ਆਪ ਯੂਥ ਵਿੰਗ 6 ਨੂੰ ਕਰੇਗਾ ਮੁੱਖ ਮੰਤਰੀ ਨਿਵਾਸ ਸਥਾਨ ਦਾ ਘਿਰਾਓ

4ਜਲੰਧਰ :ਆਮ ਆਦਮੀ ਪਾਰਟੀ ਯੂਥ ਵਿੰਗ 6 ਦਿਸੰਬਰ ਨੂੰ ਚੰਡੀਗੜ ਵਿਖੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਦਾ ਘੇਰਾਵ ਕਰਕੇ ਮੰਤਰੀ ਤੋਤਾ ਸਿੰਘ ਦੇ ਅਸਤੀਫੇ ਦੀ ਮੰਗ ਕਰੇਗਾ। ਇਸ ਸੰਬੰਧ ਵਿੱਚ ਪੰਜਾਬ ਪ੍ਰੈਸ ਕਲੱਬ ਵਿੱਚ ਆਯੋਜਿਤ ਮੀਟਿੰਗ ਵਿਚ ਜਾਨਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਯੂਥ ਪੰਜਾਬ ਪ੍ਰਧਾਨ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਪੂਰੀ ਤਰਾਂ ਭ੍ਰਿਸ਼ਟਾਚਾਰ ਨਾਲ ਭਰੀ ਹੋਈ ਹੈ। ਪਿਛਲੇ ਦਿਨੀ ਹਾਈਕੋਰਟ ਨੇ ਵੀ ਮੰਤਰੀ ਤੋਤਾ ਸਿੰਘ ਨੂੰ ਲੈ ਕੇ ਪੰਜਾਬ ਸਰਕਾਰ ਦੀ ਝਾੜ ਲਾਈ ਸੀ। ਜਿਸ ਤੋਂ ਬਾਅਦ ਅਜੇ ਤੱਕ ਸਰਕਾਰ ਨੇ ਕੋਈ ਕਦਮ ਨਹੀਂ ਚੁੱਕਿਆ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਕਾਰਣ ਹੀ ਮਾਲਵਾ ਦੇ ਕਈ ਕਿਸਾਨ ਆਪਣੀ ਜਾਨ ਗੁਆ ਚੁੱਕੇ ਹਨ। ਨਕਦੀ ਖਾਦ ਤੇ ਘਟਿਆ ਬੀਜ ਦੇ ਕਾਰਨ ਕਿਸਾਨ ਖੁਦਕੁਸ਼ੀ ਕਰਕੇ ਆਪਣਾ ਜੀਵਨ ਸਮਾਪਤ ਕਰ ਚੁੱਕੇ ਹਨ। ਜਿਸਦੀ ਸਾਰੀ ਜਿੰਮੇਵਾਰੀ ਤੋਤਾ ਸਿੰਘ ਤੇ ਅਕਾਲੀ-ਭਾਜਪਾ ਸਰਕਾਰ ਦੀ ਹੈ। ਉਨ੍ਹਾਂ ਕਿਹਾ ਕਿ ਯੂਥ ਵੱਡੀ ਗਿਣਤੀ ਵਿੱਚ 6 ਦਿਸੰਬਰ ਨੂੰ ਮੁੱਖ ਮੰਤਰੀ ਦਾ ਘਿਰਾਓ ਕਰਨਗੇ ਤੇ ਮੰਤਰੀ ਤੋਤਾ ਸਿੰਘ ਦੀ ਗ੍ਰਿਫਤਾਰੀ ਤੇ ਹਟਾਉਣ ਬਾਰੇ ਅਸਤੀਫਾ ਦੇਣਗੇ। ਇਸ ਮੌਕੇ ਤੇ ਉਨ੍ਹਾਂ ਨਾਲ ਵੱਡੀ ਗਿਣਤੀ ਵਿੱਚ ਯੂਥ ਆਗੂ ਮੌਜੂਦ ਸਨ।