ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1389

ਕੀ ਤੁਸੀਂ ਮੌਕੇ ਵਲੋਂ ਆਪਣੇ ਦਰਵਾਜ਼ੇ ‘ਤੇ ਦਸਤਕ ਦਿੱਤੇ ਦਾ ਇੰਤਜ਼ਾਰ ਕਰ ਰਹੇ ਹੋ ਜਦੋਂ ਕਿ ਤੁਸੀਂ ਖ਼ੁਦ ਬਾਹਰ ਜਾ ਕੇ ਮੌਕੇ ਦੇ ਘਰ ਦੀ ਭਾਲ ਕਰ ਸਕਦੇ ਹੋ? ਇਸ ਵਕਤ ਉਸ ਦਰਵਾਜ਼ੇ ਨੂੰ ਲੱਭਣਾ ਸੰਭਵ ਹੈ ਅਤੇ ਉਸ ‘ਤੇ ਦਸਤਕ ਦੇਣਾ ਵੀ। ਦੇਰ-ਸਵੇਰ ਉਹ ਜ਼ਰੂਰ ਖੁਲ੍ਹੇਗਾ। ਤੁਸੀਂ ਕਿਸੇ ਨਿਰਾਸ਼ਾਜਨਕ ਸਥਿਤੀ ਨੂੰ ਬਦਲਣ ਲਈ ਤਰਸ ਰਹੇ ਹੋ। ਤੁਸੀਂ ਅਜਿਹਾ ਕਰ ਸਕਦੇ ਹੋ – ਪਰ ਤਾਂ ਹੀ ਜੇ ਤੁਸੀਂ ਬੇਵਸੀ ਦੇ ਉਸ ਅਜੀਬ ਅਹਿਸਾਸ ‘ਤੇ ਕਾਬੂ ਪਾ ਸਕੇ ਜਿਹੜਾ ਤੁਹਾਨੂੰ ਵਿਹਲੇ ਬੈਠੇ ਰਹਿਣ ਲਈ ਮਜਬੂਰ ਕਰ ਰਿਹੈ, ਇਸ ਆਸ ‘ਚ ਕਿ ਕੁਝ ਨਾ ਕੁਝ ਖ਼ੁਦ-ਬ-ਖ਼ੁਦ ਵਾਪਰੇਗਾ। ਉਹ ਕੇਵਲ ਤੁਸੀਂ ਹੋ ਜਿਹੜੇ ਉਸ ਨੂੰ ਘਟਿਤ ਕਰ ਸਕਦੇ ਹੋ।

ਵਿਸ਼ੇਸ਼ਣਾਂ ਦਾ ਇਸਤੇਮਾਲ ਸਾਡੀ ਰੋਜ਼ਮੱਰਾ ਦੇ ਰੀਤੀ-ਰਿਵਾਜ ਅਤੇ ਸ਼ਿਸਟਾਚਾਰ ਦਾ ਹਿੱਸਾ ਹੈ। ਅਸੀਂ ਸਪੱਸ਼ਟ ਸਖ਼ਤੀ ਨਾਲ ਜਾਂ ਬਿਨਾ ਬਨਾਵਟ ਦੇ ਦਿਲ ਖੋਲ੍ਹ ਕੇ ਆਪਣੀ ਗੱਲ ਨਹੀਂ ਕਹਿੰਦੇ ਸਗੋਂ ਪ੍ਰਸੰਗਾਂ ਦੇ ਹਵਾਲਿਆਂ ਨਾਲ ਮੁੱਦਿਆਂ ਦਾ ਜ਼ਿਕਰ ਕਰਦੇ ਹਾਂ ਜਾਂ ਸੰਕੇਤਾਤਮਕ ਰੂਪ ‘ਚ ਆਪਣੀ ਗੱਲ ਦੇ ਅਰਥ ਸਮਝਾਉਂਦੇ ਹਾਂ। ਇੰਝ, ਅਸੀਂ ਨਜ਼ਾਕਤ ਨਾਲ ਸੰਵੇਦਨਸ਼ੀਲ ਮਸਲਿਆਂ ਦੇ ਆਲੇ-ਦੁਆਲੇ ਨ੍ਰਿਤ ਕਰਦੇ ਹੋਏ ਨਿਕਲ ਜਾਂਦੇ ਹਾਂ। ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਸਾਡੇ ‘ਚੋਂ ਕੋਈ ਵੀ ਇੱਕ ਦੂਜੇ ਨੂੰ ਪੂਰੀ ਤਰ੍ਹਾਂ ਸਮਝ ਹੀ ਨਹੀਂ ਪਾਉਂਦਾ। ਕਈ ਅਜਿਹੇ ਵੇਲੇ ਹੁੰਦੇ ਨੇ ਜਦੋਂ ਆਪਣੇ ਆਪ ਨੂੰ ਸੰਕੇਤਾਂ, ਇਸ਼ਾਰਿਆਂ ਅਤੇ ਸੁਝਾਵਾਂ ਤਕ ਸੀਮਿਤ ਰੱਖਣਾ ਜਾਇਜ਼ ਹੁੰਦੈ, ਪਰ ਕਈ ਵਾਰ ਸਾਫ਼ਗੋਈ ਦੀ ਵੀ ਲੋੜ ਹੁੰਦੀ ਹੈ। ਜੇਕਰ ਤੁਸੀਂ ਉਹ ਸੁਧਾਰ ਚਾਹੁੰਦੇ ਹੋ ਜਿਨ੍ਹਾਂ ਦੇ ਆਪਣੇ ਭਾਵਨਾਤਮਕ ਜੀਵਨ ‘ਚ ਤੁਸੀਂ ਹੱਕਦਾਰ ਹੋ ਤਾਂ ਫ਼ਿਰ ਇਹੀ ਵਕਤ ਹੈ ਉਹ ਕਹਿਣ ਦਾ ਜੋ ਕਹੇ ਜਾਣ ਦੀ ਲੋੜ ਹੈ ਅਤੇ ਉਹ ਸੁਣਨ ਦਾ ਜੋ ਸੁਣੇ ਜਾਣ ਦੀ ਲੋੜ ਹੈ।

ਸਕੂਲਾਂ ‘ਚ ਸਾਨੂੰ ਇਤਿਹਾਸ ਇੰਝ ਪੜ੍ਹਾਇਆ ਜਾਂਦੈ ਜਿਵੇਂ ਉਹ ਕੋਈ ਨਿਰਵਿਵਾਦ ਤੱਥ ਹੋਵੇ, ਪਰ, ਅਸਲ ‘ਚ, ਇਹ ਇੱਕ ਬਹੁਤ ਹੀ ਮਜ਼੍ਹਾਈਆ ਵਿਸ਼ਾ ਹੈ। ਇੱਕ ਪਲ ਲਈ ਜ਼ਰਾ ਆਪਣੀ ਜ਼ਿੰਦਗੀ ‘ਚ ਪਿੱਛੇ ਜਾ ਕੇ ਆਪਣੇ ਅਤੀਤ ਬਾਰੇ ਸੋਚ ਕੇ ਦੇਖੋ। ਕੀ ਤੁਹਾਡੀਆਂ ਕਈ ਯਾਦਾਂ, ਬੇਸ਼ੱਕ ਉਹ ਪੂਰੀ ਤਰ੍ਹਾਂ ਝੂਠੀਆਂ ਨਾ ਵੀ ਹੋਣ, ਘੱਟੋਘੱਟ ਬਹੁਤ ਹੀ ਸਾਵਧਾਨੀ ਨਾਲ ਅਲੰਕਾਰੀਆਂ, ਸ਼ਿੰਗਾਰੀਆਂ ਅਤੇ ਸੰਵਾਰੀਆਂ ਹੋਈਆਂ ਨਹੀਂ? ਜਦੋਂ ਤੁਸੀਂ ਕਿਸੇ ਦੂਸਰੇ ਬੰਦੇ ਨਾਲ ਗੱਲਬਾਤ ਕਰਦੇ ਹੋ ਜਿਸ ਨੇ ਤੁਹਾਡੇ ਨਾਲ ਕੋਈ ਤਜਰਬਾ ਸਾਂਝਾ ਕੀਤਾ ਹੈ, ਕੀ ਉਸ ਦਾ ਵਿਵਰਣ ਹਰ ਪੱਖੋਂ ਤੁਹਾਡੇ ਵਰਣਨ ਨਾਲ ਹੂ-ਬ-ਹੂ ਮੇਲ ਖਾਂਦੈ? ਸਭ ਤਰ੍ਹਾਂ ਦਾ ਇਤਿਹਾਸ, ਘੱਟੋਘੱਟ ਕੁਝ ਹੱਦ ਤਕ, ਗੱਲਬਾਤ ਨਾਲ ਸੁਲਝਾਇਆ ਅਤੇ ਦੁਬਾਰਾ ਲਿਖਿਆ ਜਾ ਸਕਦੈ। ਜੇਕਰ, ਆਪਣੇ ਭਾਵਨਾਤਮਕ ਜੀਵਨ ‘ਚ, ਤੁਸੀਂ ਆਪਣੇ ਆਉਣ ਵਾਲੇ ਕੱਲ੍ਹ ਨੂੰ ਸੰਵਾਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਗ਼ੁਜ਼ਰੇ ਹੋਏ ਕੱਲ੍ਹ ਨੂੰ ਇੱਕ ਵੱਖਰੇ ਨਜ਼ਰੀਏ ਤੋਂ ਦੇਖਣਾ ਪਵੇਗਾ।

ਖ਼ੁਸ਼ ਅਤੇ ਖ਼ੁਸ਼ਹਾਲ ਹੋਣਾ ਚਾਹੁੰਦੇ ਹੋ। ਸੁਖਦ ਅਤੇ ਸੰਤੁਸ਼ਟ ਮਹਿਸੂਸ ਕਰਨਾ ਚਾਹੁੰਦੇ ਹੋ? ਮੈਨੂੰ ਪਤੈ, ਪੁੱਛੇ ਜਾਣ ‘ਤੇ, ਇਹ ਬੇਵਕੁਫ਼ਾਨਾ ਸਵਾਲ ਲੱਗਣਗੇ। ਪਰ ਇੱਕ ਪਲ ਲਈ ਸੋਚੋ ਕਿ ਤੁਸੀਂ ਕਿਵੇਂ ਚਿੰਤਾ ਦੇ ਕਿਸੇ ਵਿਸ਼ੇ ਜਾਂ ਪਰੇਸ਼ਾਨੀ ਦੇ ਕਿਸੇ ਕਾਰਨ ਬਾਰੇ ਹਰ ਵਕਤ ਸੋਚਦੇ ਰਹਿੰਦੇ ਹੋ। ਇੰਝ ਜਿਵੇਂ ਤੁਸੀਂ ਉਸ ਦਾ ਖਹਿੜਾ ਛੱਡਣ ਨੂੰ ਹੀ ਤਿਆਰ ਨਹੀਂ। ਕੋਈ ਸਮੱਸਿਆਤਮਕ ਮਸਲਾ ਸੱਚਮੁੱਚ ਅਸਲੀ ਹੈ, ਅਤੇ ਉਸ ਨਾਲ ਨਜਿੱਠਣਾ ਵੀ ਪੈਣੈ। ਪਰ ਕੀ ਇਸ ਵਕਤ ਤੁਹਾਨੂੰ ਉਸ ਨੂੰ ਇੰਨੀ ਤਵੱਜੋ ਦੇਣ ਦੀ ਲੋੜ ਹੈ? ਤੁਹਾਨੂੰ ਛੇਤੀ ਹੀ ਇਹ ਪਛਾਣਨ ਦਾ ਮੌਕਾ ਮਿਲ ਜਾਵੇਗਾ ਕਿ ਕੋਈ ਗੁਪਤ ਭੈਅ ਕਿਵੇਂ ਸਮਝਦਾਰ ਫ਼ੈਸਲੇ ਲੈਣ ਦੀ ਤੁਹਾਡੀ ਕਾਬਲੀਅਤ ਨੂੰ ਆਹਿਸਤਾ-ਆਹਿਸਤਾ ਖੋਰਾ ਲਗਾ ਰਿਹੈ। ਤੁਸੀਂ ਸਭ ਕੁਝ ਠੀਕ ਕਰ ਸਕਦੇ ਹੋ।

ਪਰ ਸੱਚ ਤਾਂ ਇੱਕ ਦੋ-ਧਾਰੀ ਤਲਵਾਰ ਹੈ ਅਤੇ ਉਸ ਨੂੰ ਬਹੁਤ ਹੀ ਸਾਵਧਾਨੀ ਨਾਲ ਵਰਤਣਾ ਪੈਂਦੈ ਮਤਾਂ ਅਸੀਂ ਗ਼ਲਤੀ ਨਾਲ ਕਿਤੇ ਖ਼ੁਦ ਨੂੰ ਹੀ ਨਾ ਕੱਟ ਲਈਏ। ਆਦਰਸ਼ਕ ਰੂਪ ‘ਚ, ਉਸ ਦਾ ਇਸਤੇਮਾਲ ਹਮਲੇ ਦੇ ਇੱਕ ਹਥਿਆਰ ਵਜੋਂ ਕਦੇ ਵੀ ਨਹੀਂ ਹੋਣਾ ਚਾਹੀਦਾ ਸਗੋਂ ਕੇਵਲ ਬਚਾਅ ਦੇ ਇੱਕ ਢੰਗ ਦੇ ਰੂਪ ‘ਚ ਹੀ ਉਸ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਫ਼ਿਰ ਵੀ, ਉਸ ‘ਤੇ ਸਾਡੀ ਪਕੜ ਮਜ਼ਬੂਤ ਹੋਣੀ ਚਾਹੀਦੀ ਹੈ, ਪਰ ਉਸ ਦੀ ਵਰਤੋਂ ਕਰਨ ਵੇਲੇ ਸਾਨੂੰ ਭਾਵੁਕਤਾ ਤੋਂ ਕੰਮ ਲੈਣਾ ਚਾਹੀਦਾ ਹੈ। ਸੱਚ ਪੀੜਾ ਦਿੰਦੈ, ਅਤੇ ਸੱਚ ਇੱਕ ਵਾਰ ਜਦੋਂ ਉਜਾਗਰ ਹੋ ਜਾਵੇ ਤਾਂ ਬਹੁਤ ਹੀ ਘੱਟ ਉਸ ਨੂੰ ਦੁਬਾਰਾ ਛੁਪਾਇਆ ਜਾ ਸਕਦੈ। ਇਹ ਸਭ ਕਹਿਣ ਦੇ ਬਾਵਜੂਦ, ਤੁਹਾਨੂੰ ਇਸ ਵਕਤ ਸੱਚਾਈ ਜਾਣਨ ਦੀ ਲੋੜ ਹੈ। ਅਤੇ ਇਹੀ ਉਹ ਚੀਜ਼ ਹੈ ਜਿਹੜੀ ਤੁਹਾਡੇ ਜੀਵਨ ਵਿਚਲੇ ਇੱਕ ਖ਼ਾਸ ਵਿਅਕਤੀ ਨੂੰ ਵੀ ਨਿਰਸੰਦੇਹ ਸੁਣਨ ਦੀ ਜ਼ਰੂਰਤ ਹੈ। ਇਹ ਵੇਲਾ ਹੈ ਗ਼ਲਤਫ਼ਹਿਮੀਆਂ ਨਾਲ ਨਜਿੱਠਣ ਦਾ।