ਇਨਸਾਨਾਂ ਵਿੱਚ ਸਵਾਈਨ ਫ਼ਲੂ ਦੇ ਕਾਰਨ ਤੇ ਹੱਲ

ਸੂਰਾਂ ਵਿੱਚ ਕਈ ਤਰ੍ਹਾਂ ਦੇ ਇਨਫ਼ਲੂਐਂਜ਼ਾ ਵਾਇਰਸਾਂ ਦੀ ਇਨਫ਼ੈਕਸ਼ਨ ਨੂੰ ਸਵਾਈਨ ਫ਼ਲੂ ਜਾਂ ਪਿੱਗ ਇਨਫ਼ਲੂਐਂਜ਼ਾ ਕਿਹਾ  ਜਾਂਦਾ ਹੈ।  ਮੁੱਖ ਰੂਪ ਵਿੱਚ ਇਸ ਦਾ ਕਾਰਨ ਸਵਾਈਨ ਇਨਫ਼ਲੂਐਂਜ਼ਾ ਵਾਇਰਸ ਭਾਵੇਂ ਕਿ ਐਸ.ਆਈ.ਵੀ  ਹੁੰਦਾ ਹੈ।  ਇਸ ਵਾਇਰਸ ਜਾਂ ਜੀਵਾਣੂੰ ਦੀਆਂ ਅੱਗੋਂ ਕਈ ਕਿਸਮਾਂ ਹਨ, ਜਿਨ੍ਹਾਂ ‘ਚੋਂ ਇੱਕ 81ਐਨ1 ਹੈ।  ਹੁਣ ਇੱਕ ਹੋਰ ਕਿਸਮ 83ਐਨ1 ਵੀ ਆ ਜੁੜੀ ਹੈ। ਜੇ ਮਨੁੱਖਾਂ ਵਿੱਚ 81ਐਨ1 ਦੀ ਇਨਫ਼ੈਕਸ਼ਨ ਹੋਵੇ ਤਾਂ ਇਸ ਨੂੰ ਜ਼ੂਨੋਟਿਕ ਸਵਾਈਨ ਫ਼ਲੂ ਕਿਹਾ ਜਾਂਦਾ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਸੂਰਾਂ ਦੇ ਸੰਪਰਕ ‘ਚ ਰਹਿਣ ਵਾਲੇ ਵਿਅਕਤੀਆਂ ਨੂੰ 81ਐਨ1 ਵਾਇਰਸ ਨਾਲ ਹੋਣ ਵਾਲੇ ਇਨਫ਼ਲੂਐਂਜ਼ਾ ਦਾ  ਵਧੇਰੇ ਖ਼ਤਰਾ ਰਹਿੰਦਾ ਹੈ। ਸਾਧਾਰਨ ਤੌਰ ‘ਤੇ ਦੇਖਿਆਂ ਲਗਦਾ ਹੈ ਕਿ ਇਹ ਰੋਗ ਮੀਟ ਖਾਣ ਨਾਲ ਹੁੰਦਾ ਹੈ ਪਰ ਇਹ ਕਿਸੇ ਵੀ ਢੰਗ ਨਾਲ ਤਿਆਰ ਕੀਤੇ ਗਏ (ਪੋਰਕ, ਹੈਮ ਤੇ ਬੈਕਨ) ਸੂਰ ਮੀਟ ਦਾ ਸੇਵਨ ਕਰਨ ਤੋਂ ਨਹੀਂ ਫ਼ੈਲਦਾ ਅਤੇ ਮਨੁੱਖਾਂ ਵਿੱਚ ਇਸ ਰੋਗ ਦੀ ਇਨਫ਼ੈਕਸ਼ਨ ਸੂਰ ਦੇ ਮੀਟ ਤੋਂ ਨਹੀਂ ਹੁੰਦੀ।
ਸਵਾਈਨ ਫ਼ਲੂ, ਇੱਕ ਛੂਤ ਦੀ ਬਿਮਾਰੀ ਹੈ ਜੋ ਆਮ ਮੌਸਮੀ ਫ਼ਲੂ ਵਾਂਗ ਇੱਕ ਤੋਂ ਦੂਜੇ ਵਿਅਕਤੀ ਤਕ ਫ਼ੈਲਦੀ ਹੈ।  ਇਸ ਬਿਮਾਰੀ ਦਾ ਵਾਇਰਸ ਖੰਘ ਜਾਂ ਨਜ਼ਲੇ ਵਾਲੇ ਮਰੀਜ਼ਾਂ ਦੇ ਖੰਘਣ ਜਾਂ ਨਜ਼ਲੇ ਦੇ ਤਰਲ-ਕਣਾਂ ਨਾਲ ਹਵਾ ਵਿੱਚ ਰਲ ਕੇ ਤੰਦਰੁਸਤ ਵਿਅਕਤੀ  ਤਕ ਪਹੁੰਚਦਾ ਹੈ। ਇਸੇ ਤਰ੍ਹਾਂ ਜੇ ਰੋਗੀ ਨੇ ਕਿਸੇ ਦਰਵਾਜ਼ੇ ਦੇ ਹੈਂਡਲ ਨੂੰ ਛੋਹਿਆ ਹੋਵੇ ਜਾਂ ਹੋਰ ਕਿਤੇ ਵੀ ਇਨਫ਼ੈਕਸ਼ਨ ਛੱਡੀ ਹੋਵੇ ਜਿਵੇਂ ਬੱਸਾਂ-ਗੱਡੀਆਂ, ਸਾਂਝੇ ਗ਼ੁਸਲਖ਼ਾਨੇ, ਤੌਲੀਆ ਜਾਂ ਹੋਰ ਕੱਪੜੇ ਆਦਿ ‘ਤੇ, ਤਾਂ ਉਸ ਵਸਤੂ ਨੂੰ ਛੂਹਣ ਜਾਂ ਵਰਤਣ ਨਾਲ ਸਵਾਈਨ ਫ਼ਲੂ ਦਾ  ਵਾਇਰਸ ਤੁਹਾਡੇ ਅੰਦਰ ਜਾ ਸਕਦਾ ਹੈ। ਸਾਲ 2009 ਵਿੱਚ ਸੰਸਾਰ ਪੱਧਰ ‘ਤੇ ਇਸ ਰੋਗ ਦੇ ਬਹੁਤ ਜ਼ਿਆਦਾ ਕੇਸ ਆਏ ਸਨ ਤੇ ਵਿਸ਼ਵ ਸਿਹਤ ਸੰਸਥਾ ਨੇ ਇਸ ਨੂੰ ਰੋਗ ਵਿਸ਼ਵ ਮਹਾਮਾਰੀ ਐਲਾਨਿਆ ਸੀ। ਸਾਲ 2015 ਵਿੱਚ ਸਵਾਈਨ ਫ਼ਲੂ ਨੇ ਸਾਰੇ ਭਾਰਤ ਨੂੰ ਹੀ ਆਪਣੀ ਲਪੇਟ ਵਿੱਚ ਲੈ ਆਂਦਾ ਸੀ।
ਸਵਾਈਨ ਫ਼ਲੂ ਦੇ ਲੱਛਣ: ਲੱਛਣ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਤੋਂ ਲੈ ਕੇ ਬਿਮਾਰ ਹੋਣ ਤੋਂ ਇੱਕ ਹਫ਼ਤਾ ਬਾਅਦ ਤਕ ਸਵਾਈਨ ਫ਼ਲੂ ਦਾ ਜੀਵਾਣੂੰ  ਰੋਗੀ ਵਿਅਕਤੀ ਤੋਂ ਤੰਦਰੁਸਤ ਤਕ ਫ਼ੈਲ ਸਕਦਾ ਹੈ।  ਜੇ ਕਿਸੇ ਬੱਚੇ ਨੂੰ ਇਨਫ਼ੈਕਸ਼ਨ ਹੋਵੇ ਤਾਂ ਉਹ ਦਸ ਦਿਨਾਂ ਤਕ ਇਹ      ਇਨਫ਼ੈਕਸ਼ਨ ਫ਼ੈਲਾ ਸਕਦਾ ਹੈ।  ਉਂਜ ਇਸ ਮਰਜ਼ ਦੇ ਲੱਛਣ ਆਮ ਫ਼ਲੂ ਵਾਲੇ ਹੀ ਹੁੰਦੇ ਹਨ ਜਿਵੇਂ-
× ਖੰਘ ਅਤੇ ਬੁਖ਼ਾਰ ਜੋ 100 ਡਿਗਰੀ ਫ਼ਾਰਨਹੀਟ ਜਾਂ ਇਸ ਤੋਂ ਵੀ ਵੱਧ ਹੋ ਸਕਦਾ ਹੈ।
× ਗਲ਼ੇ ਦਾ ਦੁਖਣਾ।
× ਸੰਘ ਪੱਕਣਾ।
× ਨਜ਼ਲਾ।
× ਨੱਕ ਬੰਦ ਹੋਣਾ।
× ਸਿਰ ਪੀੜ।
× ਠੰਢ ਲੱਗਣੀ।
× ਥਕਾਵਟ।
× ਅੱਖਾਂ ਵਿੱਚ ਲਾਲੀ ਆਦਿ।
ਇਸ ਬਿਮਾਰੀ ਤੋਂ ਅੱਗੇ ਕਈ ਤਰ੍ਹਾਂ ਦੀਆਂ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਜਿਵੇਂ ਨਿਮੋਨੀਆ ਤੇ ਸਾਹ ਪ੍ਰਣਾਲੀ ਨਾਲ ਸਬੰਧਿਤ ਹੋਰ ਉਲਝਣਾਂ।  ਜੇਕਰ ਰੋਗੀ ਨੂੰ ਪਹਿਲਾਂ ਹੀ ਸ਼ੂਗਰ ਜਾਂ ਦਮੇ ਦਾ ਬਿਮਾਰੀ ਹੋਵੇ ਤਾਂ ਸਥਿਤੀ ਵਧੇਰੇ ਗੰਭੀਰ ਹੋ ਸਕਦੀ ਹੈ।  ਜੋ ਛੋਟੇ ਛੋਟੇ ਸਾਹ ਆਉਣ, ਉਲਟੀਆਂ ਸ਼ੁਰੂ ਹੋ ਜਾਣ, ਢਿੱਡ ਵਿੱਚ ਪੀੜ ਸ਼ੁਰੂ ਹੋ ਜਾਵੇ, ਬੇਹੋਸ਼ੀ ਜਿਹੀ ਲੱਗੇ ਤਾਂ ਸਮਝਣਾ ਲੈਣਾ ਚਾਹੀਦਾ ਹੈ ਕਿ ‘ਸਭ ਅੱਛਾ’ ਨਹੀਂ ਹੈ ਤੇ ਫ਼ੌਰੀ ਤੌਰ ‘ਤੇ ਮੈਡੀਕਲ ਸਹਾਇਤਾ ਲੈਣੀ ਚਾਹੀਦੀ ਹੈ ਤੇ ਮਰੀਜ਼ ਨੂੰ ਆਇਸੋਲੇਸ਼ਨ ਵਾਰਡ ਵਿੱਚ ਦਾਖ਼ਲ ਕਰਨਾ ਚਾਹੀਦਾ ਹੈ।
ਜਾਂਚ ਅਤੇ ਟੈਸਟ: ਇਸ ਰੋਗ ਦੇ ਜੀਵਾਣੂੰ ਦੀ ਜਾਂਚ ਵਾਸਤੇ ਨੱਕ ਦੇ ਤਰਲਾਂ ਤੇ ਗਲ਼ੇ ‘ਚੋਂ ਸੈਂਪਲ ਲਏ ਜਾਂਦੇ ਹਨ।  ਟੈਸਟ ਸਿਰਫ਼ ਉਨ੍ਹਾਂ ਦਾ ਹੀ ਕੀਤਾ ਜਾਂਦਾ ਹੈ ਜਿਨ੍ਹਾਂ ਵਿੱਚ ਇਸ ਇਨਫ਼ੈਕਸ਼ਨ ਦਾ ਸ਼ੱਕ ਹੋਵੇ ਜਾਂ ਫ਼ਲੂ ਦੇ ਲੱਛਣ ਹੋਣ ਜਿਵੇਂ:
× ਪੰਜ ਸਾਲ ਤੋਂ ਛੋਟੇ ਨਿਆਣੇ।
× ਪੈਂਹਠ ਸਾਲ ਤੋਂ ਵਡੇਰੀ ਉਮਰ ਵਾਲੇ।
× ਕਿਸੇ ਹੋਰ ਇਲਾਜ ਵਜੋਂ ਲੰਮੇ ਸਮੇਂ ਤੋਂ ਐਸਪ੍ਰੀਨ ਦਾ ਸੇਵਨ ਕਰਨ ਵਾਲੇ 18 ਸਾਲ ਤਕ ਦੇ ਮੁੰਡੇ-ਕੁੜੀਆਂ।
× ਗਰਭਵਤੀ ਬੀਬੀਆਂ।
× ਦਿਲ, ਫ਼ੇਫ਼ੜੇ, ਜਿਗਰ ਅਤੇ ਖ਼ੂਨ ਦੇ ਪੁਰਾਣੇ ਰੋਗਾਂ ਦੇ ਮਰੀਜ਼।
× ਕਮਜ਼ੋਰ ਇਮਿਊਨ ਸਿਸਟਮ (ਐੱਚ.ਆਈ.ਵੀ.) ਵਾਲੇ ਮਰੀਜ਼।
× ਲੰਮੇ ਸਮੇਂ ਤੋਂ ਹਸਪਤਾਲ ਵਿੱਚ ਦਾਖ਼ਲ ਰੋਗੀ ਤੇ ਉਨ੍ਹਾਂ ਦਾ ਇਲਾਜ ਕਰਨ ਵਾਲੇ ਸਿਹਤ ਕਾਮੇ।
ਸਵਾਈਨ ਫ਼ਲੂ ਦੀ ਰੋਕਥਾਮ ਲਈ ਟੀਕਾਕਰਨ ਵਾਸਤੇ ਦਵਾਈ ਉਪਲਭਦ ਹੈ। ਇਹ ਦਵਾਈ ਟੀਕੇ ਜਾਂ ਨੱਕ ਦੀ  ਸਪਰੇਅ ਰਾਹੀਂ ਦਿੱਤੀ ਜਾਂਦੀ ਹੈ।  ਇਸ ਵਾਸਤੇ ਖ਼ਾਸ ਦਵਾਈ ਟੈਮੀਫ਼ਲੂ, ਜਿਸਦੀ ਗੋਲੀ ਮਹਿੰਗੀ ਹੁੰਦੀ ਹੈ, ਵਰਤੀ ਜਾਂਦੀ ਹੈ। ਇੱਥੇ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਇਸ ਦਵਾਈ ਦੀ ਵਰਤੋਂ ਡਾਕਟਰ ਦੀ ਸਲਾਹ ਨਾਲ ਹੀ ਕਰਨੀ ਚਾਹੀਦੀ ਹੈ।
ਯਾਦ ਰੱਖਣ ਵਾਲੀਆਂ ਗੱਲਾਂ:
ਡਾ. ਮਨਜੀਤ ਸਿੰਘ ਬੱਲ
ਡਾ. ਮਨਜੀਤ ਸਿੰਘ ਬੱਲ
× ਹੱਥਾਂ ਨੂੰ ਵਾਰ ਵਾਰ ਸਾਬਣ ਅਤੇ ਸਾਫ਼ ਪਾਣੀ ਨਾਲ  ਧੋਂਦੇ ਰਹੋ।  ਸੈਨੇਟਾਇਜ਼ਰ ਵੀ ਵਰਤ ਸਕਦੇ ਹੋ।
× ਅੱਖਾਂ, ਨੱਕ ਤੇ ਮੂੰਹ ਨੂੰ ਵਧੇਰੇ ਨਾ ਛੂਹੋ।
× ਫ਼ਲੂ/ਜ਼ੁਕਾਮ ਵਾਲੇ ਵਿਅਕਤੀਆਂ ਕੋਲੋਂ ਦੂਰ ਰਹੋ।
× ਇਹ ਰੋਗ ਸੂਰ ਦੇ ਮੀਟ ਦਾ ਸੇਵਨ ਕਰਨ ਤੋਂ ਨਹੀਂ ਫ਼ੈਲਦਾ।
× ਕਿਸੇ ਤਰ੍ਹਾਂ ਦੀ ਗੰਧ/ਖ਼ੁਸ਼ਬੋ ਸਰੀਰ ਨਾਲ ਬੰਨ੍ਹਣ ਦਾ ਕੋਈ ਫ਼ਾਇਦਾ ਨਹੀਂ ਹੁੰਦਾ।