ਪਰਥ : ਪਰਥ ਵਿਖੇ ਪਹਿਲੇ ਵਨਡੇ ਮੈਚ ਵਿਚ ਅੱਜ ਆਸਟ੍ਰੇਲੀਆ ਨੇ ਭਾਰਤ ‘ਤੇ ਵੱਡੀ ਦਰਜ ਕੀਤੀ। ਭਾਰਤ ਦੀਆਂ 309 ਦੌੜਾਂ ਦੇ ਜਵਾਬ ਵਿਚ ਆਸਟ੍ਰੇਲੀਆਈ ਟੀਮ ਨੇ ਇਹ ਅੰਕੜਾ 5 ਵਿਕਟਾਂ ਦੇ ਨੁਕਸਾਨ ‘ਤੇ ਹਾਸਲ ਕਰਕੇ ਪੰਜ ਮੈਚਾਂ ਦੀ ਸੀਰੀਜ਼ ਵਿਚ 1-0 ਨਾਲ ਬੜਤ ਬਣਾ ਲਈ। ਇਸ ਮੈਚ ਦੇ ਹੀਰੋ ਰਹੇ ਕਪਤਾਨ ਸਟੀਵ ਸਮਿੱਥ, ਜਿਨ੍ਹਾਂ ਨੇ 149 ਦੌੜਾਂ ਦੀ ਪਾਰੀ ਖੇਡ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ। ਇਸ ਤੋਂ ਇਲਾਵਾ ਜਾਰਜ ਬੇਲੀ ਨੇ 112 ਦੌੜਾਂ ਬਣਾ ਕੇ ਟੀਮ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ।
ਇਸ ਤੋਂ ਪਹਿਲਾਂ ਰੋਹਿਤ ਸ਼ਰਮਾ ਦੀਆਂ ਅਜੇਤੂ 171 ਅਤੇ ਵਿਰਾਟ ਕੋਹਲੀ ਦੀਆਂ 91 ਦੌੜਾਂ ਸਦਕਾ ਟੀਮ ਇੰਡੀਆ ਨੇ 309 ਦੌੜਾਂ ਬਣਾਈਆਂ। ਸ਼ਿਖਰ ਧਵਨ ਨੇ 9 ਜਦੋਂ ਕਿ ਮਹਿੰਦਰ ਸਿੰਘ ਧੋਨੀ ਨੇ 18 ਦੌੜਾਂ ਬਣਾਈਆਂ। ਰੋਹਿਤ ਸ਼ਰਮਾ ਅੱਜ ਸ਼ੁਰੂ ਤੋਂ ਅਖੀਰ ਤੱਕ ਆਊਟ ਨਹੀਂ ਹੋਏ। 163 ਗੇਂਦਾਂ ਦੀ ਪਾਰੀ ਵਿਚ ਰੋਹਿਤ ਨੇ 7 ਛੱਕੇ ਅਤੇ 13 ਚੌਕੇ ਲਾਏ। ਇਸ ਤੋਂ ਇਲਾਵਾ ਵਿਰਾਟ ਕੋਹਲੀ 91 ਦੌੜਾਂ ਬਣਾ ਕੇ ਕੈਚ ਆਊਟ ਹੋ ਗਏ।
ਜਿੱਤ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆਈ ਟੀਮ ਦੀ ਸ਼ੁਰੂਆਤ ਹਾਲਾਂਕਿ ਬੇਹੱਦ ਖਰਾਬ ਰਹੀ। ਕੇਵਲ 21 ਦੌੜਾਂ ‘ਤੇ ਮੇਜ਼ਬਾਨ ਟੀਮ ਦੀਆਂ 2 ਵਿਕਟਾਂ ਡਿੱਗ ਚੁੱਕੀਆਂ ਸਨ, ਪਰ ਜਾਰਜ ਬੇਲੀ ਅਤੇ ਸਟੀਵ ਸਮਿੱਥ ਨੇ 242 ਦੌੜਾਂ ਦੀ ਸਾਂਝੇਦਾਰੀ ਨਿਭਾਅ ਕੇ ਆਪਣੀ ਟੀਮ ‘ਤੇ ਮੰਡਰਾ ਰਹੇ ਹਾਰ ਦੇ ਖ਼ਤਰੇ ਨੂੰ ਟਾਲ ਦਿੱਤਾ। ਭਾਰਤ ਵਲੋਂ ਗੇਂਦਬਾਜ਼ ਸਰਾਨ ਨੇ ਸਭ ਤੋਂ ਵੱਧ 3 ਵਿਕਟਾਂ ਹਾਸਲ ਕੀਤੀਆਂ। ਜਦੋਂ ਕਿ ਆਰ. ਅਸ਼ਵਿਨ ਨੂੰ 2 ਵਿਕਟਾਂ ਹਾਸਲ ਹੋਈਆਂ। ਸਰਾਨ ਦਾ ਇਹ ਪਹਿਲਾ ਵਨਡੇ ਮੈਚ ਸੀ ਅਤੇ ਪਹਿਲੇ ਹੀ ਮੈਚ ਵਿਚ ਉਸ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ।















