ਆਲੀਆ ਭੱਟ ਖ਼ਿਲਾਫ਼ ਕੇਸ ਦਰਜ

ਮੁੰਬਈ – ਬੌਲੀਵੁਡ ਅਦਾਕਾਰਾ ਆਲੀਆ ਭੱਟ ਹਾਲ ਹੀ ‘ਚ ਦਿੱਲੀ ਆਈ ਸੀ। ਉਹ ਇੱਥੇ ਰਣਬੀਰ ਕਪੂਰ ਅਤੇ ਨਿਰਦੇਸ਼ਕ ਅਯਾਨ ਮੁਖਰਜੀ ਨਾਲ ਆਪਣੀ ਆਉਣ ਵਾਲੀ ਫ਼ਿਲਮ ਬ੍ਰਹਮਾਸਤਰ ਦੀ ਪ੍ਰਮੋਸ਼ਨ ਲਈ ਆਈ ਹੋਈ ਸੀ। ਉਹ ਇੱਕ ਚਾਰਟਰਡ ਜਹਾਜ਼ ਰਾਹੀਂ ਦਿੱਲੀ ਪਹੁੰਚੀ ਸੀ। ਉਸ ਸਮੇਂ ਆਲੀਆ ‘ਤੇ ਕੋਵਿਡ-19 ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲੱਗਾ ਸੀ। ਆਲੀਆ ਨੇ ਫ਼ਿਲਮਕਾਰ ਕਰਨ ਜੌਹਰ ਦੀ ਪਾਰਟੀ ‘ਚ ਸ਼ਿਰਕਤ ਕੀਤੀ ਸੀ। ਇਸ ਪਾਰਟੀ ‘ਚ ਸ਼ਾਮਿਲ ਹੋਏ ਚਾਰ ਮਹਿਮਾਨ – ਮਹੀਪ ਕਪੂਰ, ਸੀਮਾ ਖ਼ਾਨ, ਕਰੀਨਾ ਕਪੂਰ ਖ਼ਾਨ ਅਤੇ ਅੰਮ੍ਰਿਤਾ ਅਰੋੜਾ – ਕੋਰੋਨਾ ਪੌਜ਼ੇਟਿਵ ਪਾਏ ਗਏ ਸਨ। ਉਸ ਤੋਂ ਬਾਅਦ BMC ਨੇ ਆਲੀਆ ਨੂੰ ਕੁਐਰਨਟੀਨ ‘ਚ ਰਹਿਣ ਦੇ ਨਿਰਦੇਸ਼ ਦਿੱਤੇ ਸਨ।
ਆਲੀਆ ਨੇ ਤੋੜੇ ਕੋਵਿਡ ਨਿਯਮ
ਆਲੀਆ ਭੱਟ ਨੇ ਕੋਵਿਡ ਨਿਯਮਾਂ ਨੂੰ ਤੋੜਿਆ ਅਤੇ ਦਿੱਲੀ ਆ ਗਈ। ਦਿੱਲੀ ਆਉਣ ਤੋਂ ਬਾਅਦ ਉਹ ਸਭ ਤੋਂ ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ ਪੁੱਜੀ। ਉਸ ਤੋਂ ਬਾਅਦ ਉਹ ਬ੍ਰਹਮਾਸਤਰ ਦੇ ਪੋਸਟਰ ਲੌਂਚ ਈਵੈਂਟ ‘ਚ ਪਹੁੰਚੀ। ਹੁਣ BMC ਮਹਾਂਮਾਰੀ ਐਕਟ ਤਹਿਤ ਇਸ ਵਿਵਹਾਰ ਲਈ ਆਲੀਆ ਭੱਟ ਖ਼ਿਲਾਫ਼ ਇੱਕ FIR ਦਰਜ ਕਰਨ ਦੀ ਤਿਆਰੀ ਕਰ ਰਹੀ ਹੈ।
ਆਲੀਆ ਲਈ 14 ਦਿਨ ਹੋਮ ਕੁਐਰਨਟੀਨ
ਹਾਲਾਂਕਿ ਕਰੀਨਾ ਕਪੂਰ ਖ਼ਾਨ, ਮਹੀਪ ਕਪੂਰ, ਸੀਮਾ ਖ਼ਾਨ ਅਤੇ ਅੰਮ੍ਰਿਤਾ ਅਰੋੜਾ ਦੀਆਂ ਰਿਪੋਰਟਾਂ ਪੌਜ਼ੇਟਿਵ ਆਉਣ ਤੋਂ ਬਾਅਦ ਆਲੀਆ ਭੱਟ ਨੇ ਵੀ ਆਪਣਾ ਕੋਰੋਨਾ ਟੈੱਸਟ ਕਰਵਾਇਆ ਸੀ ਜਿਸ ਦੀ ਰਿਪੋਰਟ ਨੈਗੇਟਿਵ ਆਈ ਸੀ, ਪਰ BMC ਨੇ ਉਸ ਨੂੰ 14 ਦਿਨ ਘਰ ਰਹਿਣ ਦਾ ਹੁਕਮ ਦਿੱਤਾ ਸੀ, ਪਰ ਇਸ ਦੇ ਬਾਵਜੂਦ ਉਹ ਬ੍ਰਹਮਾਸਤਰ ਦਾ ਮੋਸ਼ਨ ਪੋਸਟਰ ਲੌਂਚ ਕਰਨ ਲਈ ਇੱਕ ਚਾਰਟਰਡ ਜਹਾਜ਼ ‘ਚ ਦਿੱਲੀ ਪਹੁੰਚ ਗਈ।
FIR ਦਰਜ ਕਰਨ ਦੇ ਹੁਕਮ
BMC ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੋਰੋਨਾ ਨਿਯਮਾਂ ਦੀ ਉਲੰਘਣਾ ਦੀ ਪੁਸ਼ਟੀ ਹੋਣ ਤੋਂ ਬਾਅਦ ਹੀ ਆਲੀਆ ਖ਼ਿਲਾਫ਼ FIR ਦਰਜ ਕੀਤੀ ਜਾਵੇਗੀ। ਖ਼ਬਰ ਮੁਤਾਬਿਕ, BMC ਦੀ ਪਬਲਿਕ ਹੈੱਲਥ ਕਮੇਟੀ ਦੇ ਪ੍ਰਧਾਨ ਰਾਜੁਲ ਪਟੇਲ ਨੇ ਕਿਹਾ, ”ਮੈਂ ਸਿਹਤ ਵਿਭਾਗ ਨੂੰ ਆਲੀਆ ਭੱਟ ਖ਼ਿਲਾਫ਼ ਹੋਮ ਆਈਸੋਲੇਸ਼ਨ ਨਿਯਮ ਦੀ ਉਲੰਘਣਾ ਕਰਨ ਲਈ FIR ਦਰਜ ਕਰਨ ਦਾ ਨਿਰਦੇਸ਼ ਦਿੱਤਾ ਹੈ। ਉਹ ਇੱਕ ਰੋਲ ਮਾਡਲ ਹੈ, ਇਸ ਲਈ ਉਸ ਨੂੰ ਜ਼ਿੰਮੇਵਾਰੀ ਨਾਲ ਵਿਹਾਰ ਕਰਨਾ ਚਾਹੀਦਾ ਸੀ। ਨਿਯਮ ਸਾਰਿਆਂ ਲਈ ਇੱਕੋ ਜਿਹੇ ਹਨ।”