ਮਿਲਾਨ: ਦੁਨੀਆ ਭਰ ‘ਚ ਫ਼ੁਟਬਾਲ ਦੇ ਪ੍ਰਸ਼ੰਸਕਾਂ ਲਈ ਇਹ ਖ਼ਬਰ ਹੈਰਾਨੀ ਅਤੇ ਦੁੱਖ ਵਾਲੀ ਹੈ ਕਿ ਇਟਲੀ ਵਰਗੀ ਚਾਰ ਵਾਰ ਦੀ ਚੈਂਪੀਅਨ ਟੀਮ ਅਗਲੇ ਫ਼ੀਫ਼ਾ ਵਿਸ਼ਵ ਕੱਪ ਵਿੱਚ ਆਪਣੀ ਥਾਂ ਪੱਕੀ ਕਰਨ ਵਿੱਚ ਨਾਕਾਮ ਰਹੀ ਹੈ। ਇਹ 60 ਸਾਲਾਂ ਵਿੱਚ ਪਹਿਲਾ ਮੌਕੇ ਹੈ ਕਿ ਉਹ ਵਿਸ਼ਵ ਕੱਪ ਵਿੱਚ ਨਹੀਂ ਖੇਡੇਗਾ।
ਇਟਲੀ ਦੇ ਘਰੇਲੂ ਮੈਦਾਨ ਵਿੱਚ ਸਵੀਡਨ ਨਾਲ ਵਿਸ਼ਵ ਕੱਪ ਕੁਆਲੀਫ਼ਾਈਰ ਮੈਚ 0-0 ਦੇ ਡਰਾਅ ਨਾਲ ਸਮਾਪਤ ਹੋ ਗਿਆ। ਇਸ ਨਤੀਜੇ ਨਾਲ ਸਵੀਡਨ ਨੇ 1-0 ਦੇ ਔਸਤ ਦੇ ਆਧਾਰ ‘ਤੇ ਅਗਲੇ ਸਾਲ ਰੂਸ ਵਿੱਚ ਹੋਣ ਵਾਲੇ ਫ਼ੁਟਬਾਲ ਵਿਸ਼ਵ ਕੱਪ ਟੂਰਨਾਮੈਂਟ ਲਈ ਆਪਣਾ ਟਿਕਟ ਪੱਕਾ ਕਰ ਲਿਆ। ਸਵੀਡਨ ਲਈ ਵੀ ਇਹ ਜਿੱਤ ਹੈਰਾਨੀ ਭਰੀ ਹੈ ਜਦਕਿ ਚਾਰ ਵਾਰ ਚੈਂਪੀਅਨ ਇਟਲੀ ਸਾਲ 1958 ਤੋਂ ਬਾਅਦ ਕਦੇ ਵੀ ਵਿਸ਼ਵ ਕੱਪ ਤੋਂ ਬਾਹਰ ਨਹੀਂ ਰਿਹਾ ਅਤੇ ਇਹ 60 ਸਾਲ ਵਿੱਚ ਪਹਿਲਾ ਮੌਕਾ ਹੈ ਕਿ ਫ਼ੀਫ਼ਾ ਵਿਸ਼ਵ ਕੱਪ ਲਈ ਉਹ ਕੁਆਲੀਫ਼ਾਈ ਨਹੀਂ ਕਰ ਸੱਕਿਆ।
ਮੈਚ ਵਿੱਚ ਹਾਲਾਂਕਿ ਘਰੇਲੂ ਟੀਮ ਨੇ ਗੋਲ ਦੇ ਕਈ ਮੌਕੇ ਬਣਾਏ ਲੇਕਿਨ ਉਹ ਸਵੀਡਨ ਦੇ ਗੋਲਕੀਪਰ ਰਾਬਿਨ ਓਲਸਨ ਨੂੰ ਧੋਖਾ ਦੇ ਕੇ ਇੱਕ ਗੋਲ ਵੀ ਨਹੀਂ ਦਾਗ਼ ਸਕੇ। ਇਹ ਸਥਿਤੀ ਓਦੋਂ ਵੀ ਸੀ ਜਦ ਇਟਲੀ ਨੇ ਮੈਚ ਵਿੱਚ 75 ਫ਼ੀਸਦੀ ਗੇਂਦਾਂ ਨੂੰ ਆਪਣੇ ਕਬਜ਼ੇ ਵਿੱਚ ਰੱਖਿਆ ਲੇਕਿਨ ਕੀਪਰ ਓਲਸਨ ਦੀ ਕੰਧ ਅਤੇ ਪੈਨਲਟੀ ਦੀ ਲਗਾਤਾਰ ਖ਼ਾਰਜ ਹੁੰਦੀ ਗਈ ਅਪੀਲ ਨਾਲ ਉਹ ਇੱਕ ਵੀ ਗੋਲ ਨਹੀਂ ਕਰ ਸਕੇ। ਸਵੀਡਨ ਦੇ ਕੋਚ ਜੈਨ ਐਂਡਰਸਨ ਨੇ ਕਿਹਾ, ”ਅਸੀਂ ਆਪਣੇ ਵਲੋਂ ਕੋਈ ਕਸਰ ਨਹੀਂ ਛੱਡੀ। ਸਾਡੇ ਖਿਡਾਰੀ ਬਹੁਤ ਪ੍ਰਤਿਭਾਸ਼ਾਲੀ ਹਨ ਅਤੇ ਇਸ ਤੋਂ ਜ਼ਿਆਦਾ ਅਸੀਂ ਕੁਝ ਨਹੀਂ ਸੀ ਕਰ ਸਕਦੇ।”
ਇਟਲੀ ਵਲੋਂ ਮੈਚ ਵਿੱਚ ਸਿਰੋ ਇਮੋਬਾਈਨ ਗੋਲ ਕਰਨ ਦੇ ਕਾਫ਼ੀ ਕਰੀਬ ਪਹੁੰਚ ਗਿਆ ਸੀ, ਪਰ ਓਲਸਨ ਨੇ ਉਸ ਨੂੰ ਕਾਫ਼ੀ ਚਲਾਕੀ ਨਾਲ ਰੋਕ ਲਿਆ। ਮੈਚ ਦੀ ਸਮਾਪਤੀ ਦੀ ਘੋਸ਼ਣਾ ਨਾਲ ਇਟਲੀ ਦੇ ਸਾਰੇ ਖਿਡਾਰੀ ਪਿੱਚ ‘ਤੇ ਡਿੱਗ ਗਏ ਜਦਕਿ ਜਿਆਰਜਿਆ ਚਿਲਾਈ ਬੁਰੀ ਤਰ੍ਹਾਂ ਰੋਣ ਲੱਗ ਪਿਆ। ਦੂਜੇ ਪਾਸੇ ਘਰੇਲੂ ਸਮਰਥਕਾਂ ਦੀ ਸਥਿਤੀ ਵੀ ਦੇਖਣ ਵਾਲੀ ਸੀ ਅਤੇ ਸਟੇਡੀਅਮ ਦੇ ਚਾਰੇ ਪਾਸੇ ਦਰਸ਼ਕਾਂ ਨੇ ਟੀਮ ਦੇ ਖ਼ਿਲਾਫ਼ ਹੂਟਿੰਗ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹਾਲਾਂਕਿ ਇਟਲੀ ਨੇ ਕੁਆਲੀਫ਼ਾਈ ਨਾ ਕਰਨ ਨਾਲ ਰੂਸ 2018 ਫ਼ੀਫ਼ਾ ਵਿਸ਼ਵ ਕੱਪ ਦੇ ਰੋਮਾਂਚ ਨੂੰ ਹੁਣੇ ਤੋਂ ਹੀ ਫ਼ਿੱਕਾ ਕਰ ਦਿੱਤਾ ਹੈ ਕਿਉਂਕਿ ਉਸ ਤੋਂ ਇਲਾਵਾ ਅਗਲੇ ਸਾਲ ਇਸ ਵੱਡੇ ਟੂਰਨਾਮੈਂਟ ਵਿੱਚ ਹੌਲੈਂਡ, ਅਮਰੀਕਾ ਅਤੇ ਘਾਨਾ ਦੀਆਂ ਟੀਮਾਂ ਵੀ ਦਿਖਾਈ ਨਹੀਂ ਦੇਣਗੀਆਂ। ਮੈਚ ਦੇ ਸਟੌਪੇਜ ਟਾਈਮ ਦੇ ਪੰਜਵੇਂ ਮਿਟ ਵਿੱਚ ਸੈਨ ਸਿਰੋ ਸਟੇਡੀਅਮ ‘ਚ ਦੋਵਾਂ ਟੀਮਾਂ ਦੇ ਖਿਡਾਰੀ ਗੋਲ ਕਰਨ ਲਈ ਕੋਸ਼ਿਸ਼ਸ ਕਰਦੇ ਦਿਖੇ। ਸਵੀਡਨ ਦੀ ਟੀਮ ਇਟਲੀ ਤੋਂ ਵਧ ਸ਼ਾਂਤ ਦਿਖਾਈ ਦਿੱਤੀ। ਅੰਤ ਵਿੱਚ ਦੁਨੀਆ ਦੀਆਂ ਸਭ ਤੋਂ ਵਧੀਆ 32 ਟੀਮਾਂ ਦੇ ਵਿਸ਼ਵ ਕੱਪ ਵਿੱਚੋਂ ਇਟਲੀ ਬਾਹਰ ਹੋ ਗਿਆ।
ਬੁਫ਼ੋਨ ਨੇ ਅੰਤਰਰਾਸ਼ਟਰੀ ਫ਼ੁਟਬਾਲ ਨੂੰ ਆਖੀ ਅਲਵਿਦਾ
ਚਾਰ ਵਾਰ ਦੀ ਚੈਂਪੀਅਨ ਇਟਲੀ ਦੇ 60 ਸਾਲ ਵਿੱਚ ਪਹਿਲੀ ਵਾਰ ਵਿਸ਼ਵ ਕੱਪ ਵਿੱਚ ਥਾਂ ਬਣਾਉਣ ਵਿੱਚ ਨਾਕਾਮ ਰਹਿਣ ‘ਤੇ ਗੋਲਕੀਪਰ ਜਿਆਂਲੁਇੰਗੀ ਬੁਫ਼ੋਨ ਨੇ ਅੰਤਰਰਾਸ਼ਟਰੀ ਫ਼ੁਟਬਾਲ ਨੂੰ ਅਲਵਿਦਾ ਕਹਿ ਦਿੱਤਾ ਹੈ। ਬੁਫ਼ੋਨ ਨੇ ਇਟਲੀ ਲਈ 175ਵਾਂ ਅਤੇ ਆਖ਼ਰੀ ਮੈਚ ਸਵੀਡਨ ਦੇ ਖ਼ਿਲਾਫ਼ ਖੇਡਿਆ ਜੋ ਗੋਲ ਰਹਿਤ ਡਰਾਅ ਰਿਹਾ। ਇਟਲੀ ਨੂੰ ਸਵੀਡਨ ਦੇ ਖ਼ਿਲਾਫ਼ ਔਸਤ ਦੇ ਆਧਾਰ ‘ਤੇ 1.0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਬੁਫ਼ੋਨ ਨੇ ਇਤਾਲਵੀ ਪ੍ਰਸਾਰਕ ਰਾਈ ਨੇ ਕਿਹਾ, ”ਮੈਂ ਇਤਾਲਵੀ ਫ਼ੁਟਬਾਲ ਤੋਂ ਮੁਆਫ਼ੀ ਮੰਗਦਾ ਹਾਂ। ਇਸ ਤਰ੍ਹਾਂ ਵਿਦਾ ਲੈਣ ਦਾ ਖੇਦ ਹੈ”।











