ਪੁਣੇ: ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਮਜ਼ਬੂਤ ਵਾਪਸੀ ਕਰਨ ਦੀ ਚਿੰਤਾ ਹੈ, ਜਿਨ੍ਹਾਂ ਦੇ ਦੋਵਾਂ ਪਾਰੀਆਂ ‘ਚ ਜ਼ਲਦੀ ਆਊਟ ਹੋਣ ਨੂੰ ਮੇਹਮਾਨ ਟੀਮ ਦੇ ਪਹਿਲੇ ਟੈਸਟ ‘ਚ ਇੱਕਤਰਫ਼ਾ ਜਿੱਤ ਦਾ ਅਹਿਮ ਕਾਰਣ ਮੰਨਿਆ ਜਾ ਰਿਹਾ ਹੈ। ਪੁਣੇ ‘ਚ ਕੋਹਲੀ ਪਹਿਲੀ ਪਾਰੀ ‘ਚ ਖਾਤਾ ਵੀ ਨਹੀਂ ਖੋਲ੍ਹ ਸਕਿਆ ਸੀ, ਜਦਕਿ ਦੂਜੀ ਪਾਰੀ ‘ਚ ਵੀ ਸਿਰਫ਼ 13 ਦੌੜਾਂ ਬਣਾ ਸਕਿਆ ਸੀ, ਜਿਸ ਕਾਰਣ ਭਾਰਤ ਨੂੰ 333 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟਰੇਲੀਆ ਨੇ ਲਗਭਗ 13 ਸਾਲ ‘ਚ ਭਾਰਤ ‘ਚ ਪਹਿਲੀ ਟੈਸਟ ਜਿੱਤ ਦਰਜ ਕੀਤੀ ਹੈ। ਸਟਾਰਕ ਨੇ ਕੋਹਲੀ ਨੂੰ ਪਹਿਲੀ ਪਾਰੀ ‘ਚ ਪਵੇਲੀਅਨ ਭੇਜਿਆ ਸੀ।
ਸਟਾਰਕ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਵਿਰਾਟ ਇੱਕ ਵਿਸ਼ਵ ਪੱਧਰ ਦਾ ਖਿਡਾਰੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਾਲ ਪਹਿਲਾ ਹੀ ਬਹੁਤ ਦੌੜਾਂ ਬਣਾ ਚੁੱਕਿਆ ਹੈ। ਇਸ ਲਈ ਸਾਨੂੰ ਵਿਰਾਟ ਦੀ ਵਾਪਸੀ ਨੂੰ ਲੈ ਕੇ ਚਿੰਤਾ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਹੈ ਕਿ ਬਾਕੀ ਲੜੀ ‘ਚ ਵੀ ਉਸ ਦਾ ਵਿਕੇਟ ਅਹਿਮ ਰਹੇਗਾ। ਇਸ ਲੜੀ ਨੂੰ ਜਿੱਤਣ ਲਈ ਸਾਨੂੰ ਉਸ ਨੂੰ 6 ਵਾਰੀ ਹੋਰ ਆਊਟ ਕਰਨਾ ਪਵੇਗਾ। ਕੋਹਲੀ ਨੂੰ ਆਊਟ ਕਰਨ ਤੋਂ ਪਹਿਲਾ ਸਟਾਰਕ ਨੇ ਚੇਤੇਸ਼ਵਰ ਪੁਜਾਰਾ ਨੂੰ ਵੀ ਪਵੇਲੀਅਨ ਭੇਜਿਆ ਪਰ ਉਨ੍ਹਾਂ ਨੇ ਕਿਹਾ ਕਿ ਭਾਰਤੀ ਕਪਤਾਨ ਦਾ ਵਿਕੇਟ ਉਨ੍ਹਾਂ ਲਈ ਸਭ ਤੋਂ ਅਹਿਮ ਸੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਮਜ਼ਬੂਤ ਵਾਪਸੀ ਕਰੇਗਾ ਪਰ ਫ਼ਿਲਹਾਲ ਮੈਂ ਉਸ ਦੇ ਵਿਕੇਟ ਨੂੰ ਪੁਜਾਰਾ ‘ਤੇ ਤਰਜੀਹ ਦੇਵਾਂਗਾ।











