ਹੁਸ਼ਿਆਰਪੁਰ -ਆਮ ਆਦਮੀ ਪਾਰਟੀ ਦਾ ਜਨਮ ਭਿ੍ਰਸ਼ਟਾਚਾਰ ਨੂੰ ਖਤਮ ਕਰਕੇ ਇਕ ਸਾਫ਼-ਸੁਥਰਾ ਰਾਜ ਪ੍ਰਬੰਧ ਲੋਕਾਂ ਨੂੰ ਦੇਣ ਲਈ ਹੋਇਆ ਹੈ ਤੇ ਇਹ ਕੰਮ ਅਸੀਂ ਪੰਜਾਬ ਵਿਚ ‘ਆਪ’ ਦੀ ਸਰਕਾਰ ਬਣਨ ਉਪਰੰਤ ਕਰਨ ਜਾ ਰਹੇ ਹਾਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਰਵਜੋਤ ਮੀਡੀਆ ਇੰਚਾਰਜ ਨੇ ਪਿੰਡ ਚੱਕ ਲਾਦੀਆਂ ਵਿਖੇ ਇਕ ਸਮਾਗਮ ਦੌਰਾਨ ਕਰਦਿਆਂ ਕਿਹਾ ਕਿ ਉਹ ਇਲਾਕੇ ਵਿਚ ਪਹਿਲਾਂ ਦੀ ਤਰ੍ਹਾਂ ਸਰਗਰਮ ਰਹਿਣਗੇ ਅਤੇ ਲੋਕਾਂ ਦੇ ਹਰ ਸੁੱਖ-ਦੁੱਖ ਵਿਚ ਸਾਥ ਦੇਣਗੇ। ਉਨ੍ਹਾਂ ਕਿਹਾ ਕਿ ਅਜ਼ਾਦੀ ਤੋਂ ਬਾਅਦ ਜਿਹੜੀਆਂ ਸਰਕਾਰਾਂ ਨੇ ਦੇਸ਼ ਅੰਦਰ ਲੰਬਾ ਸਮਾਂ ਰਾਜ ਕੀਤਾ, ਉਹ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਵੀ ਨਹੀਂ ਦੇ ਸਕੀਆਂ ਤੇ ਇਨ੍ਹਾਂ ਦੇ ਲੀਡਰ ਭਿ੍ਰਸ਼ਟਾਚਾਰ ’ਚ ਲਿਪਤ ਰਹੇ ਤੇ ਕਈ ਅਦਾਲਤਾਂ ’ਚ ਤਾਰੀਖਾਂ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਦੇਸ਼ ਨੂੰ ਲੁੱਟ ਕੇ ਖਾਧਾ ਤੇ ਲੋਕਾਂ ਨੂੰ ਸੇਵਾ ਦੇ ਨਾਂ ’ਤੇ ਗੁੰਮਰਾਹ ਕਰਕੇ ਸੱਤਾ ਹਾਸਲ ਕਰਦੇ ਰਹੇ। ਇਸ ਮੌਕੇ ਡਾ. ਰਵਜੋਤ ਨੂੰ ਸਨਮਾਨਿਤ ਵੀ ਕੀਤਾ ਗਿਆ।















