀ ਮਹਿਸੂਸ ਕਰਨ ਦਾ ਕਦੇ ਵੀ ਕੋਈ ਫ਼ਾਇਦਾ ਨਹੀਂ ਹੁੰਦਾ। ਜੇਕਰ ਅਤੀਤ ਬਾਰੇ ਤੁਹਾਡੇ ਅੰਦਰ ਮਿਲੀਆਂ-ਜੁਲੀਆਂ ਭਾਵਨਾਵਾਂ ਹਨ, ਉਨ੍ਹਾਂ ਨੂੰ ਛਾਣੋ ਅਤੇ ਛਾਂਟੋ। ਉਦਾਸੀ ਨੂੰ ਇੱਕ ਪਾਸੇ ਰੱਖੋ ਅਤੇ ਕੇਵਲ ਉਸ ‘ਤੇ ਆਪਣਾ ਧਿਆਨ ਕੇਂਦ੍ਰਿਤ ਕਰੋ ਜੋ ਹਾਲੇ ਵੀ ਭਵਿੱਖ ਲਈ ਉਚਿਤ ਸਾਬਿਤ ਹੋ ਸਕਦਾ ਹੋਵੇ। ਉਸ ਵਾਅਦੇ ਨੂੰ ਪੂਰਾ ਕਰਨ ਦਾ ਇੱਕ ਤਰੀਕਾ ਹੈ ਜਿਹੜਾ ਤੁਸੀਂ ਬਹੁਤ ਅਰਸਾ ਪਹਿਲਾਂ ਕੀਤਾ ਸੀ।
ਲੋਕ ਕਹਿੰਦੇ ਨੇ ਕੋਈ ਵੀ ਸ਼ੈਅ ਹਮੇਸ਼ਾ ਨਹੀਂ ਰਹਿੰਦੀ, ਅਤੇ ਉਹ ਠੀਕ ਹਨ। ਕੁਝ ਵੀ, ਸੱਚਮੁੱਚ, ਸਦਾ ਨਹੀਂ ਰਹਿੰਦਾ। ਜਿਹੜਾ ਕੁਝ ਨਹੀਂ, ਉਹ ਓਨਾ ਚਿਰ ਕੁਝ ਨਹੀਂ ਬਣਿਆ ਰਹੇਗਾ ਜਿੰਨਾ ਚਿਰ ਕੋਈ ਆ ਕੇ ਉਸ ਨੂੰ ਕੁਝ ਬਣਾਉਣ ਦਾ ਫ਼ੈਸਲਾ ਨਹੀਂ ਕਰ ਲੈਂਦਾ! ਅਤੇ, ਦੇਰ-ਸਵੇਰ, ਅਜਿਹਾ ਹੋਣਾ ਲਾਜ਼ਮੀ ਹੈ। ਸੰਸਾਰ ਅਜਿਹੇ ਲੋਕਾਂ ਨਾਲ ਭਰਿਆ ਪਿਆ ਜਿਹੜੇ ਹੋਰ ਕੁਝ ਬਹੁਤ ਹੀ ਘੱਟ ਕਰਦੇ ਨੇ! ਪਰ ਇਹ ਬਿਲਕੁਲ ਵੀ ਹੈਰਾਨੀਜਨਕ ਗੱਲ ਨਹੀਂ ਹੋਣੀ ਚਾਹੀਦੀ। ਸਾਥੋਂ ਪਹਿਲਾਂ ਇੱਥੇ ਕੀ ਸੀ? ਕੁਝ ਨਹੀਂ। ਸਾਨੂੰ ਵੀ ਉਸ ਕੁਝ ਨਹੀਂ ‘ਚੋਂ ਹੀ ਬਣਾਇਆ ਗਿਆ ਹੈ ਅਤੇ ਇੱਕ ਦਿਨ ਅਸੀਂ ਫ਼ਿਰ ਮੁੜ ਕੇ ਕੁਝ ਨਹੀਂ ਬਣ ਜਾਣੈ। ਤੁਹਾਡੀ ਜ਼ਿੰਦਗੀ ‘ਚ, ਜੋ ਵੀ ਲਗਭਗ ਕੁਝ ਨਹੀਂ ਵਰਗਾ ਜਾਪਦੈ, ਉਹ ਕੁਝ ਬਹੁਤ ਹੀ ਸ਼ਾਨਦਾਰ ਬਣ ਸਕਦੈ।














